ਜਗਮੋਹਨ ਸਿੰਘ
ਰੂਪਨਗਰ, 25 ਦਸੰਬਰ
ਵਿਧਾਨ ਸਭਾ ਹਲਕਾ ਰੂਪਨਗਰ ਤੋਂ ‘ਆਪ’ ਆਗੂ ਰਾਜਿੰਦਰ ਸਿੰਘ ਭੱਠੇ ਵਾਲੇ ਨੇ ਕਿਹਾ ਕਿ ਖਣਨ ਠੇਕੇਦਾਰਾਂ ਨੂੰ ਲਾਭ ਪਹੁੰਚਾਉਣ ਲਈ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਕਦਮਾਂ ’ਤੇ ਹੀ ਚੱਲ ਰਹੀ ਹੈ। ਇਥੇ ਪੱਤਰਕਾਰਾਂ ਨੂੰ ਪੰਜਾਬ ਸਰਕਾਰ ਦੁਆਰਾ ਨਵੀਂ ਬਣਾਈ ਸੈਂਡ ਐਂਡ ਗਰੈਵਲ ਮਾਈਨਿੰਗ ਪਾਲਿਸੀ ਦੀਆਂ ਕਾਪੀਆਂ ਦਿਖਾਉਂਦੇ ਹੋਏ ਰਾਜਿੰਦਰ ਸਿੰਘ ਨੇ ਕਿਹਾ ਕਿ ਉਕਤ ਪਾਲਿਸੀ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੇਤੇ ਅਤੇ ਗਰੈਵਲ ਦਾ ਰੇਟ 9 ਰੁਪਏ ਪ੍ਰਤੀ ਕਿਊਬਿਕ ਫੁੱਟ ਤੋਂ ਘਟਾ ਕੇ 5.50 ਰੁਪਏ ਪ੍ਰਤੀ ਫੁੱਟ ਕਰਨ ਦਾ ਦਾਅਵਾ ਕੀਤਾ ਹੈ ਅਤੇ ਇਸ ਪਾਲਿਸੀ ਅਨੁਸਾਰ ਰਾਇਲਟੀ ਦਾ ਰੇਟ ਵੀ 2.40 ਰੁਪਏ ਤੋਂ ਘਟਾ ਕੇ 0.73 ਪੈਸੇ ਪ੍ਰਤੀ ਕਿਊਬਿਕ ਫੁੱਟ ਕੀਤਾ ਹੈ। ਰਾਜਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਰੂਪਨਗਰ ਦੇ ਖਣਨ ਠੇਕੇਦਾਰਾਂ ਨੇ ਰਾਇਲਟੀ ਦਾ ਰੇਟ ਘਟਾਉਣ ਦੀ ਬਜਾਇ ਕਰੱਸ਼ਰਾਂ ’ਤੇ ਤਿਆਰ ਹੋਏ ਮਾਲ ਤੇ ਰਾਇਲਿਟੀ 3.25 ਰੁਪਏ ਫੁੱਟ ਤੋਂ ਵਧਾ ਕੇ 3.50 ਵਸੂਲਣੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਆਮ ਲੋਕਾਂ ਨੂੰ ਫਾਇਦਾ ਹੋਣ ਦੀ ਬਜਾਇ ਖਣਨ ਠੇਕੇਦਾਰ ਕਈ ਗੁਣਾ ਵੱਧ ਮੁਨਾਫਾ ਖੱਟਣ ਲੱਗ ਪਏ ਹਨ, ਜਦੋ਼ਂ ਕਿ ਆਮ ਲੋਕਾਂ ਨੂੰ ਸਟੋਨ ਕਰੱਸ਼ਰਾਂ ਤੋਂ ਤਿਆਰ ਹੋਇਆ ਰੇਤਾ ਅਤੇ ਹੋਰ ਮਟੀਰੀਅਲ ਪਹਿਲਾਂ ਨਾਲੋਂ ਵੀ ਮਹਿੰਗਾ ਮਿਲਣ ਲੱਗ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਖਣਨ ਕਾਰੋਬਾਰ ਵਿੱਚੋਂ ਠੇਕੇਦਾਰਾਂ ਨੂੰ ਆਊਟ ਕੀਤਾ ਜਾਵੇਗਾ ਜਿਸ ਨਾਲ ਆਮ ਲੋਕਾਂ ਨੂੰ ਰੇਤਾ ਬਜਰੀ ਸਸਤੇ ਰੇਟਾਂ ’ਤੇ ਮਿਲੇਗਾ।
ਕੀ ਕਹਿੰਦੇ ਨੇ ਠੇਕੇਦਾਰ ਤੇ ਅਧਿਕਾਰੀ
ਇਸ ਸਬੰਧ ਵਿੱਚ ਠੇਕੇਦਾਰ ਰਾਕੇਸ਼ ਚੌਧਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਉਨ੍ਹਾਂ ਤੋਂ ਮਾਲ ਲੈਣ ਵੇਲੇ ਆਪਣੀ ਮਸ਼ੀਨਰੀ ਨਾਲ ਲੋਡ ਕਰਦਾ ਹੈ ਤਾਂ ਰਾਇਲਟੀ 3.50 ਰੁਪਏ ਵਸੂਲੀ ਜਾਂਦੀ ਹੈ ਅਤੇ ਜੇਕਰ ਉਨ੍ਹਾਂ ਤੋਂ ਲੋਡ ਕਰਵਾਉਂਦਾ ਹੈ ਤਾਂ ਉਹ 5.50 ਰੁਪਏ ਲੈਂਦੇ ਹਨ ਅਤੇ ਸਰਕਾਰੀ ਰੇਟਾਂ ਤੋਂ ਇੱਕ ਪੈਸਾ ਵੀ ਜ਼ਿਆਦਾ ਨਹੀਂ ਲੈਂਦੇ। ਇਸ ਸਬੰਧੀ ਖਣਨ ਵਿਭਾਗ ਰੂਪਨਗਰ ਦੇ ਐਸਡੀਓ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਠੇਕੇਦਾਰ ਦੀ ਖੱਡ ਤੇ ਕੱਚੇ ਮਾਲ ਦੀ ਰਾਇਲਟੀ ਹੁਣ ਲਗਭਗ 1.50 ਰੁਪਏ ਹੈ ਅਤੇ ਇਸ ਤੋਂ ਵਧੇਰੇ ਵਸੂਲੀ ਦੀ ਸ਼ਿਕਾਇਤ ਮਿਲਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।