ਪੱਤਰ ਪ੍ਰੇਰਕ
ਮਾਨਸਾ, 6 ਜੁਲਾਈ
ਲਗਾਤਾਰ ਦੋ ਦਿਨਾਂ ਤੋਂ ਤਕਨੀਕੀ ਮਾਹਿਰਾਂ ਵੱਲੋਂ ਜੁਟੇ ਹੋਣ ਦੇ ਬਾਵਜੂਦ ਪਿੰਡ ਬਣਾਂਵਾਲਾ ਵਿਚਲੇ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦੇ ਖ਼ਰਾਬ ਹੋਏ ਯੂਨਿਟ-1 ਵੱਲੋਂ ਉੱਤਰੀ ਗਰਿੱਡ ਨੂੰ ਬਿਜਲੀ ਸਪਲਾਈ ਆਰੰਭ ਨਹੀਂ ਹੋ ਸਕੀ। ਉਂਝ ਮਾਹਿਰਾਂ ਦਾ ਕਹਿਣਾ ਹੈ ਕਿ ਭਲਕੇ ਸਵੇਰ ਤੱਕ ਇਸ ਯੂਨਿਟ ਤੋਂ ਬਿਜਲੀ ਦੀ ਸਪਲਾਈ ਸ਼ੁਰੂ ਹੋਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਬਣਾਂਵਾਲਾ ਤਾਪ ਘਰ ਦੇ ਯੂਨਿਟ ਨੰਬਰ-1 ਵਿੱਚ ਚਾਰ ਦਿਨ ਪਹਿਲਾਂ ਅੱਧੀ ਰਾਤ ਨੂੰ ਕੋਈ ਨੁਕਸ ਪੈ ਗਿਆ ਸੀ, ਜਿਸ ਕਾਰਨ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ। ਇਸ ਤਾਪ ਘਰ ਦਾ ਇੱਕ ਯੂਨਿਟ ਪਹਿਲਾਂ ਹੀ ਮਾਰਚ ਮਹੀਨੇ ਤੋਂ ਬੰਦ ਹੈ। ਜਾਣਕਾਰੀ ਅਨੁਸਾਰ ਅੱਜ ਤਾਪ ਘਰ ਦੇ ਯੂਨਿਟ-1 ਨੂੰ ਠੀਕ ਕਰਨ ਲਈ ਸਾਰਾ ਦਿਨ ਮਾਹਿਰ ਲੱਗੇ ਰਹੇ ਅਤੇ ਕੱਲ੍ਹ ਸਵੇਰ ਤੱਕ ਇਸ ਵੱਲੋਂ ਬਿਜਲੀ ਸਪਲਾਈ ਆਰੰਭ ਹੋ ਜਾਵੇਗੀ।