ਕਰਮਜੀਤ ਸਿੰਘ ਚਿੱਲਾ
ਬਨੂੜ, 31 ਜਨਵਰੀ
ਪੰਜਾਬ ਪੁਲੀਸ ਦੇ ਆਰਗੇਨਾਈਜ਼ਡ ਕਰਾਈਮ ਕੰਟਰੋਲ ਯੂਨਿਟ (ਓਕੂ) ਵੱਲੋਂ ਬਨੂੜ ਵਿਚ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਬਾਹਰਵਾਰ ਖੁੱਲ੍ਹੇ ਨਿਊ ਲਾਈਫ਼ ਸਟਾਈਲ ਰੈਸਟੋਰੈਂਟ ਕਮ ਮੈਰਿਜ ਪੈਲੇਸ ਵਿੱਚ ਚੱਲਦੇ ਜੂਏ ਅਤੇ ਦੇੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਟੀਮ ਨੇ ਮੌਕੇ ਤੋਂ 10 ਲੜਕੀਆਂ ਸਣੇ 70 ਵਿਅਕਤੀਆਂ, 8.42 ਲੱਖ ਦੀ ਨਕਦੀ, 47 ਵਾਹਨ, 100 ਮੋਬਾਈਲ, ਨਾਜਾਇਜ਼ ਸ਼ਰਾਬ ਦੀਆਂ 40 ਬੋਤਲਾਂ, ਹੁੱਕਾ, ਤਾਸ਼, ਲੈਪਟਾਪ ਕਾਬੂ ਕੀਤਾ। ਪੁਲੀਸ ਦੀ ਰਾਤ ਇੱਕ ਵਜੇ ਸ਼ੁਰੂ ਹੋਈ ਕਾਰਵਾਈ ਅੱਜ ਦੁਪਹਿਰ ਇੱਕ ਵਜੇ ਤੱਕ ਚੱਲਦੀ ਰਹੀ ਤੇ ਪੁਲੀਸ ਨੇ ਕਿਸੇ ਵੀ ਸਥਾਨਕ ਪੁਲੀਸ ਅਧਿਕਾਰੀ ਨੂੰ ਇਸ ਕਾਰਵਾਈ ਵਿੱਚ ਸ਼ਾਮਿਲ ਨਹੀਂ ਕੀਤਾ। ਪੈਲੇਸ ਵਿੱਚ ਆਉਣ ਵਾਲਿਆਂ ਦੀ ਮੈਂਬਰਸ਼ਿਪ ਪੱਚੀ ਹਜ਼ਾਰ ਦੱਸੀ ਜਾ ਰਹੀ ਹੈ।
ਓਕੂ ਦੇ ਐਸਪੀ ਜਸਕੀਰਤ ਸਿੰਘ ਦੀ ਅਗਵਾਈ ਹੇਠਲੀ 30 ਮੈਂਬਰੀ ਪੁਲੀਸ ਪਾਰਟੀ ਨੇ ਮੈਰਿਜ ਪੈਲੇਸ ’ਤੇ ਰਾਤ ਵੇਲੇ ਛਾਪਾ ਮਾਰਿਆ। ਅਧਿਕਾਰੀਆਂ ਅਨੁਸਾਰ ਕੁੱਝ ਲੜਕੇ ਤੇ ਲੜਕੀਆਂ ਇਤਰਾਜ਼ਯੋਗ ਹਾਲਤ ਵਿੱਚ ਮਿਲੇ ਤੇ ਉਨ੍ਹਾਂ ਨੂੰ ਮਹਿੰਗੀ ਸ਼ਰਾਬ ਵਰਤਾਈ ਜਾ ਰਹੀ ਸੀ ਤੇ ਜੂਆ ਖੇਡਿਆ ਜਾ ਰਿਹਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਥੋਂ ਗੈਂਗਸਟਰਾਂ ਨੂੰ ਫੰਡਿੰਗ ਹੁੰਦੀ ਸੀ। ਪੁਲੀਸ ਅਨੁਸਾਰ ਫੜੇ ਗਏ ਵਿਅਕਤੀ ਪਟਿਆਲਾ ਤੇ ਲੁਧਿਆਣਾ ਜ਼ਿਲ੍ਹੇ ਦੇ ਵਸਨੀਕ ਹਨ ਜੋ ਮਹਿੰਗੀਆਂ ਗੱਡੀਆਂ ਵਿੱਚ ਇੱਥੇ ਆਏ ਸਨ। ਪੁਲੀਸ ਨੇ ਪੈਲੇਸ ਦੇ ਮਾਲਕ ਪਰਮਜੀਤ ਸਿੰਘ ਪੰਮੀ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਹੈ। ਇਥੋਂ ਕਾਬੂ ਕੀਤੀਆਂ ਗਈਆਂ ਲੜਕੀਆਂ ਸ਼ਰਾਬ ਵਰਤਾਉਣ, ਡਾਂਸ ਕਰਨ ਅਤੇ ਦੇਹ ਵਪਾਰ ਲਈ ਵਰਤੀਆਂ ਜਾਂਦੀਆਂ ਸਨ। ਪੁਲੀਸ ਨੇ ਇਸ ਸਬੰਧੀ ਬਨੂੜ ਥਾਣੇ ਵਿਚ ਪਰਚਾ ਦਰਜ ਕਰ ਲਿਆ ਹੈ। ਖਬਰ ਲਿਖੇ ਜਾਣ ਤੱਕ ਮੁਲਜ਼ਮਾਂ ਦਾ ਬਨੂੜ ਦੇ ਸਿਵਲ ਹਸਪਤਾਲ ਵਿਚ ਡਾਕਟਰੀ ਮੁਆਇਨਾ ਕਰਾਇਆ ਜਾ ਰਿਹਾ ਸੀ ਜਿਸ ਮਗਰੋਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਸਥਾਨਕ ਪੁਲੀਸ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ
ਬਨੂੜ ਵਿਚ ਪੰਜਾਬ ਦੇ ਸਭ ਤੋਂ ਵੱਡੇ ਦੇਹ ਵਪਾਰ ਅਤੇ ਜੂਏ ਦੇ ਰੈਕੇਟ ਦਾ ਪਰਦਾਫਾਸ਼ ਹੋਣ ਨਾਲ ਬਨੂੜ ਪੁਲੀਸ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜ੍ਹੇ ਹੋ ਗਏ ਹਨ। ਕੌਮੀ ਮਾਰਗ ਨੇੜੇ ਚੱਲਦੇ ਇੰਨੇ ਵੱਡੇ ਰੈਕੇਟ ਕਾਰਨ ਬਨੂੜ ਪੁਲੀਸ ਕਟਹਿਰੇ ਵਿੱਚ ਖੜ੍ਹੀ ਹੋ ਗਈ ਹੈ। ਪੈਲੇਸ ਮਾਲਕ ਦੇ ਸਿਆਸੀ ਆਗੂਆਂ ਨਾਲ ਸਬੰਧਾਂ ਦੀ ਵੀ ਚਰਚਾ ਹੈ।