ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਜਨਵਰੀ
ਆਬਕਾਰੀ ਵਿਭਾਗ ਅਤੇ ਪੁਲੀਸ ਟੀਮ ਦੀ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਗਰੁੱਪ-18 ਪਟਿਆਲਾ ਸ਼ਹਿਰ ਦੀ ਰਿਟੇਲ ਲਾਇਸੈਂਸ ਧਾਰਕ ਮੰਜੂ ਸਿੰਗਲਾ ਦੇ ਟਿਕਾਣੇ ’ਤੇ ਛਾਪੇ ਮਾਰ ਕੇ ਕਥਿਤ ਰੂਪ ਵਿਚ ਅਣਅਧਿਕਾਰਤ ਤੌਰ ’ਤੇ ਛੁਪਾ ਕੇ ਰੱਖੀ ਵੱਖ ਵੱਖ ਸ਼ਰਾਬ ਦੀਆਂ 2718 ਪੇਟੀਆਂ ਬਰਾਮਦ ਕੀਤੀਆਂ ਹਨ। ਚੋਣ ਅਮਲ ਆਰੰਭ ਹੋਣ ਮਗਰੋਂ ਸ਼ਰਾਬ ਬਰਾਮਦਗੀ ਦੀ ਇਹ ਪੰਜਾਬ ਭਰ ’ਚ ਵਿਚਲੀ ਪਹਿਲੀ ਵੱਡੀ ਕਾਰਵਾਈ ਹੈ।
ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਨੇ ਦੱਸਿਆ ਕਿ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਅਮਲ ਵਿੱਚ ਲਿਆਂਦੀ ਗਈ ਹੈ ਜਿਸ ਦੌਰਾਨ ਬਰਾਮਦ ਕੀਤੀਆਂ ਗਈਆਂ ਅਣਅਧਿਕਾਰਤ ਤੌਰ ’ਤੇ ਛੁਪਾ ਕੇ ਰੱਖੀਆਂ ਸ਼ਰਾਬ ਦੀਆਂ 2718 ਪੇਟੀਆਂ ਵਿੱਚੋਂ, ਹੋਲੋਗ੍ਰਾਮ ਰਹਿਤ ਬਾਇਓ ਬ੍ਰਾਂਡ ਦੀਆਂ 428 ਬੋਤਲਾਂ, ਬੀਅਰ ਦੀਆਂ 1009 ਪੇਟੀਆਂ ਅਤੇ ਪੀਐੱਮਐੱਲ ਦੀਆਂ 493 ਪੇਟੀਆਂ ਅਤੇ ਆਈਐੱਮਐੱਫਐਲ ਦੀਆਂ 1180 ਪੇਟੀਆਂ ਸ਼ਾਮਲ ਹਨ। ਪਟਿਆਲਾ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਲਾਹੌਰੀ ਗੇਟ ਪਟਿਆਲਾ ’ਚ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਤਿੰਨ ਵਿਅਕਤੀਆਂ ’ਚ ਲਲਿਤ ਸਿੰਗਲਾ, ਕੇਸ਼ਵ ਸਿੰਗਲਾ ਵਾਸੀ ਸਰਾਏ ਅਲਬੇਲ ਸਿੰਘ ਲਾਹੌਰੀ ਗੇਟ, ਪਟਿਆਲਾ (ਜੋ ਲਾਇਸੈਂਸਧਾਰਕ ਦੇ ਪਰਿਵਾਰਕ ਮੈਂਬਰ ਹਨ) ਅਤੇ ਉਨ੍ਹਾਂ ਦੇ ਹਿੱਸੇਦਾਰ ਉਮੇਸ਼ ਸਰਮਾ ਦੇ ਨਾਮ ਸ਼ਾਮਲ ਹਨ। ਆਬਕਾਰੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਭਰ ਵਿੱਚ ਸ਼ਰਾਬ ਦੇ ਗੈਰ-ਕਾਨੂੰਨੀ ਉਤਪਾਦਨ, ਡਿਸਟੀਲੇਸ਼ਨ, ਤਸਕਰੀ ਅਤੇ ਸਟੋਰੇਜ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਦੇ ਬਾਬਤ ਵਿਭਾਗ ਦੇ ਸ਼ਿਕਾਇਤ ਸੈੱਲ ਨੰਬਰ 98759-61126 ’ਤੇ ਸੂਚਨਾ ਦੇਣ।