ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 8 ਨਵੰਬਰ
ਮੁਹਾਲੀ ਪੁਲੀਸ ਨੇ ਐੱਮਕੇ ਟੈਕਨਾਲੋਜੀ ਪਾਰਕ ਤੰਗੋਰੀ ਵਿੱਚ ਛਾਪਾ ਮਾਰ ਕੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਛਿੰਦਾ ਸਿੰਘ ਵਾਸੀ ਖੋਲਮੁਲਾ (ਪਿੰਜੌਰ), ਹਰਪ੍ਰੀਤ ਸਿੰਘ ਵਾਸੀ ਪਿੰਡ ਸੂਰਜਪੁਰ (ਪਿੰਜੌਰ) ਅਤੇ ਸੁਮਿਤ ਕੁਮਾਰ ਵਾਸੀ ਪਿੰਡ ਮਿਰਜ਼ਾਪੁਰ ਵਜੋਂ ਹੋਈ ਹੈ। ਮੁਲਜ਼ਮਾਂ ’ਤੇ ਫੈਕਟਰੀ ਵਿੱਚ ਨਕਲੀ ਦਵਾਈਆਂ ਬਣਾ ਕੇ ਅੱਗੇ ਡੀਲਰਾਂ ਨੂੰ ਸਪਲਾਈ ਕਰਨ ਦਾ ਦੋਸ਼ ਹੈ। ਪੁਲੀਸ ਨੇ ਉਨ੍ਹਾਂ ਕੋਲੋਂ ਦਵਾਈਆਂ ਵੀ ਬਰਾਮਦ ਕੀਤੀਆਂ ਹਨ। ਮੁਹਾਲੀ ਦੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਆਈਟੀ ਸਿਟੀ ਥਾਣਾ ਮੁਹਾਲੀ ਵਿੱਚ ਬੀਐੱਨਐੱਸ ਦੀ ਧਾਰਾ 318 (4), 274, 275 ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛ-ਪੜਤਾਲ ਕਰਕੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਇੱਥੇ ਨਕਲੀ ਦਵਾਈਆਂ ਬਣਾ ਕੇ ਅੱਗੇ ਕਿਹੜੇ ਡੀਲਰਾਂ ਨੂੰ ਸਪਲਾਈ ਕਰਦੇ ਸਨ। ਬਾਅਦ ਵਿੱਚ ਸਬੰਧਤ ਡੀਲਰਾਂ ਨੂੰ ਵੀ ਨਾਮਜ਼ਦ ਕਰਕੇ ਹਿਰਾਸਤ ਵਿੱਚ ਲਿਆ ਜਾਵੇਗਾ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਮਨੁੱਖੀ ਜ਼ਿੰਦਗੀ ਨਾਲ ਜੁੜਿਆ ਹੋਇਆ ਮਾਮਲਾ ਹੈ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਐੱਮਕੇ ਪਾਰਕ ਤੰਗੋਰੀ ਵਿੱਚ ਨਕਲੀ ਦਵਾਈਆਂ ਬਣਾ ਕੇ ਵੇਚਦੇ ਹਨ। ਸੂਚਨਾ ਮਿਲਣ ’ਤੇ ਆਈਟੀ ਸਿਟੀ ਥਾਣਾ ਦੇ ਐੱਸਐੱਚਓ ਇੰਸਪੈਕਟਰ ਸਿਮਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਐੱਮਕੇ ਪਾਰਕ ਵਿੱਚ ਛਾਪਾ ਮਾਰ ਕੇ ਮੁਲਜ਼ਮਾਂ ਨੂੰ ਨਕਲੀ ਦਵਾਈਆਂ ਸਮੇਤ ਗ੍ਰਿਫ਼ਤਾਰ ਕਰ ਲਿਆ। ਡੀਐਸਪੀ ਬੱਲ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰਕੇ ਪਤਾ ਲਾਇਆ ਜਾ ਰਿਹਾ ਹੈ ਕਿ ਉਹ ਨਕਲੀ ਦਵਾਈਆਂ ਬਣਾਉਣ ਲਈ ਮਟੀਰੀਅਲ ਕਿੱਥੋਂ ਲੈ ਕੇ ਆਉਂਦੇ ਸਨ ਜਾਂ ਕਿਹੜੀ-ਕਿਹੜੀ ਕੰਪਨੀਆਂ ਦੇ ਲੇਬਲ ਲਗਾ ਕੇ ਅੱਗੇ ਕਿਹੜੇ ਡੀਲਰਾਂ ਨੂੰ ਦਵਾਈਆਂ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਪੁੱਛ-ਪੜਤਾਲ ਦੌਰਾਨ ਨਕਲੀ ਦਵਾਈਆਂ ਦੀ ਕਾਲਾਬਾਜ਼ਾਰੀ ਸਬੰਧੀ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।