ਮਹਿੰਦਰ ਸਿੰਘ ਰੱਤੀਆਂ
ਮੋਗਾ, 18 ਸਤੰਬਰ
ਇਥੇ ਸੀਆਈਏ ਸਟਾਫ਼ ਪੁਲੀਸ ਨੇ ਮੋਗਾ ਦੇ ਕਾਂਗਰਸ ਆਗੂ ਦੀ ਹੱਤਿਆ ਦੇ ਦੋਸ਼ ਹੇਠ ਗ੍ਰਿਫ਼ਤਾਰ ਮੁਲਜ਼ਮ ਦੇ ਫ਼ਰੀਦਕੋਟ ਜੇਲ੍ਹ ’ਚੋਂ ਮੱਧ ਪ੍ਰਦੇਸ਼ ਤੋਂ ਸੂਬੇ ’ਚ ਕਥਿਤ ਗੈਰ-ਕਾਨੂੰਨੀ ਹਥਿਆਰ ਸੰਗਠਿਤ ਗੈਂਗ ਚਲਾਉਣ ਦਾ ਪਰਦਾਫਾਸ਼ ਕੀਤਾ ਹੈ। ਹਾਲਾਂਕਿ ਜੇਲ੍ਹ ਅਧਿਕਾਰੀਆਂ ਦਾ ਦਾਅਵਾ ਹੈ ਕਿ ਜੇਲ੍ਹ ਅੰਦਰ ਜੈਮਰ ਹੋਣ ਕਾਰਨ ਇੱਥੇ ਕੋਈ ਸੰਪਰਕ ਸੰਭਵ ਨਹੀਂ ਹੈ।
ਐੱਸਐੱਸਪੀ ਡਾ. ਅੰਕੁਰ ਗੁਪਤਾ ਨੇ ਪ੍ਰੈੱਸ ਕਾਨਫਰੰਸ ਵਿੱਚ ਮੱਧ ਪ੍ਰਦੇਸ਼ ਤੋਂ ਪੰਜਾਬ ’ਚ ਗੈਰ-ਕਾਨੂੰਨੀ ਹਥਿਆਰਬੰਦ ਗੈਂਗ ਚਲਾਉਣ ਦਾ ਖੁਲਾਸਾ ਕਰਦਿਆਂ ਕਿਹਾ ਕਿ ਸੁਖਚੈਨ ਸਿੰਘ ਉਰਫ਼ ਸੁੱਖਾ ਪਿੰਡ ਜੰਡ ਵਾਲਾ (ਬਠਿੰਡਾ) ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ ਸਪਲਾਈ ਕਰਨ ਦਾ ਮਾਸਟਰਮਾਈਂਡ ਹੈ। ਉਹ ਜ਼ਿਲ੍ਹੇ ਦੇ ਥਾਣਾ ਮਹਿਣਾ ਵਿੱਚ 19 ਸਤੰਬਰ, 2023 ਨੂੰ ਦਰਜ ਹੱਤਿਆ ਦੇ ਕੇਸ ਸਬੰਧੀ ਗ੍ਰਿਫ਼ਤਾਰੀ ਮਗਰੋਂ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ। ਇਸ ਮੌਕੇ ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਵੀ ਮੌਜੂਦ ਸਨ। ਗੈਂਗ ਦੇ ਬਾਕੀ ਮੈਂਬਰਾਂ ਅਮਿਤ ਥਾਪਾ ਵਾਸੀ ਮੰਡੀ ਗੋਬਿੰਦਗੜ੍ਹ, ਅਭੀਸ਼ੇਕ ਵਾਸੀ ਡੱਡੂ ਮਾਜਰਾ ਚੰਡੀਗੜ੍ਹ, ਰਾਕੇਸ਼ ਕੁਮਾਰ ਵਾਸੀ ਜੋਧਪੁਰ ਰਾਜਸਥਾਨ, ਕਿਰਨਦੀਪ ਸਿੰਘ ਪਿੰਡ ਹਰੀਏਵਾਲਾ ਜ਼ਿਲ੍ਹਾ ਮਾਨਸਾ, ਗੁਰਲਾਲ ਸਿਘ ਪਿੰਡ ਭਲਾਈਕੇ ਜ਼ਿਲ੍ਹਾ ਮਾਨਸਾ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਗੈਂਗ ਨੂੰ ਮੱਧ ਪ੍ਰਦੇਸ਼ ਤੋਂ ਲਿਆਂਦੇ 32 ਬੋਰ ਦੇ ਅੱਠ ਪਿਸਟਲ ਤੇ 16 ਗੋਲੀਆਂ ਸਣੇ ਕਾਬੂ ਕੀਤਾ ਗਿਆ ਹੈ ਅਤੇ ਫੋਰਡ ਐਂਡੇਵਰ ਵੀ ਬਰਾਮਦ ਕੀਤੀ ਗਈ ਹੈ। ਅਦਾਲਤ ਨੇ ਮੁਲਜ਼ਮਾਂ ਤੋਂ ਹੋਰ ਪੁੱਛ ਪੜਤਾਲ ਲਈ ਇੱਕ ਰੋਜ਼ਾ ਪੁਲੀਸ ਰਿਮਾਂਡ ਮਨਜ਼ੂਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਪੁੱਛ ਪੜਤਾਲ ਦੌਰਾਨ ਪਤਾ ਲੱਗਿਆ ਕਿ ਇਹ ਹਥਿਆਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਗੋਪੀ ਨਾਮ ਦਾ ਵਿਅਕਤੀ ਬਲੌਂਗੀ (ਮੁਹਾਲੀ) ਸਪਲਾਈ ਕਰਕੇ ਗਿਆ ਸੀ।