ਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 21 ਜੁਲਾਈ
ਦਿੱਲੀ-ਕੱਟੜਾ ਐਕਸਪ੍ਰੈੱਸਵੇਅ ਲਈ ਨਿਗੂਣੇ ਭਾਅ ’ਤੇ ਐਕੁਆਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਖ਼ਿਲਾਫ਼ ਬਲਾਕ ਅਹਿਮਦਗੜ੍ਹ ਦੇ ਕਿਸਾਨਾਂ ਨੇ ਬੀਤੇ ਤਿੰਨ ਦਿਨਾਂ ਤੋਂ ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਪੱਕਾ ਧਰਨਾ ਲਾਇਆ ਹੋਇਆ ਸੀ, ਜਿਸ ਨੂੰ ਅੱਜ ਜ਼ਿਲ੍ਹਾ ਮਾਲੇਰਕੋਟਲਾ ਦੇ ਐੱਸਐੱਸਪੀ ਦੇ ਭਰੋਸੇ ਮਗਰੋਂ ਸ਼ਾਮ ਪੰਜ ਵਜੇ ਸਮਾਪਤ ਕਰ ਦਿੱਤਾ ਗਿਆ।
ਜਾਣਕਾਰੀ ਦਿੰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ, ਸਰਬਜੀਤ ਸਿੰਘ, ਪ੍ਰਧਾਨ ਦਾਰਾ ਸਿੰਘ, ਸਰਪੰਚ ਦਰਸ਼ਨ ਸਿੰਘ, ਮਾ. ਹਰਬੰਸ ਸਿੰਘ, ਹਰਵਿੰਦਰ ਸਿੰਘ ਨੋਨੀ, ਬਲਦੀਪ ਸਿੰਘ ਦੀਪ ਅਤੇ ਰੂਪ ਦਾਸ ਨੇ ਦੱਸਿਆ ਕਿ ਡੀਐੱਸਪੀ ਅਤੇ ਤਹਿਸੀਲਦਾਰ ਅਹਿਮਦਗੜ੍ਹ ਦੇ ਯਤਨਾਂ ਸਦਕਾ ਐੱਸਐੱਸਪੀ ਜ਼ਿਲ੍ਹਾ ਮਾਲੇਰਕੋਟਲਾ ਦੀ ਅਗਵਾਈ ਹੇਠ ਪੰਜਾਬ ਦੇ ਵਧੀਕ ਮੁੱਖ ਸਕੱਤਰ ਰਵਨੀਤ ਕੌਰ ਨਾਲ ਕਿਸਾਨਾਂ ਦੀ ਮੀਟਿੰਗ ਤੈਅ ਕੀਤੀ ਗਈ ਹੈ, ਜਿਸ ਦੇ ਭਰੋਸੇ ਮਗਰੋਂ ਅੱਜ ਧਰਨਾ ਸਮਾਪਤ ਕਰ ਦਿੱਤਾ। ਉਨ੍ਹਾਂ ਇਸ ਨੂੰ ਕਿਸਾਨ ਏਕਤਾ ਦੀ ਜਿੱਤ ਦੱਸਦਿਆਂ ਕਿਹਾ ਕਿ ਸੜਕ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਘੱਟ ਹੋਣ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਧਰਨੇ ਦੀ ਡਟ ਕੇ ਹਮਾਇਤ ਕੀਤੀ ਗਈ। ਇਹ ਵੀ ਜ਼ਿਕਰਯੋਗ ਹੈ ਸਥਾਨਕ ਸਿਵਲ ਪ੍ਰਸ਼ਾਸਨ ਦੀ ਬਜਾਏ ਪੁਲੀਸ ਪ੍ਰਸ਼ਾਸਨ ਨੇ ਸੂਝ-ਬੂਝ ਨਾਲ ਮੀਟਿੰਗ ਤੈਅ ਕਰਵਾ ਕੇ ਕਿਸਾਨਾਂ ਦਾ ਮਸਲਾ ਹੱਲ ਕਰਵਾਇਆ। ਇਸ ਮੌਕੇ ਭਾਕਿਯੂ ਏਕਤਾ (ਉਗਰਾਹਾਂ) ਦੇ ਗੁਰਮੇਲ ਸਿੰਘ ਮਹੋਲੀ, ਜਗਤਾਰ ਸਿੰਘ, ਜਸਬੀਰ ਸਿੰਘ ਮਤੋਈ, ਸੁਖਜੀਵਨ ਸਿੰਘ ਕਾਲਾ, ਭਜਨ ਸਿੰਘ, ਗੁਰਤੇਜ ਸਿੰਘ, ਭਿੰਦਰ ਸਿੰਘ, ਪਾਲ ਸਿੰਘ ਰੋਹੀੜਾ, ਪਰਦੀਪ ਸਿੰਘ, ਜਸਵਿੰਦਰ ਸਿੰਘ, ਜਗਪਾਲ ਸਿੰਘ, ਬਲਵੰਤ ਸਿੰਘ, ਸੁਖਪਾਲ ਸਿੰਘ ਅਤੇ ਜੱਗਾ ਖਾਂ ਹਾਜ਼ਰ ਸਨ।
ਕਿਸਾਨਾਂ ਦੀਆਂ ਮੁੱਖ ਮੰਗਾਂ
ਆਗੂਆਂ ਨੇ ਮੰਗ ਕੀਤੀ ਕਿ ਐਕਸਪ੍ਰੈੱਸਵੇਅ ਲਈ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦਾ ਮੁਆਵਜ਼ਾ ਮੌਜੂਦਾ ਮਾਰਕੀਟ ਭਾਅ ਤੋਂ ਦੁੱਗਣਾ, ਸੌ ਫ਼ੀਸਦੀ ਉਜਾੜਾ ਭੱਤਾ ਸਮੇਤ ਹੋਰ ਭੱਤੇ ਅਤੇ ਵਿਆਜ ਸਮੇਤ ਦਿੱਤਾ ਜਾਵੇ। ਇਸ ਤੋਂ ਇਲਾਵਾ ਸਾਂਝੀ ਖੇਵਟ ਹੋਣ ਦੀ ਸੂਰਤ ਵਿੱਚ ਐਕੁਆਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਕਾਬਜ਼ ਮਾਲਕ ਨੂੰ ਅਦਾ ਕੀਤਾ ਜਾਵੇ ਅਤੇ ਨਵੀਂ ਬਣਨ ਵਾਲੀ ਸੜਕ ਦੇ ਦੋਵੇਂ ਪਾਸੇ ਸਿੰਜਾਈ ਲਈ ਪਾਣੀ ਦਾ ਪ੍ਰਬੰਧ ਅਤੇ ਦੋਵੇਂ ਪਾਸੇ ਸਰਵਿਸ ਲੇਨ ਬਣਾਈ ਜਾਵੇ, ਜਿਸ ਦੀ ਚੌੜਾਈ ਐੱਨਓਸੀ ਦੇ ਨਿਯਮਾਂ ਮੁਤਾਬਕ ਹੋਵੇ।