ਨਿੱਜੀ ਪੱਤਰ ਪ੍ਰੇਰਕ
ਜਲੰਧਰ, 14 ਨਵੰਬਰ
ਦਿਹਾਤੀ ਪੁਲੀਸ ਨੇ ਕੌਮਾਂਤਰੀ ਪੱਧਰ ਦੇ ਗਰੋਹ ਦੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 7 ਪਿਸਤੌਲਾਂ ਅਤੇ 10 ਮੈਗਜ਼ੀਨ ਬਰਾਮਦ ਕੀਤੇ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਸਿੰਡੀਕੇਟ ਸਰਹੱਦ ਪਾਰੋਂ ਕਾਰਵਾਈਆਂ ਨੂੰ ਅੰਜ਼ਾਮ ਦਿੰਦਾ ਸੀ ਅਤੇ ਇਸ ਦੇ ਪ੍ਰਮੁੱਖ ਸੰਚਾਲਕ ਇੰਗਲੈਂਡ, ਯੂਨਾਨ ਅਤੇ ਮਨੀਲਾ ਵਿੱਚ ਬੈਠ ਕੇ ਪੰਜਾਬ ਵਿੱਚ ਫਿਰੌਤੀ ਤੇ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੇ ਹੁਕਮ ਦਿੰਦੇ ਸਨ। ਇਸ ਤੋਂ ਇਲਾਵਾ ਜਲੰਧਰ ਦਿਹਾਤੀ ਪੁਲੀਸ ਨੇ ਮੱਧ ਪ੍ਰਦੇਸ਼ ਤੋਂ ਚਲਾਏ ਜਾ ਰਹੇ ਹਥਿਆਰਾਂ ਦੀ ਖਰੀਦ ਸਬੰਧੀ ਨੈੱਟਵਰਕ ਦਾ ਵੀ ਪਰਦਾਫਾਸ਼ ਕੀਤਾ ਹੈ। ਦਿਹਾਤੀ ਪੁਲੀਸ ਦੇ ਐੱਸਐੱਸਪੀ ਹਰਕੰਵਲਪਾਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇੰਗਲੈਂਡ ਤੋਂ ਇਸ ਗਰੋਹ ਨੂੰ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਥਾਣਾ ਲੋਹੀਆਂ ਦੇ ਐੱਸਐੱਚਓ ਯਾਦਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਗਿੱਦੜਪਿੰਡੀ ਹਾਈਟੈਕ ਟੌਲ ਪਲਾਜ਼ਾ ਨੇੜੇ ਗੱਡੀ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਦੋ .32 ਬੋਰ ਦੇ ਪਿਸਤੌਲ ਸਣੇ ਛੇ ਰੌਂਦ ਅਤੇ ਪੰਜ ਮੈਗਜ਼ੀਨ ਬਰਾਮਦ ਕਰ ਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਅਮਨ ਵਾਸੀ ਬਿੱਲੀ ਵੜੈਚ, ਜਗਵਿੰਦਰ ਸਿੰਘ ਉਰਫ਼ ਸ਼ਨੀ ਵਾਸੀ ਮੂਲੇਵਾਲ ਖਹਿਰਾ ਅਤੇ ਜਸਕਰਨ ਸਿੰਘ ਉਰਫ਼ ਸਾਰਾ ਵਾਸੀ ਸਿੱਧਵਾਂ ਦੋਨਾ ਵਜੋਂ ਹੋਈ ਹੈ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਇਹ ਕਾਰਵਾਈਆਂ ਯੂਕੇ ਆਧਾਰਿਤ ਮੁੱਖ ਸਰਗਣਾ ਜਗਦੀਪ ਸਿੰਘ ਉਰਫ ਜੱਗਾ, ਗ੍ਰੀਸ ਆਧਾਰਿਤ ਪਰਮਜੀਤ ਸਿੰਘ ਉਰਫ ਪੰਮਾ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਅਤੇ ਮਨੀਲਾ ਆਧਾਰਿਤ ਮਨਜਿੰਦਰ ਸਿੰਘ ਉਰਫ ਮਨੀ ਵੱਲੋਂ ਲੌਜਿਸਟੀਕਲ ਤਾਲਮੇਲ ਜ਼ਰੀਏ ਚਲਾਈਆਂ ਜਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਗਰੋਹ ਨੇ ਹਾਲ ਹੀ ਵਿੱਚ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਕਹਿਣ ’ਤੇ ਮੱਧ ਪ੍ਰਦੇਸ਼ ਦੇ ਖਰਗੋਨ ਸ਼ਹਿਰ ਤੋਂ ਪਿਸਤੌਲਾਂ ਖ਼ਰੀਦੀਆਂ ਸਨ। ਦੂਜੀ ਘਟਨਾ ਵਿੱਚ ਪੁਲੀਸ ਟੀਮ ਨੇ ਗਰੋਹ ਦੇ ਤਿੰਨ ਹੋਰ ਮੈਂਬਰਾਂ ਦੀ ਪਛਾਣ ਅਜੈ ਕੁਮਾਰ ਉਰਫ਼ ਬਿੱਲਾ ਵਾਸੀ ਸ਼ਾਹਜਹਾਨਪੁਰ, ਵਿਸ਼ਾਲ ਵਾਸੀ ਸੀਨਪੁਰਾ, ਕਪੂਰਥਲਾ ਅਤੇ ਦੋਨੇਵਾਲ ਦੇ ਨਾਬਾਲਗ ਵਜੋਂ ਕੀਤੀ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ .32 ਬੋਰ ਦੀ ਪਿਸਤੌਲ ਸਣੇ ਤਿੰਨ ਕਾਰਤੂਸ ਅਤੇ ਜੁਪੀਟਰ ਸਕੂਟਰ ਬਰਾਮਦ ਕੀਤਾ ਹੈ। ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਵਿੱਚ ਸੀਆਈਏ ਸਟਾਫ਼ ਜਲੰਧਰ ਦਿਹਾਤੀ ਨੇ ਇੱਕ ਹੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਰਾਜੂ ਵਾਸੀ ਅਹਿਮਦਪੁਰ, ਦਲਵਿੰਦਰ ਸਿੰਘ ਉਰਫ਼ ਗੁਰੀ ਵਾਸੀ ਧਾਲੀਵਾਲ ਦੋਨਾ, ਸਰਬਜੀਤ ਸਿੰਘ ਉਰਫ਼ ਪੰਜਾਬ ਉਰਫ਼ ਕਾਕਾ ਵਾਸੀ ਅਠੌਲਾ ਅਤੇ ਹਰਪ੍ਰੀਤ ਸਿੰਘ ਉਰਫ ਸ਼ੇਰਾ ਵਾਸੀ ਕਟਾਣੀ ਗੇਟ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਛੇ ਰੌਂਦ ਸਣੇ ਦੋ .32 ਬੋਰ ਦੇ ਪਿਸਤੌਲ ਤੇ ਤਿੰਨ ਮੈਗਜ਼ੀਨ ਅਤੇ ਦੋ ਰੌਂਦ ਸਣੇ .315 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਉਨ੍ਹਾਂ ਕੋਲੋਂ ਪਲੈਟੀਨਾ ਮੋਟਰਸਾਈਕਲ ਅਤੇ ਐਕਟਿਵਾ ਸਕੂਟਰ ਬਰਾਮਦ ਹੋਇਆ। ਇਸ ਸਬੰਧੀ ਥਾਣਾ ਲੋਹੀਆਂ ਅਤੇ ਥਾਣਾ ਮਕਸੂਦਾਂ ਵਿੱਚ ਕੇਸ ਦਰਜ ਕੀਤੇ ਗਏ ਹਨ।