ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 22 ਮਈ
ਨਸ਼ੇ ਦੀ ਵਧੇਰੇ ਡੋਜ਼ ਲੈਣ ਕਾਰਨ ਇਥੋਂ ਦੇ ਟੇਲਰ ਮਾਸਟਰ ਦੀ ਅੱਜ ਮੌਤ ਹੋ ਗਈ। ਉਸ ਦੀ ਪਛਾਣ ਸਰਵਣ ਬਿਲਡਿੰਗ ਵਿਚ ਰਹਿਣ ਵਾਲੇ 30 ਸਾਲਾ ਮੁਹੰਮਦ ਇਲਿਆਸ ਪੁੱਤਰ ਮੁਹੰਮਦ ਤਈਅਬ ਵਜੋਂ ਹੋਈ। ਉਸ ਦੀ ਅੱਜ ਸ਼ਾਮ ਤਬੀਅਤ ਵਿਗੜ ਗਈ ਤੇ ਬਾਅਦ ਵਿਚ ਮੌਤ ਹੋ ਗਈ। ਉਹ ਆਪਣੀ ਪਤਨੀ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਤੇ ਨਸ਼ੇ ਦੀਆਂ ਗੋਲੀਆਂ, ਟੀਕੇ ਅਤੇ ਹੈਰੋਇਨ ਲੈਣ ਦਾ ਆਦੀ ਸੀ। ਲੋਕਾਂ ਨੇ ਦੱਸਿਆ ਕਿ ਨਸ਼ੇ ਦੀ ਹਾਲਤ ਕਾਰਨ ਉਸ ਦੀ ਤਬੀਅਤ ਖਰਾਬ ਹੋ ਗਈ ਜਿਸ ਕਾਰਨ ਉਹ ਖੁਦ ਹੀ ਨਿੱਜੀ ਹਸਪਤਾਲ ਪੁੱਜ ਗਿਆ ਪਰ ਇਥੋਂ ਦੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਕਾਰਨ ਲੁਧਿਆਣਾ ਲਿਜਾਣ ਦੀ ਸਲਾਹ ਦਿੱਤੀ ਪਰ ਉਸ ਦੀ ਇਥੇ ਹੀ ਮੌਤ ਹੋ ਗਈ।