ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 14 ਫਰਵਰੀ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਅਕਾਲੀ ਦਲ ਨੇ 26 ਸਾਲ ਅਤੇ ਕਾਂਗਰਸ ਨੇ 24 ਸਾਲ ਪੰਜਾਬ ’ਤੇ ਰਾਜ ਕੀਤਾ ਹੈ, ਪਰ ਦੋਵੇਂ ਪਾਰਟੀਆਂ ਨੇ ਸੂਬੇ ਦੇ ਕੁਦਰਤੀ ਸੋਮੇ ਵੇਚ ਦਿੱਤੇ ਤੇ ਸਰਕਾਰੀ ਖਜ਼ਾਨਾ ਖਾਲੀ ਕਰ ਦਿੱਤਾ। ਇਸ ਵਾਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਦੀ ਸਰਕਾਰ ਸੂਬੇ ’ਚੋਂ ਪਰਚਾ ਰਾਜ ਖਤਮ ਕਰੇਗੀ ਤੇ ਸਾਰੇ ਝੂਠੇ ਪਰਚੇ ਰੱਦ ਕਰੇਗੀ।
ਉਨ੍ਹਾਂ ਅੱਜ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਸਿਸੋਦੀਆ ਨੇ ਲੋਕਾਂ ਨੂੰ ਸੰਧਵਾਂ ਨੂੰ ਵੱਡੀ ਗਿਣਤੀ ਵੋਟਾਂ ਨਾਲ ਜਿਤਾ ਕੇ ‘ਆਪ’ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਮਨੀਸ਼ ਸਿਸੋਦੀਆ ਨੇ ਕੋਟਕਪੂਰਾ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਇਲਾਕਿਆਂ ’ਚ ਚੋਣ ਪ੍ਰਚਾਰ ਕਰਦਿਆਂ ਲੋਕਾਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਉਹ ਪੰਜਾਬ ਵਿੱਚ ਚੰਗੇ ਸਕੂਲ, ਹਸਪਤਾਲ ਬਣਵਾਉਣਗੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਉਹ ਮਿਸਾਲ ਖੜ੍ਹੀ ਕਰਨਗੇ ਕਿ ਵਿਕਾਸ ਕਿਵੇਂ ਕੀਤਾ ਜਾਂਦਾ ਹੈ। ਸਿਸੋਦੀਆ ਨੇ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸੀ ਆਗੂ ਘਰ-ਘਰ ਜਾ ਕੇ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ।