ਸਰਬਜੀਤ ਸਿੰਘ ਭੰਗੂ
ਸਨੌਰ (ਪਟਿਆਲਾ), 25 ਅਗਸਤ
ਪਿੰਡ ਕਾਠਗੜ੍ਹ ਵਿੱਚ ਸਥਿਤ ਕੈਮੀਕਲ ਪਲਾਂਟ (ਫੈਕਟਰੀ) ਵਿੱਚ ਕੰਮ ਕਰਦੇ ਇੱਕ ਮੁਲਾਜ਼ਮ ਦੀ ਅੱਜ ਮੂੰਹ ’ਤੇ ਕੈਮੀਕਲ ਪੈਣ ਕਾਰਨ ਮੌਤ ਹੋ ਗਈ। ਭਾਵੇਂ ਪੁਲੀਸ ਵੱਲੋਂ ਹਾਲੇ ਮੁਕੰਮਲ ਜਾਂਚ ਕੀਤੀ ਜਾਣੀ ਬਾਕੀ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਢੋਲ ’ਚੋਂ ਕੈਮੀਕਲ ਦੀ ਪਾਈਪ ਨਿਕਲ ਜਾਣ ਕਾਰਨ ਵਾਪਰਿਆ। ਇਸ ਦੌਰਾਨ ਸੋਹਣ ਦਾਸ ਨਾਂ ਦੇ ਮੁਲਾਜ਼ਮ ਦੇ ਮੂੰਹ ’ਤੇ ਕੈਮੀਕਲ ਪੈ ਗਿਆ। ਉਸ ਨੂੰ ਗੰਭੀਰ ਹਾਲਤ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ, ਪਰ ਇਥੇ ਉਸ ਦੀ ਮੌਤ ਹੋ ਗਈ। ਉਹ ਸਲੇਮਪੁਰ ਬ੍ਰਾਹਮਣਾ ਦਾ ਰਹਿਣ ਵਾਲਾ ਸੀ।
ਹਾਦਸੇ ਦਾ ਪਤਾ ਲੱਗਣ ’ਤੇ ਪਟਿਆਲਾ ਦੇ ਡੀਐੱਸਪੀ (ਰੂਰਲ) ਅਜੈਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਸੰਪਰਕ ਕਰਨ ’ਤੇ ਥਾਣਾ ਸਦਰ ਪਟਿਆਲਾ ਦੇ ਐੱਸਐੱਚਓ ਪਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਵਰਕਰ ਦੀ ਪਤਨੀ ਹਰਪ੍ਰੀਤ ਕੌਰ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਪਟਿਆਲਾ ਵਿੱਚ (ਪਲਾਂਟ) ਫੈਕਟਰੀ ਦੇ ਮਾਲਕ ਅਰਵਿੰਦਰ ਸਿੰਘ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 304 ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਾਜਿੰਦਰਾ ਹਸਪਤਾਲ ਵਿੱਚ ਕਰਵਾਏ ਗਏ ਪੋਸਟਮਾਰਟਮ ਮਗਰੋਂ ਮ੍ਰਿਤਕ ਦੀ ਲਾਸ਼ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਉਧਰ ਪਲਾਂਟ ਦੇ ਮਾਲਕ ਦਾ ਤਰਕ ਹੈ ਕਿ ਇਹ ਹਾਦਸਾ ਵਰਕਰ ਸੋਹਣ ਦਾਸ ਦੀ ਕਥਿਤ ਅਣਗਹਿਲੀ ਕਾਰਨ ਵਾਪਰਿਆ ਹੈ, ਜਿਸ ਸਬੰਧੀ ਉਹ ਸੀਸੀਟੀਵੀ ਫੁਟੇਜ ਹੋਣ ਦਾ ਦਾਅਵਾ ਵੀ ਕਰ ਰਹੇ ਹਨ।