ਜਸਵੰਤ ਜੱਸ
ਫ਼ਰੀਦਕੋਟ, 11 ਜੁਲਾਈ
ਫ਼ਰੀਦਕੋਟ ਪੁਲੀਸ ਨੇ ਪਿੰਡ ਬੀੜ ਸਿੱਖਾਂਵਾਲਾ ਵਿੱਚ ਮੁਕਾਬਲੇ ਤੋਂ ਬਾਅਦ ਬੰਬੀਹਾ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਫਰੀਦਕੋਟ ਦੇ ਆਸ-ਪਾਸ ਦੋ ਸ਼ੱਕੀ ਵਿਅਕਤੀ ਘੁੰਮ ਰਹੇ ਹਨ, ਜਨਿ੍ਹਾਂ ਦਾ ਪੁਲੀਸ ਪਾਰਟੀ ਨੇ ਪਿੱਛਾ ਕੀਤਾ ਅਤੇ ਪਿੰਡ ਸਿੱਖਾਂਵਾਲਾ ਦੇ ਬੀੜ ਵਿੱਚ ਇਨ੍ਹਾਂ ਸ਼ੱਕੀਆਂ ਨੇ ਪੁਲੀਸ ਉੱਪਰ ਗੋਲੀਬਾਰੀ ਕਰ ਦਿੱਤੀ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਜਵਾਬ ਵਿੱਚ ਪੁਲੀਸ ਨੇ ਵੀ ਫਾਇਰਿੰਗ ਕੀਤੀ ਜਿਸ ਵਿੱਚ ਸੁਰਿੰਦਰਪਾਲ ਸਿੰਘ ਉਰਫ ਬਿੱਲਾ ਜ਼ਖ਼ਮੀ ਹੋ ਗਿਆ। ਮੁਕਾਬਲੇ ਤੋਂ ਬਾਅਦ ਪੁਲੀਸ ਨੇ ਸ਼ਮਿੰਦਰ ਲਾਲ ਉਰਫ ਰਾਹੁਲ, ਸਤਨਾਮ ਸਿੰਘ ਉਰਫ਼ ਵਿੱਕੀ ਅਤੇ ਸੁਰਿੰਦਰਪਾਲ ਸਿੰਘ ਉਰਫ਼ ਬਿੱਲਾ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 32 ਬੋਰ ਪਿਸਤੌਲ, ਇੱਕ ਮੋਟਰਸਾਈਕਲ ਅਤੇ ਇੱਕ ਇਨੋਵਾ ਕਾਰ ਬਰਾਮਦ ਕੀਤੀ ਹੈ। ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਪੁਲੀਸ ’ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ਾਂ ਹੇਠ ਵੀ ਪਰਚਾ ਦਰਜ ਕੀਤਾ ਗਿਆ ਹੈ। ਇਹ ਤਿੰਨੋਂ ਵਿਅਕਤੀ ਜੈਤੋ ਦੇ ਇੱਕ ਕਾਰੋਬਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਲੋੜੀਂਦੇ ਸਨ। ਫੜੇ ਗਏ ਮੁਲਜ਼ਮਾਂ ਨੂੰ ਪੁਲੀਸ ਨੇ ਇਲਾਕਾ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਤਿੰਨੋਂ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਹੋਰ ਵੀ ਅਪਰਾਧਕ ਘਟਨਾਵਾਂ ਬਾਰੇ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ।
ਜੱਗੂ ਭਗਵਾਨਪੁਰੀਆ ਗੈਂਗ ਦੇ ਤਿੰਨ ਮੈਂਬਰ ਮਥੁਰਾ ਤੋਂ ਗ੍ਰਿਫ਼ਤਾਰ
ਅੰਮ੍ਰਿਤਸਰ (ਟਨਸ): ਪੁਲੀਸ ਨੇ ਇੱਕ ਕੇਸ ਵਿੱਚ ਲੋੜੀਂਦੇ ਜੱਗੂ ਭਗਵਾਨਪੁਰੀਆ ਗੈਂਗ ਦੇ ਤਿੰਨ ਮੈਂਬਰਾਂ ਤੇ ਸ਼ੂਟਰਾਂ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪਰਮ ਦਲੀਪ ਸਿੰਘ ਉਰਫ ਪੰਮਾ, ਅਭਿਸ਼ੇਕ ਮਹਾਜਨ ਅਤੇ ਸੋਨੂੰ ਗੋਸਵਾਮੀ ਵਜੋਂ ਹੋਈ ਹੈ। ਇਨ੍ਹਾਂ ਦੇ ਕੋਲੋਂ ਪੁਲੀਸ ਨੇ ਦੋ ਪਿਸਤੌਲ, ਇੱਕ ਮੋਟਰਸਾਈਕਲ, ਇੱਕ ਜੈਮਰ, ਮੋਬਾਈਲ ਫੋਨ ਤੇ ਹੋਰ ਸਾਜੋ ਸਾਮਾਨ ਪ੍ਰਾਪਤ ਕੀਤਾ ਹੈ। ਇਸ ਸਬੰਧੀ ਏਡੀਸੀਪੀ ਅਭਿਮਾਨਿਊ ਰਾਣਾ ਨੇ ਦੱਸਿਆ ਕਿ 22 ਮਈ ਨੂੰ ਥਾਣਾ ਮਕਬੂਲਪੁਰਾ ਵਿੱਚ ਸ਼ਿਕਾਇਤਕਰਤਾ ਰਵਨੀਤ ਸਿੰਘ ਉਰਫ ਸੋਨੂੰ ਨੇ ਦੱਸਿਆ ਸੀ ਕਿ ਗੋਲਡਨ ਗੇਟ ਨੇੜੇ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਉੱਪਰ ਗੋਲੀ ਚਲਾਈ ਅਤੇ ਜਾਨੋਂ ਮਾਰਨ ਦਾ ਯਤਨ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਪੁਲੀਸ ਨੇ ਜੱਗੂ ਭਗਵਾਨਪੁਰੀਆ ਗੈਂਗ ਦੇ 2 ਮੈਂਬਰਾਂ ਨੂੰ ਜੰਮੂ ਕਸ਼ਮੀਰ ਦੇ ਕੱਟੜਾਂ ਤੋਂ 28 ਮਈ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਕੇਸ ਦੀ ਚੱਲ ਰਹੀ ਜਾਂਚ ਦੌਰਾਨ ਹੁਣ ਪੁਲੀਸ ਨੇ ਇਸ ਗੈਂਗ ਦੇ ਤਿੰਨ ਹੋਰ ਮੈਂਬਰਾਂ ਨੂੰ ਉੱਤਰ ਪ੍ਰਦੇਸ਼ ਤੋਂ ਕਾਬੂ ਕੀਤਾ ਹੈ।