ਸਰਬਜੀਤ ਸਿੰਘ ਭੰਗੂ
ਪਟਿਆਲਾ, 25 ਮਾਰਚ
‘ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ’ ਲਈ ਜਬਰੀ ਜ਼ਮੀਨਾਂ ਐਕੁਆਇਰ ਕਰਨ ਖ਼ਿਲਾਫ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਘੇਰਨ ਆ ਰਹੇ ਦਰਜਨ ਭਰ ਜ਼ਿਲ੍ਹਿਆਂ ਦੇ ਸੈਂਕੜੇ ਕਿਸਾਨਾਂ ਨੂੰ ਭਾਵੇਂ ਪੁਲੀਸ ਨੇ ਬੀਤੇ ਦਿਨ ਅੱਠ ਕਿਲੋਮੀਟਰ ਪਿੱਛੇ ਪਸਿਆਣਾ ਕੈਂਚੀਆਂ ’ਚ ਹੀ ਰੋਕ ਲਿਆ ਸੀ ਪਰ ਅੱਜ ਦੂਜੇ ਦਿਨ ਕਿਸਾਨ ਦੇਰ ਸ਼ਾਮ ਬੈਰੀਕੇਡ ਤੋੜ ਕੇ ਮੁੱਖ ਮੰਤਰੀ ਨਿਵਾਸ ਨੇੜੇ ਆ ਪੁੱਜੇ। ਪੁਲੀਸ ਨੇ ਮਿੱਟੀ ਦੇ ਭਰੇ ਟਿੱਪਰਾਂ ਅਤੇ ਬੱਸਾਂ ਆਦਿ ਦੀਆਂ ਰੋਕਾਂ ਲਾ ਕੇ ਕਿਸਾਨਾਂ ਦੇ ਕਾਫ਼ਲੇ ਨੂੰ ਰਿਹਾਇਸ਼ ਨੇੜੇ ਸਥਿਤ ਵਾਈਪੀਐੱਸ ਚੌਕ ’ਚ ਰੋਕ ਲਿਆ।
ਕਿਸਾਨਾਂ ਦੇ ਕਾਫ਼ਲੇ ਦੀ ਅਗਵਾਈ ਕਰਦਿਆਂ ‘ਰੋਡ ਕਿਸਾਨ ਸੰਘਰਸ਼ ਕਮੇਟੀ’ ਦੇ ਸੂਬਾਈ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਅਤੇ ਸੂਬਾਈ ਕੁਆਰਡੀਨੇਟਰ ਹਰਮਨਪ੍ਰੀਤ ਸਿਘ ਡਿੱਕੀ ਜੇਜੀ (ਪ੍ਰਧਾਨ ਜ਼ਿਲ੍ਹਾ ਸੰਗਰੂਰ) ਨੇ ਕਿਸਾਨਾਂ ਦੇ ਉਜਾੜੇ ਲਈ ਪੰਜਾਬ ਸਰਕਾਰ ਦੀ ਤੁਲਨਾ ਕੇਂਦਰ ਨਾਲ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਦਿੱਲੀ ਮੋਰਚੇ ’ਚ ਰੁੱਝੇ ਹੋਣ ਦਾ ਨਾਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ ਪਰ ਉਹ ਖੇਤੀ ਕਾਨੂੰਨਾਂ ਸਬੰਧੀ ਵਿਵਾਦ ਦੇ ਨਿਪਟਾਰੇ ਤੱਕ ਜ਼ਮੀਨਾਂ ਐਕੁਆਇਰ ਕਰਨ ਦੀ ਕਾਰਵਾਈ ਨੂੰ ਮੁਲਤਵੀ ਕਰਨ ਤੱਕ ਇਥੇ ਹੀ ਡਟੇ ਰਹਿਣਗੇ। ਜਬਰੀ ਅਤੇ ਨਿਗੂਣੇ ਭਾਅ ’ਤੇ ਜ਼ਮੀਨਾਂ ਐਕੁਆਇਰ ਕਰਨ ਨੂੰ ਹੱਕਾਂ ’ਤੇ ਡਾਕਾ ਕਰਾਰ ਦਿੰਦਿਆਂ ਆਗੂਆਂ ਨੇ ਐਵਾਰਡ ਪਾਸ ਕਰਨ ਦੀ ਸੂਰਤ ’ਚ ਮੁੱਖ ਮੰਤਰੀ ਨਿਵਾਸ ’ਤੇ ਕਬਜ਼ਾ ਕਰਨ ਦਾ ਐਲਾਨ ਵੀ ਕੀਤਾ।
ਡਿੱਕੀ ਜੇਜੀ ਨੇ 27 ਮਾਰਚ ਨੂੰ ਇਥੇ ਰੋਸ ਰੈਲੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਦਿਨ ‘ਭੂਮੀ ਬਚਾਓ ਅਭਿਆਨ’ ਦੇ ਕੌਮੀ ਪ੍ਰਧਾਨ ਚੌਧਰੀ ਰਮੇਸ਼ ਦਲਾਲ ਦੀ ਅਗਵਾਈ ਹੇਠ ਪੰਜ ਹੋਰ ਰਾਜਾਂ ਦੇ ਪ੍ਰਭਾਵਿਤ ਕਿਸਾਨ ਸ਼ਾਮਲ ਹੋਣਗੇ। ਇਸ ਰੈਲੀ ਨੂੰ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਵਾਜਪੁਰ ਸਮੇਤ ਅਨੇਕਾਂ ਹੋਰ ਕਿਸਾਨ ਆਗੂ ਵੀ ਸਮਰਥਨ ਦੇਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਤਾਂ ਬੀਤੇ ਦਿਨ ਤੋਂ ਸ਼ਹਿਰ ਤੋਂ ਬਾਹਰ ਸ਼ਾਂਤਮਈ ਧਰਨਾ ਲਾ ਕੇ ਬੈਠੇ ਹੋਏ ਸਨ ਪਰ ਜਦੋਂ ਉਨ੍ਹਾਂ ਨੂੰ ਅੱਜ-ਕੱਲ੍ਹ ਵਿੱਚ ਐਵਾਰਡ ਪਾਸ ਕਰਨ ਦੀ ਸੂਹ ਮਿਲੀ ਤਾਂ ਮਜਬੂਰਨ ਬੈਰੀਕੇਡ ਤੋੜ ਕੇ ਅੱਗੇ ਵਧਣਾ ਪਿਆ।
ਉਨ੍ਹਾਂ ਐਲਾਨ ਕੀਤਾ ਕਿ ਜੇਕਰ ਐਵਾਰਡ ਪਾਸ ਹੋਇਆ ਤਾਂ ਪੁਲੀਸ ਦੀਆਂ ਰੋਕਾਂ ਵੀ ਉਨ੍ਹਾਂ ਨੂੰ ਨਿਊ ਮੋਤੀ ਬਾਗ ਪੈਲੇਸ ’ਤੇ ਕਬਜ਼ਾ ਕਰਨ ਤੋਂ ਰੋਕ ਨਹੀਂ ਸਕਣਗੀਆਂ। ਅੱਜ ਦੇ ਧਰਨੇ ’ਚ ਜਗਜੀਤ ਗਲੋਲੀ, ਰਛਪਾਲ ਸਿੰਘ, ਲੰਬੜਦਾਰ ਗੁਰਭੇਜ ਦਤਾਲ, ਰਮਨਦੀਪ ਸੰਗਰੂਰ, ਅਮਨਦੀਪ ਘੱਗਾ, ਰਣਜੀਤ ਬਰਾਸ, ਕਰਮਜੀਤ ਢਿੱਲੋਂ, ਹਰਕ੍ਰਿਸ਼ਨ ਸਿੰਘ, ਰਛਪਾਲ ਸਿੰਘ, ਕ੍ਰਿਸ਼ਨ ਚੰਦ ਰਜਿੰਦਰਾ ਪੁਰੀ ਅਤੇ ਗੁਰਨੈਬ ਫੱਗੂਵਾਲਾ ਨੇ ਸ਼ਿਰਕਤ ਕੀਤੀ।