ਐੱਨਪੀ ਧਵਨ
ਪਠਾਨਕੋਟ, 1 ਨਵੰਬਰ
ਪਠਾਨਕੋਟ-ਜੋਗਿੰਦਰ ਨਗਰ ਰੇਲ ਮਾਰਗ ’ਤੇ ਅੱਜ ਤੋਂ ਐਕਸਪ੍ਰੈੱਸ ਰੇਲ ਗੱਡੀ ਬਹਾਲ ਹੋ ਗਈ ਹੈ। ਇਸ ਤੋਂ ਪਹਿਲਾਂ ਤਿੰਨ ਰੇਲ ਗੱਡੀਆਂ ਪਠਾਨਕੋਟ ਤੋਂ ਜਵਾਲਾਮੁਖੀ ਰੋਡ ਤੱਕ ਚੱਲ ਰਹੀਆਂ ਸਨ। ਇਨ੍ਹਾਂ ਨੂੰ ਅੱਜ ਤੋਂ ਜਵਾਲਾਮੁਖੀ ਤੋਂ ਅੱਗੇ ਬੈਜਨਾਥ ਤੱਕ ਚਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸ ਟਰੈਕ ’ਤੇ ਰੋਜ਼ਾਨਾ ਚੱਲਣ ਵਾਲੀਆਂ ਰੇਲ ਗੱਡੀਆਂ ਚਾਰ ਹੋ ਗਈਆਂ ਹਨ। ਪਠਾਨਕੋਟ ਤੋਂ ਸਵੇਰੇ 8 ਵਜੇ ਗੱਡੀ ਚੱਲੀ, ਜੋ 10 ਵਜੇ ਨਗਰੋਟਾ ਸੂਰੀਆਂ ਪੁੱਜੀ ਅਤੇ ਬੈਜਨਾਥ ਇਸ ਗੱਡੀ ਦਾ ਆਖਰੀ ਸਟੇਸ਼ਨ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤੋਂ ਸ਼ੁਰੂ ਹੋਈ ਐਕਸਪ੍ਰੈੱਸ ਰੇਲ ਗੱਡੀ ਪਠਾਨਕੋਟ ਤੋਂ ਚੱਲੇਗੀ ਅਤੇ ਜਸੂਰ, ਜਵਾਲੀ, ਨਗਰੋਟਾ ਸੂਰੀਆਂ, ਰਾਣੀਤਾਲ, ਕਾਂਗੜਾ, ਪਾਲਮਪੁਰ ਸਟੇਸ਼ਨਾਂ ਤੋਂ ਹੁੰਦੀ ਹੋਈ ਬੈਜਨਾਥ ਸਟੇਸ਼ਨ ’ਤੇ ਪੁੱਜੇਗੀ। ਇਹ ਰੇਲ ਗੱਡੀ ਛੋਟੇ ਸਟੇਸ਼ਨਾਂ ’ਤੇ ਨਹੀਂ ਰੁਕੇਗੀ। ਕਾਂਗੜਾ ਘਾਟੀ ਦੇ ਲੋਕਾਂ ਨੇ ਪਠਾਨਕੋਟ-ਜੋਗਿੰਦਰ ਨਗਰ ਰੇਲ ਮਾਰਗ ’ਤੇ ਸਾਰੀਆਂ ਰੇਲ ਗੱਡੀਆਂ ਬਹਾਲ ਕਰਨ ਦੀ ਮੰਗ ਕੀਤੀ ਹੈ। ਲੋਕਾਂ ਨੇ ਕਿਹਾ ਕਿ ਕੋਵਿਡ-19 ਤੋਂ ਪਹਿਲਾਂ ਇਸ ਰੂਟ ’ਤੇ ਚੱਲਦੀਆਂ ਸੱਤ ਰੇਲ ਗੱਡੀਆਂ ਬਹਾਲ ਹੋਣੀਆਂ ਚਾਹੀਦੀਆਂ ਹਨ।