ਪਰਮਜੀਤ ਸਿੰਘ
ਫਾਜ਼ਿਲਕਾ, 23 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਉਨ੍ਹਾਂ 32 ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਝੂਠੇ ਕੇਸ ਰੱਦ ਕਰਵਾਉਣ, ਜਿਨ੍ਹਾਂ ਖ਼ਿਲਾਫ਼ ਉਦੋਂ ਪਾਣੀ ਚੋਰੀ ਦੇ ਕੇਸ ਦਰਜ ਹੋਏ, ਜਦੋਂ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਨਹਿਰ ਸੁੱਕੀ ਪਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਚੱਕ ਸੋਤਰੀਆਂ, ਚੱਕ ਮੌਜਦੀਨ ਵਾਲਾ, ਢੰਗ ਕੜਿਆਲ, ਅਰਾਈਆਂਵਾਲਾ, ਬਾਹਮਣੀ ਵਾਲਾ ਅਤੇ ਚੱਕ ਤੋਤੀਆਂਵਾਲਾ ਦੇ 32 ਕਿਸਾਨਾਂ ਖ਼ਿਲਾਫ਼ ਬਰਖਤਵਾਹ ਨਹਿਰ ’ਚੋਂ ਪਾਣੀ ਚੋਰੀ ਕਰਨ ਦਾ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਲੋੜੀਂਦਾ ਪਾਣੀ ਮੁਹੱਈਆ ਕਰਾਉਣ ਵਿੱਚ ਅਸਫ਼ਲ ਰਹੇ ਸਿੰਜਾਈ ਵਿਭਾਗ ਦੇ ਅਧਿਕਾਰੀ ਅਕਾਲੀ ਵਰਕਰਾਂ ਤੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ 32 ਕਿਸਾਨਾਂ ਵਿੱਚੋਂ ਚਾਰ ਅਕਾਲੀ ਆਗੂ ਹੰਸ ਰਾਜ ਜੋਸਨ ਦੇ ਭਰਾ ਹਨ। ਸ੍ਰੀ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਨਾ ਸਿਰਫ ਸੂਬੇ ਦੀਆਂ ਨਹਿਰਾਂ ’ਚ ਸਮੇਂ ਸਿਰ ਪਾਣੀ ਛੱਡਣ ’ਚ ਨਾਕਾਮ ਰਹੀ ਹੈ, ਸਗੋਂ ਇਹ ਸਤਲੁਜ ਅਤੇ ਬਿਆਸ ਦਰਿਆਵਾਂ ’ਚ ਸਨਅਤੀ ਰਹਿੰਦ-ਖੂੰਹਦ ਸੁੱਟਣ ’ਤੇ ਰੋਕ ਲਗਾਉਣ ਸਬੰਧੀ ਵੀ ਕੁਝ ਨਹੀਂ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਸੰਸਦੀ ਹਲਕੇ ਦੇ ਕਿਸਾਨਾਂ ਨੂੰ ਸਿੰਜਾਈ ਤੇ ਪੀਣ ਲਈ ਪਾਣੀ ਮੁਹੱਈਆ ਕਰਾਉਣ ਦੀ ਥਾਂ ਸਰਕਾਰ ਕਿਸਾਨਾਂ ਨੂੰ ਹੀ ਨਿਸ਼ਾਨਾ ਬਣਾ ਰਹੀ ਹੈ ਤੇ ਇਹ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਝੂਠੇ ਕੇਸ ਤੁਰੰਤ ਵਾਪਸ ਨਾ ਲਏ ਗਏ ਤਾਂ ਅਕਾਲੀ ਦਲ ਵੱਲੋਂ ‘ਆਪ’ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।