ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਮਾਰਚ
ਦਿੱਲੀ-ਕੱਟੜਾ ਹਾਈਵੇਅ ਲਈ ਜ਼ਮੀਨਾਂ ਐਕੁਆਇਰ ਕਰਨ ਦੇ ਮੁੱਦੇ ਨੂੰ ਲੈ ਕੇ ਪਟਿਆਲਾ ਦੇ ਬਾਹਰਵਾਰ ਸੰਗਰੂਰ ਰੋਡ ’ਤੇ ਪਸਿਆਣਾ ਚੌਕ ਉੱਤੇ ਬੁੱਧਵਾਰ ਤੋਂ ਧਰਨਾ ਲਾਈ ਬੈਠੇ ਕਿਸਾਨਾਂ ਨੇ ਅੱਜ ਪੁਲੀਸ ਦੇ ਬੈਰੀਕੇਡ ਤੋੜਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਕੂਚ ਕਰ ਦਿੱਤਾ। ਉਨ੍ਹਾਂ ਦਾ ਬੁੱਧਵਾਰ ਨੂੰ ਵੀ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਪ੍ਰੋਗਰਾਮ ਸੀ। ਪੁਲੀਸ ਨੇ ਪਟਿਆਲਾ ਸ਼ਹਿਰ ਤੋਂ ਅੱਠ ਕਿਲੋਮੀਟਰ ਦੂਰ ਪਸਿਆਣਾ ਕੈਂਚੀਆਂ ’ਤੇ ਉਨ੍ਹਾਂ ਦੇ ਕਾਫ਼ਲੇ ਨੂੰ ਰੋਕ ਲਿਆ। ਕਿਸਾਨਾਂ ਨੇ ਪਸਿਆਣਾ ਚੌਂਕ ’ਤੇ ਹੀ ਦਿਨ -ਰਾਤ ਧਰਨਾ ਲਾ ਕੇ ਰੱਖਿਆ, ਜਿਸ ਕਾਰਨ ਚੰਡੀਗੜ੍ਹ-ਬਠਿੰਡਾ ਰੋਡ ਜਾਮ ਰਿਹਾ। ਕਿਸਾਨਾਂ ਨੇ ਅੱਜ ਪੁਲੀਸ ਵੱਲੋਂ ਲਾਈਆਂ ਰੋਕਾਂ ਤੋੜ ਦਿੱਤੀਆਂ ਅਤੇ ਆਪਣੇ ਟਰੈਕਟਰ-ਟਰਾਲੀਆਂ ਸਮੇਤ ਮੁੱਖ ਮੰਤਰੀ ਰਿਹਾਇਸ਼ ਦੀ ਵੱਲ ਰਵਾਨਾ ਹੋ ਗਏ।