ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 15 ਮਾਰਚ
ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਕਾਂਗਰਸ ਵੱਲੋਂ ਜੋ ਸਨਦਾਂ (ਮਾਲਕੀ ਦੇ ਸਰਟੀਫਿਕੇਟ) ਵੰਡੇ ਗਏ ਸਨ ਉਹ ਜਾਅਲੀ ਹਨ। ਇਸੇ ਦੌਰਾਨ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਹਿੰਦ ਅਨੁਸਾਰ ਇਨ੍ਹਾਂ ਸਨਦਾਂ ’ਤੇ ਜੋ ਦਸਤਖ਼ਤ ਹਨ, ਉਹ ਉਨ੍ਹਾਂ ਦੇ ਨਹੀਂ ਹਨ। ਸ੍ਰੀ ਰਾਏ ਨੇ ਕਿਹਾ ਕਿ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਹਿੰਦ ਨੇ ਇਹ ਵੀ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਦੇ ਕੋਲ ਕੋਈ ਰਿਕਾਰਡ ਦਰਜ ਨਹੀਂ ਹੈ ਅਤੇ ਦੋ ਮਰਲੇ ਦਾ ਪਲਾਟ ਦੇਣ ਦਾ ਅਧਿਕਾਰ ਗ੍ਰਾਮ ਪੰਚਾਇਤ ਨੂੰ ਹੁੰਦਾ ਹੈ ਤੇ ਉਹ ਜਗ੍ਹਾ ਸਿਰਫ਼ ਰੂੜੀਆਂ ਲਈ ਦਿੱਤੀ ਜਾ ਸਕਦੀ ਹੈ। ਉਸ ਉੱਤੇ ਕੋਈ ਉਸਾਰੀ ਨਹੀਂ ਕੀਤੀ ਜਾ ਸਕਦੀ। ਸ੍ਰੀ ਰਾਏ ਨੇ ਕਿਹਾ ਕਿ ਕਾਂਗਰਸ ਨੇ ਵੋਟਾਂ ਬਟੋਰਨ ਲਈ ਲੋਕਾਂ ਨੂੰ ਕਥਿਤ ਤੌਰ ’ਤੇ ਗੁੰਮਰਾਹ ਕੀਤਾ ਤੇ ਧੜੱਲੇ ਨਾਲ ਸਨਦਾਂ ਵੰਡੀਆਂ ਜਿਸ ਕਾਰਨ ਪਿੰਡਾਂ ਵਿੱਚ ਕਲੇਸ਼ ਵੀ ਹੋਏ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹਿੰਦਰਜੀਤ ਸਿੰਘ, ਪੰਚਾਇਤ ਅਫ਼ਸਰ ਭਗਵਾਨ ਸਿੰਘ, ਸਕੱਤਰ ਹਰਮੀਤ ਸਿੰਘ, ਹਰਜਿੰਦਰ ਕੁਮਾਰ, ਹਰਿੰਦਰ ਸਿੰਘ, ਹਰਮੇਸ਼ ਸਿੰਘ ਛੰਨਾ, ਰੋਹੀ ਰਾਮ ਸਰਪੰਚ, ਨਿਰਮਲ ਸਿੰਘ, ਬਲਦੇਵ ਸਿੰਘ ਨਲੀਨਾ, ਹਰਮਨ ਸਿੰਘ ਖਰੌੜੀ, ਅਵਤਾਰ ਸਿੰਘ, ਸਤਨਾਮ ਸਿੰਘ ਖਰੌੜਾ, ਗੁਰਪ੍ਰੀਤ ਸਿੰਘ ਬਾਗੜੀਆਂ ਆਦਿ ਹਾਜ਼ਰ ਸਨ।
ਬੀਡੀਪੀਓ ਨੇ ਮਾਮਲੇ ਬਾਰੇ ਸਕੱਤਰਾਂ ਤੋਂ ਜਾਣਕਾਰੀ ਮੰਗੀ
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਰਹਿੰਦ ਨਾਲ ਜਦੋਂ ਇਸ ਸਬੰਧੀ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੋ ਸਨਅਤਾਂ ਵਿਧਾਇਕ ਲਖਵੀਰ ਸਿੰਘ ਰਾਏ ਵੱਲੋਂ ਦਿਖਾਈਆਂ ਗਈਆਂ ਸਨ, ਉਸ ’ਤੇ ਜੋ ਬੀ.ਡੀ.ਪੀ.ਓ ਦੇ ਦਸਤਖ਼ਤ ਹਨ, ਉਹ ਉਨ੍ਹਾਂ ਦੇ ਨਹੀਂ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕੁਝ ਜਾਣਕਾਰੀ ਸੀ ਕਿ ਪਲਾਟਾਂ ਦੇ ਲਈ ਸਨਤਾਂ ਵੰਡੀਆਂ ਜਾ ਰਹੀਆਂ ਹਨ ਪਰ ਉਹ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਨਹੀਂ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਸਕੱਤਰਾਂ ਨੂੰ ਚਿੱਠੀਆਂ ਕੱਢ ਦਿੱਤੀਆਂ ਹਨ ਅਤੇ ਇਸ ਦੀ ਪੂਰੀ ਜਾਣਕਾਰੀ ਮੰਗੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋ ਮਰਲੇ ਦਾ ਪਲਾਟ ਰੂੜੀਆਂ ਲਈ ਦਿੱਤਾ ਜਾ ਸਕਦਾ ਹੈ ਜੋ ਪੰਚਾਇਤ ਆਪਣੇ ਤੌਰ ’ਤੇ ਹੀ ਦੇ ਸਕਦੀ ਹੈ। ਇਸੇ ਦੌਰਾਨ ਬਲਾਕ ਸੰਮਤੀ ਸਰਹਿੰਦ ਦੀ ਚੇਅਰਪਰਸਨ ਗੁਰਜੀਤ ਕੌਰ ਦੇ ਪਤੀ ਭੁਪਿੰਦਰ ਸਿੰਘ ਬਧੌਛੀ ਨੇ ਕਿਹਾ ਕਿ ਇਹ ਪਲਾਟ ਐਕਟ ਦੇ ਮੁਤਾਬਕ ਦਿੱਤੇ ਗਏ ਹਨ ਅਤੇ ਪੰਚਾਇਤਾਂ 2 ਮਰਲੇ ਦਾ ਪਲਾਂਟ ਆਪਣੇ ਤੌਰ ’ਤੇ ਦੇ ਸਕਦੀਆਂ ਹਨ।