* ਅੰਮ੍ਰਿਤਪਾਲ ਸਿੰਘ ’ਤੇ ਐੱਨਐੱਸਏ ਲਗਾ ਕੇ ਜੇਲ੍ਹ ’ਚ ਸੁੱਟਿਆ: ਗ੍ਰਹਿ ਮੰਤਰੀ
* ਚੋਣਾਂ ’ਚ ਕਾਲੇ ਧਨ ਦਾ ਅਸਰ ਵਧਣ ਦਾ ਕੀਤਾ ਦਾਅਵਾ
ਨਵੀਂ ਦਿੱਲੀ, 27 ਮਈ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮੰਨਣਾ ਹੈ ਕਿ ਸੁਪਰੀਮ ਕੋਰਟ ਵੱਲੋਂ ਚੋਣ ਬਾਂਡ ਯੋਜਨਾ ਰੱਦ ਕਰਨ ਮਗਰੋਂ ਲੋਕ ਸਭਾ ਚੋਣਾਂ ਅਤੇ ਸਿਆਸਤ ’ਚ ਕਾਲੇ ਧਨ ਦਾ ਅਸਰ ਵਧੇਗਾ। ਉਨ੍ਹਾਂ ਕਿਹਾ ਕਿ ਚੋਣ ਬਾਂਡ ਯੋਜਨਾ ਦੇ ਬਦਲ ਬਾਰੇ ਸੰਸਦ ’ਚ ਵਿਚਾਰ ਹੋਣਾ ਚਾਹੀਦਾ ਹੈ। ਖ਼ਬਰ ਏਜੰਸੀ ਨੂੰ ਦਿੱਤੇ ਇੰਟਰਵਿਊ ਦੌਰਾਨ ਸ਼ਾਹ ਨੇ ਜੰਮੂ ਕਸ਼ਮੀਰ ਦੇ ਨੌਜਵਾਨਾਂ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਕਿਸੇ ਵੀ ਅਤਿਵਾਦੀ ਦੇ ਪਰਿਵਾਰਕ ਮੈਂਬਰ ਅਤੇ ਪਥਰਾਅ ਕਰਨ ਵਾਲਿਆਂ ਦੇ ਨੇੜਲੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ’ਚ ਖਾਲਿਸਤਾਨ ਪੱਖੀ ਕਥਿਤ ਵੱਖਵਾਦੀ ਅੰਮ੍ਰਿਤਪਾਲ ਸਿੰਘ ’ਤੇ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਲਗਾ ਕੇ ਉਸ ਨੂੰ ਜੇਲ੍ਹ ’ਚ ਸੁੱਟਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਜੇਲ੍ਹ ’ਚੋਂ ਹੀ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਚੋਣ ਲੜ ਰਿਹਾ ਹੈ। ਸ਼ਾਹ ਨੇ ਬਾਂਡ ਯੋਜਨਾ ਬਾਰੇ ਕਿਹਾ ਕਿ ਜਦੋਂ ਸਿਆਸੀ ਪਾਰਟੀਆਂ ਮੌਜੂਦਾ ਵਿੱਤੀ ਵਰ੍ਹੇ ਦੇ ਆਪਣੇ ਖ਼ਾਤਿਆਂ ਬਾਰੇ ਜਾਣਕਾਰੀਆਂ ਦੇਣਗੀਆਂ ਤਾਂ ਨਕਦ ਅਤੇ ਚੈੱਕ ਰਾਹੀਂ ਮਿਲੇ ਚੰਦੇ ਬਾਰੇ ਪਤਾ ਲੱਗੇਗਾ। ਉਨ੍ਹਾਂ ਕਿਹਾ ਕਿ ਬਾਂਡ ਸਮੇਂ ਚੈੱਕ ਰਾਹੀਂ ਚੰਦੇ ਦਾ ਅੰਕੜਾ 96 ਫ਼ੀਸਦ ਤੱਕ ਪਹੁੰਚ ਗਿਆ ਸੀ। ‘ਜੇ ਹੁਣ ਕਾਲੇ ਧਨ ਦਾ ਅਸਰ ਪੈਂਦਾ ਹੈ ਤਾਂ ਫਿਰ ਉਸ ਦਾ ਬਦਲ ਲੱਭਿਆ ਜਾਣਾ ਚਾਹੀਦਾ ਹੈ। ਇਸ ਬਾਰੇ ਸੰਸਦ ’ਚ ਬਹਿਸ ਹੋਣੀ ਚਾਹੀਦੀ ਹੈ।’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ’ਚ ਨਾ ਸਿਰਫ਼ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਇਆ ਸਗੋਂ ਅਤਿਵਾਦ ਦਾ ਖ਼ਾਤਮਾ ਕੀਤਾ ਜਿਸ ਦੇ ਨਤੀਜੇ ਵਜੋਂ ਦੇਸ਼ ’ਚ ਦਹਿਸ਼ਤੀ ਘਟਨਾਵਾਂ ’ਚ ਕਮੀ ਆਈ ਹੈ। ਸ਼ਾਹ ਨੇ ਕਿਹਾ, ‘‘ਅਸੀਂ ਫ਼ੈਸਲਾ ਲਿਆ ਕਿ ਕਸ਼ਮੀਰ ’ਚ ਜੇ ਕੋਈ ਦਹਿਸ਼ਤੀ ਜਥੇਬੰਦੀ ’ਚ ਸ਼ਾਮਲ ਹੁੰਦਾ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਵੀ ਸਰਕਾਰੀ ਨੌਕਰੀ ਨਹੀਂ ਮਿਲੇਗੀ। ਇਸੇ ਤਰ੍ਹਾਂ ਜੇ ਕੋਈ ਪਥਰਾਅ ਦੀਆਂ ਘਟਨਾਵਾਂ ’ਚ ਸ਼ਾਮਲ ਹੋਵੇਗਾ ਤਾਂ ਉਸ ਦੇ ਪਰਿਵਾਰਕ ਮੇਂਬਰ ਨੂੰ ਵੀ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਕੁਝ ਮਨੁੱਖੀ ਅਧਿਕਾਰ ਕਾਰਕੁਨ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਗਏ ਸਨ ਪਰ ਅਖੀਰ ’ਚ ਸਰਕਾਰ ਦੀ ਜਿੱਤ ਹੋਈ।’’ ਉਂਜ ਜੇ ਪਰਿਵਾਰ ਦਾ ਕੋਈ ਮੈਂਬਰ ਸਰਕਾਰ ਨੂੰ ਆ ਕੇ ਜਾਣਕਾਰੀ ਦਿੰਦਾ ਹੈ ਕਿ ਉਨ੍ਹਾਂ ਦੇ ਘਰ ’ਚੋਂ ਕੋਈ ਦਹਿਸ਼ਤਗਰਦਾਂ ਨਾਲ ਰਲ ਗਿਆ ਹੈ ਤਾਂ ਅਜਿਹੇ ਪਰਿਵਾਰ ਨੂੰ ਰਾਹਤ ਦਿੱਤੀ ਜਾਵੇਗੀ। ਨਵੇਂ ਅਪਰਾਧਿਕ ਕਾਨੂੰਨਾਂ ਬਾਰੇ ਸ਼ਾਹ ਨੇ ਕਿਹਾ ਕਿ ਪਹਿਲੀ ਜੁਲਾਈ ਤੋਂ ਲਾਗੂ ਹੋਣ ਮਗਰੋਂ ਸੰਮਨ ਐੱਸਐੱਮਐੱਸ ਰਾਹੀਂ ਜਾਰੀ ਹੋਣਗੇ ਅਤੇ 90 ਫ਼ੀਸਦ ਗਵਾਹ ਆਨਲਾਈਨ ਪੇਸ਼ ਹੋਣਗੇ। ਉਨ੍ਹਾਂ ਕਿਹਾ ਕਿ ਐੱਫਆਈਆਰ ਦਰਜ ਹੋਣ ਦੇ ਤਿੰਨ ਸਾਲਾਂ ’ਚ ਹੀ ਕੇਸਾਂ ਦਾ ਫ਼ੈਸਲਾ ਹੋ ਜਾਵੇਗਾ। ਨਵੇਂ ਕਾਨੂੰਨ ਲਾਗੂ ਕਰਨ ਦੀ ਤਿਆਰੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਤਕਨਾਲੋਜੀ ਦੀ ਸਹਾਇਤਾ ਨਾਲ ਇਸ ਨੂੰ ਅਮਲ ’ਚ ਲਿਆਂਦਾ ਜਾਵੇਗਾ। -ਪੀਟੀਆਈ
‘ਹਾਰ ਦਾ ਠੀਕਰਾ ਖੜਗੇ ਸਿਰ ਭੰਨਿਆ ਜਾਵੇਗਾ’
ਲਖਨਊ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ 4 ਜੂਨ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣ ਮਗਰੋਂ ਹਾਰ ਦਾ ਠੀਕਰਾ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਸਿਰ ਭੰਨਿਆ ਜਾਵੇਗਾ ਅਤੇ ਉਨ੍ਹਾਂ ਦਾ ਅਹੁਦਾ ਖੁੱਸ ਜਾਵੇਗਾ। ਯੂਪੀ ਦੇ ਕੁਸ਼ੀਨਗਰ, ਬਲੀਆ ਅਤੇ ਚੰਦੌਲੀ ’ਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਹਾਰ ਲਈ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਵੇਗਾ ਅਤੇ ਉਨ੍ਹਾਂ ਦੇ ਲੋਕ ਪ੍ਰੈੱਸ ਕਾਨਫਰੰਸ ਕਰਕੇ ਆਖਣਗੇ ਕਿ ਈਵੀਐੱਮਜ਼ ਕਾਰਨ ਉਨ੍ਹਾਂ ਦੀ ਹਾਰ ਹੋਈ ਹੈ। ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਚੋਣਾਂ ਦੇ ਪਹਿਲੇ ਪੰਜ ਗੇੜਾਂ ’ਚ ਮੋਦੀ 310 ਸੀਟਾਂ ਪਾਰ ਚੁੱਕੇ ਹਨ ਜਦਕਿ ਰਾਹੁਲ ਨੂੰ 40 ਤੋਂ ਘੱਟ ਅਤੇ ਅਖਿਲੇਸ਼ ਯਾਦਵ ਨੂੰ 4 ਸੀਟਾਂ ਹੀ ਮਿਲਣਗੀਆਂ। ਪੂਰਵਾਂਚਲ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੋਵਿਡ, ਅਤਿਵਾਦ ਅਤੇ ਨਕਸਲਵਾਦ ਤੋਂ ਸਿਰਫ਼ ਮੋਦੀ ਹੀ ਬਚਾ ਸਕਦੇ ਹਨ। -ਪੀਟੀਆਈ