ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 2 ਨਵੰਬਰ
ਇੱਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਝੂਠੇ ਪੁਲੀਸ ਮੁਕਾਬਲੇ ਵਿੱਚ ਪੰਜਾਬ ਪੁਲੀਸ ਦੇ ਦੋ ਸੇਵਾਮੁਕਤ ਅਫ਼ਸਰਾਂ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਏਐੱਸਆਈ ਜਗਤਾਰ ਸਿੰਘ ਨੂੰ ਸਜ਼ਾ ਸੁਣਾਉਣ ਦੀ ਕਾਰਵਾਈ ਟਾਲ ਦਿੱਤੀ ਹੈ। ਵਕੀਲਾਂ ਦੀ ਹੜਤਾਲ ਕਾਰਨ ਦੋਸ਼ੀਆਂ ਦੇ ਵਕੀਲ ਪੇਸ਼ ਨਹੀਂ ਹੋ ਸਕੇ। ਹੁਣ ਦੋਸ਼ੀਆਂ ਨੂੰ 4 ਨਵੰਬਰ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿੱਚ ਨਾਮਜ਼ਦ ਦੋ ਹੋਰ ਪੁਲੀਸ ਅਫ਼ਸਰਾਂ ਇੰਸਪੈਕਟਰ ਪੂਰਨ ਸਿੰਘ ਅਤੇ ਏਐੱਸਆਈ ਜਗੀਰ ਸਿੰਘ ਦੀ ਟਰਾਇਲ ਦੌਰਾਨ ਮੌਤ ਹੋ ਚੁੱਕੀ ਹੈ।
ਅਪਰੈਲ 1993 ਵਿੱਚ ਥਾਣਾ ਸਦਰ ਤਰਨ ਤਾਰਨ ਦੀ ਪੁਲੀਸ ਨੇ ਨੌਜਵਾਨ ਹਰਬੰਸ ਸਿੰਘ ਵਾਸੀ ਉਬੋਕੇ (ਤਰਨ ਤਾਰਨ) ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਸੀ ਅਤੇ 15 ਅਪਰੈਲ 1993 ਨੂੰ ਤਰਨ ਤਾਰਨ ਜ਼ਿਲ੍ਹੇ ਦੀ ਪੁਲੀਸ ਹਥਿਆਰ ਬਰਾਮਦ ਕਰਵਾਉਣ ਲਈ ਉਸ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਸੀ। ਰਸਤੇ ਵਿੱਚ ਖਾੜਕੂਆਂ ਨੇ ਪੁਲੀਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਮੁਕਾਬਲੇ ਵਿੱਚ ਹਰਬੰਸ ਸਿੰਘ ਅਤੇ ਇਕ ਹੋਰ ਅਣਪਛਾਤਾ ਖਾੜਕੂ ਮਾਰਿਆ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਸੀਬੀਆਈ ਅਦਾਲਤ ਵਿੱਚ ਚੱਲ ਰਹੀ ਸੀ। ਕੇਸ ਦੀ ਸੁਣਵਾਈ ਦੌਰਾਨ ਬੀਤੀ 27 ਅਕਤੂਬਰ ਨੂੰ ਸੀਬੀਆਈ ਅਦਾਲਤ ਨੇ ਦੋ ਸੇਵਾਮੁਕਤ ਪੁਲੀਸ ਅਫ਼ਸਰਾਂ ਸ਼ਮਸ਼ੇਰ ਸਿੰਘ ਅਤੇ ਜਗਤਾਰ ਸਿੰਘ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਅੱਜ 2 ਨਵੰਬਰ ਨੂੰ ਸਜ਼ਾ ਸੁਣਾਉਣ ਲਈ ਕਿਹਾ ਸੀ। ਅੱਜ ਅਦਾਲਤ ਵਿੱਚ ਵਕੀਲਾਂ ਨੇ ਅਰਜ਼ੀ ਦਾਇਰ ਕਰਕੇ ਕਿਹਾ ਕਿ ਵਕੀਲਾਂ ਦੀ ਹੜਤਾਲ ਕਾਰਨ ਉਹ ਸੁਣਵਾਈ ਦੌਰਾਨ ਪੇਸ਼ ਨਹੀਂ ਹੋ ਸਕਦੇ। ਲਿਹਾਜ਼ਾ ਇਹ ਕਾਰਵਾਈ ਅੱਗੇ ਟਾਲੀ ਜਾਵੇ।