ਜਸਵੰਤ ਜੱਸ
ਫ਼ਰੀਦਕੋਟ, 4 ਜੂਨ
ਫ਼ਰੀਦਕੋਟ ਨੇੜਲੇ ਪਿੰਡ ਟਹਿਣਾ ਵਿੱਚ ਦਿਨ-ਦਿਹਾੜੇ ਪੰਜ ਨਕਾਬਪੋਸ਼ ਲੁਟੇਰਿਆਂ ਨੇ ਇੰਡਸਇੰਡ ਬੈਂਕ ਵਿੱਚ ਡਾਕਾ ਮਾਰ ਕੇ 3 ਲੱਖ 43 ਹਜ਼ਾਰ ਰੁਪਏ ਲੁੱਟ ਲਏ ਹਨ। ਲੁਟੇਰੇ ਜਾਂਦੇ ਸਮੇਂ ਬੈਂਕ ਮੁਲਾਜ਼ਮਾਂ ਦੇ ਤਿੰਨ ਮੋਬਾਈਲ ਫ਼ੋਨ ਅਤੇ ਇੱਕ ਔਰਤ ਮੁਲਾਜ਼ਮ ਦੀ ਸੋਨੇ ਦੀ ਚੇਨੀ ਵੀ ਖੋਹ ਕੇ ਲੈ ਗਏ।
ਸੂਚਨਾ ਅਨੁਸਾਰ ਹੌਂਡਾ ਸਿਟੀ ਕਾਰ ਉਤੇ ਆਏ ਲੁਟੇਰਿਆਂ ਨੇ ਬੈਂਕ ਅਮਲੇ ਨੂੰ ਹਥਿਆਰ ਦਿਖਾ ਕੇ ਇਹ ਲੁੱਟ ਕੀਤੀ ਅਤੇ ਜਦੋਂ ਬੈਂਕ ਦੇ ਮੈਨੇਜਰ ਤੇ ਕੁਝ ਹੋਰ ਮੁਲਾਜ਼ਮਾਂ ਨੇ ਲੁਟੇਰਿਆਂ ਦਾ ਵਿਰੋਧ ਕਰਨਾ ਚਾਹਿਆ ਤਾਂ ਉਨ੍ਹਾਂ ਕਿਰਪਾਨਾਂ ਨਾਲ ਬੈਂਕ ਮੈਨੇਜਰ ਅਤੇ ਇੱਕ ਹੋਰ ਮੁਲਾਜ਼ਮ ਨੂੰ ਜ਼ਖ਼ਮੀ ਕਰ ਦਿੱਤਾ, ਜੋ ਸਿਵਲ ਹਸਪਤਾਲ ਫ਼ਰੀਦਕੋਟ ਵਿੱਚ ਜ਼ੇਰੇ ਇਲਾਜ ਹਨ। ਸੂਚਨਾ ਅਨੁਸਾਰ ਲੁੱਟ ਦਾ ਸ਼ਿਕਾਰ ਹੋਏ ਨਿੱਜੀ ਬੈਂਕ ਵਿੱਚ ਨਾ ਤਾਂ ਸੁਰੱਖਿਆ ਕਰਮਚਾਰੀ ਮੌਜੂਦ ਸੀ ਅਤੇ ਨਾ ਹੀ ਬੈਂਕ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ। ਬੈਂਕ ਮੁਲਾਜ਼ਮ ਜਾਇਕਾ ਅਤੇ ਧਰਮਿੰਦਰ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਕੋਲ ਪਿਸਤੌਲ ਅਤੇ ਹੋਰ ਹਥਿਆਰ ਸਨ। ਜ਼ਿਲ੍ਹਾ ਪੁਲੀਸ ਸਵਰਨਦੀਪ ਸਿੰਘ ਨੇ ਕਿਹਾ ਕਿ ਪੁਲੀਸ ਦੀਆਂ ਟੀਮਾਂ ਨੇ ਮੌਕੇ ’ਤੇ ਜਾ ਕੇ ਸਮੁੱਚੀ ਘਟਨਾ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਕਿਹਾ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।