ਆਤਿਸ਼ ਗੁਪਤਾ
ਚੰਡੀਗੜ੍ਹ, 7 ਨਵੰਬਰ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਹੇਜ ਜਾਗ ਗਿਆ ਹੈ, ਜਿਨ੍ਹਾਂ ਅੱਜ ਪੰਥ ਅਤੇ ਪੰਜਾਬ ਦੇ ਹਿੱਤਾਂ ਲਈ ਅਕਾਲੀ ਦਲ ਦੀ ਹੋਂਦ ਜ਼ਰੂਰੀ ਹੈ। ਸੁਨੀਲ ਜਾਖੜ ਨੇ ਐਕਸ ’ਤੇ ਕਿਹਾ ਕਿ ਪੰਥ ਦੀ ਨੁਮਾਇੰਦਗੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਦੇ ਹਾਲਾਤਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੋਚਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖਾਹੀਆ ਕਰਾਰ ਦਿੱਤੇ ਹੋਣ ਕਾਰਨ ਪਾਰਟੀ ਆਪਣੇ ਗੜ੍ਹ ’ਚ ਵੀ ਜ਼ਿਮਨੀ ਚੋਣਾਂ ਲੜਨ ਦੀ ਹਿੰਮਤ ਨਹੀਂ ਕਰ ਸਕੀ। ਜਾਖੜ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੱਡੇ ਗੁਨਾਹ ਹੋਏ ਹਨ। ਇਨ੍ਹਾਂ ਗੁਨਾਹਾਂ ਲਈ ਗੁਨਾਹਗਾਰਾਂ ਨੂੰ ਅਹਿਸਾਸ ਦਿਵਾਉਣ ਲਈ ਸਜ਼ਾ (ਤਨਖਾਹ ਲੱਗਣੀ) ਮਿਲਣੀ ਵੀ ਜ਼ਰੂਰੀ ਹੈ ਪਰ ਤਨਖਾਹ ਕੀ ਅਤੇ ਕਿੰਨੀ ਸਖ਼ਤ ਹੋਵੇ ਇਸ ਦਾ ਫੈਸਲਾ ਕਰਨ ਸਮੇਂ ਇਹ ਤੱਥ ਵੀ ਵਿਚਾਰਿਆ ਜਾਣਾ ਚਾਹੀਦਾ ਹੈ ਕਿ ਇਸ ਦਾ ਅਸਰ ਸਿਰਫ਼ ਕੁਝ ਵਿਅਕਤੀਆਂ ’ਤੇ ਨਹੀਂ ਸਗੋਂ ਪੰਥ ਦੀ ਨੁਮਾਇੰਦਗੀ ਕਰਦੀ ਸਿਆਸੀ ਪਾਰਟੀ ਦਾ ਭਵਿੱਖ ਵੀ ਨਿਰਧਾਰਤ ਕਰੇਗਾ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਿ ਗੁਨਾਹਗਾਰਾ ਨੂੰ ਸਜ਼ਾ ਲਗਾਉਂਦੇ ਹੋਏ ਪੰਥਕ ਪਾਰਟੀ ਨੂੰ ਬਚਾ ਕੇ ਰੱਖਣ ਦਾ ਵੀ ਧਿਆਨ ਰੱਖਿਆ ਜਾਵੇ। ਸੁਨੀਲ ਜਾਖੜ ਨੇ ਅਰਵਿੰਦ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਉਹ ਭਲਕੇ ਸਰਪੰਚਾਂ ਨੂੰ ਸੇਧ ਦੇਣ ਦੀ ਬਜਾਏ ਆਪਣੀ ਸਰਕਾਰ ਨੂੰ ਸੇਧ ਦੇਣ, ਜਿਸ ਦੇ ਅਨਾੜੀਪਨ ਕਾਰਨ ਅੱਜ ਕਿਸਾਨ ਫਸਲ ਨਾ ਵਿਕਣ ਕਾਰਨ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਿਹਾ ਹੈ।