ਜਸਵੰਤ ਜੱਸ
ਫ਼ਰੀਦਕੋਟ, 31 ਅਕਤੂਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਲੁਧਿਆਣਾ ਦਾਨ ਵਿੱਚ ਮਿਲੇ 1200 ਏਕੜ ਦੇ ਬੀਜ ਖੋਜ ਕੇਂਦਰ ਨੂੰ ਚਲਾਉਣ ਤੋਂ ਹੱਥ ਖੜ੍ਹੇ ਕਰ ਗਈ ਹੈ। ਫ਼ਰੀਦਕੋਟ ਰਿਆਸਤ ਦੇ ਆਖ਼ਰੀ ਰਾਜਾ ਹਰਿੰਦਰ ਸਿੰਘ ਬਰਾੜ ਨੇ ਸੂਬੇ ਦੇ ਕਿਸਾਨਾਂ ਨੂੰ ਆਧੁਨਿਕ ਬੀਜ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਆਪਣੀ 1200 ਏਕੜ ਜ਼ਮੀਨ ਖੋਜ ਕਾਰਜਾਂ ਲਈ ਲਗਪਗ ਮੁਫ਼ਤ ਵਜੋਂ ਦਾਨ ਵਿੱਚ ਦਿੱਤੀ ਸੀ। 30 ਸਾਲ ਪਹਿਲਾਂ ਪੰਜਾਬ ਦੀ ਪੀਏਯੂ ਨੇ ਇੱਥੇ ਆਪਣਾ ਮਹਾਰਾਜਾ ਹਰਿੰਦਰ ਸਿੰਘ ਬੀਜ ਖੋਜ ਕੇਂਦਰ ਸ਼ੁਰੂ ਕੀਤਾ ਸੀ ਅਤੇ ਇਸ ਖੋਜ ਕੇਂਦਰ ਵਿੱਚ ਯੂਨੀਵਰਸਿਟੀ ਨੇ ਉੱਤਮ ਕਿਸਮ ਦੇ ਬੀਜਾਂ ਦੀ ਖੋਜ ਕੀਤੀ।
30 ਸਾਲ ਦਾ ਇਕਰਾਰ ਪੂਰਾ ਹੋਣ ਤੋਂ ਬਾਅਦ ਪੀਏਯੂ ਨੇ ਫ਼ਰੀਦਕੋਟ ਰਿਆਸਤ ਦੀ ਜਾਇਦਾਦ ਸੰਭਾਲ ਰਹੇ ਮਹਾਰਾਵਲ ਖੇਵਾ ਜੀ ਟਰੱਸਟ ਨਾਲ ਨਵਾਂ ਸਮਝੌਤਾ ਕਰਨਾ ਸੀ। ਪ੍ਰਾਪਤ ਸੂਚਨਾ ਅਨੁਸਾਰ ਟਰੱਸਟ ਨੇ ਪੀਏਯੂ ਤੋਂ ਬੀਜ ਖੋਜ ਕੇਂਦਰ ਲਈ ਵਰਤੀ ਜਾਣ ਵਾਲੀ 1200 ਏਕੜ ਜ਼ਮੀਨ ਦਾ ਮਾਮੂਲੀ ਠੇਕਾ ਮੰਗਿਆ ਸੀ ਜਿਸ ਨੂੰ ਦੇਣ ਤੋਂ ਯੂਨੀਵਰਸਿਟੀ ਮੁੱਕਰ ਗਈ ਹੈ। ਫ਼ਰੀਦਕੋਟ ਇਲਾਕੇ ਵਿੱਚ ਜ਼ਮੀਨ ਦਾ ਠੇਕਾ 55 ਤੋਂ 55 ਹਜ਼ਾਰ ਰੁਪਏ ਪ੍ਰਤੀ ਕਿੱਲਾ ਹੈ ਜਦੋਂਕਿ ਟਰੱਸਟ ਨੇ ਪੀਏਯੂ ਤੋਂ ਸਿਰਫ਼ ਛੇ ਹਜ਼ਾਰ ਰੁਪਏ ਪ੍ਰਤੀ ਕਿੱਲਾ ਦੇ ਹਿਸਾਬ ਨਾਲ ਠੇਕਾ ਮੰਗਿਆ ਸੀ ਪਰ ਯੂਨੀਵਰਸਿਟੀ ਨੇ ਇਹ ਠੇਕਾ ਦੇਣ ਤੋਂ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਪੀਏਯੂ ਨੇ ਆਪਣਾ ਇੱਥੇ ਚੱਲਦਾ ਖੋਜ ਕੇਂਦਰ ਬੰਦ ਕਰਨ ਅਤੇ ਇੱਥੇ ਕੰਮ ਕਰਨ ਵਾਲੇ ਕਰੀਬ 300 ਕਾਮਿਆਂ ਨੂੰ ਵੀ ਫਾਰਗ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਬੀਜ ਖੋਜ ਕੇਂਦਰ ਲਈ ਪੀਏਯੂ ਨੇ ਆਧੁਨਿਕ ਮਸ਼ੀਨਰੀ ਖ਼ਰੀਦੀ ਸੀ, ਜੋ ਹੁਣ ਇੱਥੇ ਬੇਕਾਰ ਹਾਲਤ ਵਿੱਚ ਖੜ੍ਹੀ ਹੈ। ਮਹਾਰਾਵਲ ਖੇਵਾ ਜੀ ਟਰੱਸਟ ਦੇ ਮੁੱਖ ਅਧਿਕਾਰੀ ਜਗੀਰ ਸਿੰਘ ਸਰਾਂ ਨੇ ਕਿਹਾ ਕਿ ਉਨ੍ਹਾਂ ਨੇ ਬੀਜ ਖੇਤੀ ਖੋਜ ਕੇਂਦਰ ਲਈ ਇਹ ਜ਼ਮੀਨ ਦੇਣ ਦੀ ਇੱਛਾ ਜ਼ਾਹਿਰ ਕੀਤੀ ਸੀ ਪਰ ਪੀਏਯੂ ਨੇ ਕੋਈ ਭਰਵਾਂ ਹੁੰਗਾਰਾ ਨਹੀਂ ਭਰਿਆ। ਇਸ ਕਰ ਕੇ ਇਸ ਵਾਰੀ 1200 ਏਕੜ ਵਿੱਚ ਕੋਈ ਵੀ ਫ਼ਸਲ ਨਹੀਂ ਬੀਜੀ ਗਈ।
ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਖੇਤੀਬਾੜੀ ਖੋਜ ਕੇਂਦਰ ਨੂੰ ਚੱਲਦਾ ਰੱਖਣ ਲਈ ਉਹ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰ ਰਹੇ ਹਨ ਤੇ ਜਲਦ ਹੀ ਪੰਜਾਬ ਸਰਕਾਰ ਇਸ ਬਾਰੇ ਕੋਈ ਨਵਾਂ ਫ਼ੈਸਲਾ ਲਵੇਗੀ।
‘ਆਪ’ ਆਗੂ ਗੁਰਦਿੱਤ ਸਿੰਘ ਸੇਖੋਂ ਤੇ ਹਰਵਿੰਦਰ ਸਿੰਘ ਹੈਪੀ ਬਰਾੜ ਨੇ ਦੋਸ਼ ਲਾਇਆ ਕਿ ਪੀਏਯੂ ਕਿਸਾਨਾਂ ਨੂੰ ਕੋਈ ਅਹਿਮੀਅਤ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਮੁਫ਼ਤ ਦੇ ਭਾਅ ਮਿਲੀ ਜ਼ਮੀਨ ਉੱਪਰ ਵੀ ਪੀਏਯੂ ਜੇ ਖੋਜ ਕੇਂਦਰ ਨਹੀਂ ਚਲਾ ਸਕਦੀ ਤਾਂ ਯੂਨੀਵਰਸਿਟੀ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।