ਚਰਨਜੀਤ ਭੁੱਲਰ
ਚੰਡੀਗੜ੍ਹ, 19 ਜਨਵਰੀ
ਕਿਸਾਨ ਘੋਲ ਦੀ ਹੇਕ ਹੁਣ ਰੇਲਾਂ ’ਚ ਗੂੰਜਣ ਲੱਗੀ ਹੈ। ਰੇਲਵੇ ਸਟੇਸ਼ਨਾਂ ਅਤੇ ਰੇਲਾਂ ਦੇ ਡੱਬਿਆਂ ’ਚ ਕਿਸਾਨਾਂ ਦੇ ਝੰਡਿਆਂ ਦਾ ਹੜ੍ਹ ਆਉਂਦਾ ਹੈ। ਦਿਨ ਰਾਤ ਇਨ੍ਹਾਂ ਗੱਡੀਆਂ ’ਚ ਕਿਸਾਨਾਂ ਦੀ ਭੀੜ ਜੁੜਦੀ ਹੈ। ਕੇਸਰੀ ਚੁੰਨੀਆਂ ਵਾਲੀਆਂ ਔਰਤਾਂ ਅਤੇ ਕਿਸਾਨ ਜਦੋਂ ਰੇਲਾਂ ਵਿਚ ਚੜ੍ਹਦੇ ਹਨ ਤਾਂ ਨਵਾਂ ਮਾਹੌਲ ਬਣਦਾ ਹੈ। ਘਰਾਂ ’ਚੋਂ ਲਿਆਂਦਾ ਲੰਗਰ ਗੱਡੀਆਂ ਵਿੱਚ ਵੀ ਵਰਤਦਾ ਹੈ। ਆਮ ਯਾਤਰੀ ਵੀ ਇਸ ਕਿਸਾਨੀ ਘੋਲ ਦੇ ਰੰਗ ਵਿੱਚ ਰੰਗੇ ਜਾਂਦੇ ਹਨ।
ਦੈਨਿਕ ਐਕਸਪ੍ਰੈਸ ਗੰਗਾਨਗਰ ਤੋਂ ਦਿੱਲੀ ਲਈ ਚੱਲਦੀ ਹੈ। ਬਠਿੰਡਾ ਤੋਂ 8.40 ਵਜੇ ਸਵੇਰੇ ਰਵਾਨਾ ਹੁੰਦੀ ਹੈ। ਗੰਗਾਨਗਰ ਅਤੇ ਅਬੋਹਰ ਦੇ ਕਿਸਾਨਾਂ ਤੋਂ ਇਲਾਵਾ ਇਸ ਐਕਸਪ੍ਰੈੱਸ ਗੱਡੀ ਵਿੱਚ ਮੌੜ ਅਤੇ ਮਾਨਸਾ ਦੇ ਕਿਸਾਨਾਂ ਦੀ ਵੱਡੀ ਭੀੜ ਹੁੰਦੀ ਹੈ। ਰਾਜਸਥਾਨ ਦੇ ਕਿਸਾਨ ਇਸ ਗੱਡੀ ਜ਼ਰੀਏ ਦਿੱਲੀ ਮੋਰਚੇ ’ਚ ਹਾਜ਼ਰੀ ਭਰਦੇ ਹਨ। ਜਦੋਂ ਬਹਾਦਰਗੜ੍ਹ ਵਿੱਚ ਕਿਸਾਨ ਉੱਤਰਦੇ ਹਨ ਤਾਂ ਗੱਡੀ ਇੱਕ ਤਰ੍ਹਾਂ ਨਾਲ ਸੁੰਨੀ ਹੋ ਜਾਂਦੀ ਹੈ। ਪੰਜਾਬ ਦੇ ਮਾਲਵਾ ਖ਼ਿੱਤੇ ’ਚੋਂ ਬਹੁਤੇ ਕਿਸਾਨ ਹੁਣ ਰੇਲ ਗੱਡੀਆਂ ਜ਼ਰੀਏ ਦਿੱਲੀ ਮੋਰਚੇ ਵਿੱਚ ਜਾ ਰਹੇ ਹਨ, ਜਿਨ੍ਹਾਂ ਦੇ ਟਰੈਕਟਰ ਟਰਾਲੀ ਪੱਕੇ ਤੌਰ ’ਤੇ ਮੋਰਚੇ ਵਿੱਚ ਖੜ੍ਹੇ ਹਨ।
‘ਕਿਸਾਨ ਐਕਸਪ੍ਰੈੱਸ’ ਬਠਿੰਡਾ ਤੋਂ ਵਾਇਆ ਰੋਹਤਕ ਦਿੱਲੀ ਲਈ ਸਵੇਰੇ 5 ਵਜੇ ਰਵਾਨਾ ਹੁੰਦੀ ਹੈ। ਇਸ ਗੱਡੀ ਵਿਚ ਜ਼ਿਆਦਾ ਗਿਣਤੀ ਰਾਮਾਂ ਮੰਡੀ ਖੇਤਰ ਅਤੇ ਹਰਿਆਣਾ ਦੇ ਸਿਰਸਾ, ਹਿਸਾਰ ਤੇ ਰੋਹਤਕ ਦੇ ਕਿਸਾਨਾਂ ਦੇ ਜਥਿਆਂ ਦੀ ਹੁੰਦੀ ਹੈ। ਟੀਟੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਦੋਂ ਇਹ ਕਿਸਾਨ ਰੇਲਵੇ ਸਟੇਸ਼ਨ ’ਤੇ ਪੁੱਜਦੇ ਹਨ ਤਾਂ ਕਿਸਾਨੀ ਘੋਲ ਦੇ ਨਾਅਰੇ ਲਾਉਂਦੇ ਹਨ। ਜਦੋਂ ਗੱਡੀ ਰਵਾਨਾ ਹੁੰਦੀ ਹੈ, ਉਦੋਂ ਜੈਕਾਰੇ ਛੱਡੇ ਜਾਂਦੇ ਹਨ। ਰਸਤੇ ਵਿੱਚ ਕਿਸਾਨ ਆਗੂ ਆਮ ਯਾਤਰੀਆਂ ਨੂੰ ‘ਖੇਤੀ ਕਾਨੂੰਨਾਂ’ ਬਾਰੇ ਭਾਸ਼ਨ ਵੀ ਦਿੰਦੇ ਹਨ।
ਮੋਟੇ ਅੰਦਾਜ਼ੇ ਅਨੁਸਾਰ ਇਨ੍ਹਾਂ ਗੱਡੀਆਂ ਵਿੱਚ ਰੋਜ਼ਾਨਾ ਹਜ਼ਾਰਾਂ ਕਿਸਾਨ ਸਫ਼ਰ ਕਰਦੇ ਹਨ। ‘ਪੰਜਾਬ ਮੇਲ’ ਫਿਰੋਜ਼ਪੁਰ ਤੋਂ ਦਿੱਲੀ ਲਈ ਚੱਲਦੀ ਹੈ। ਇਹ ਗੱਡੀ 9 ਵਜੇ ਸ਼ਾਮੀਂ ਫਿਰੋਜ਼ਪੁਰ ਤੋਂ ਰਵਾਨਾ ਹੁੰਦੀ ਹੈ। ਫਿਰੋਜ਼ਪੁਰ, ਫਰੀਦਕੋਟ, ਕੋਟਕਪੂਰਾ ਦੇ ਵੱਡੀ ਗਿਣਤੀ ਵਿੱਚ ਕਿਸਾਨ ਇਸ ਗੱਡੀ ਵਿਚ ਸਫ਼ਰ ਕਰਦੇ ਹਨ। ਕਿਸਾਨ ਆਗੂ ਸਿਕੰਦਰ ਸਿੰਘ ਘੁੰਮਣ ਦੱਸਦਾ ਹੈ ਕਿ ਆਮ ਯਾਤਰੀ ਟਰੇਨਾਂ ਵਿੱਚ ਏਨਾ ਸਤਿਕਾਰ ਕਿਸਾਨ ਬੀਬੀਆਂ ਨੂੰ ਦਿੰਦੇ ਹਨ ਕਿ ਖੁਦ ਉੱਠ ਕੇ ਸੀਟ ਤੋਂ ਖੜ੍ਹੇ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਆਮ ਯਾਤਰੀ ਵੀ ਕਿਸਾਨਾਂ ਨਾਲ ਨਾਅਰੇ ਲਾਉਂਦੇ ਹਨ।
ਰਾਮਪੁਰਾ ਇਲਾਕੇ ’ਚੋਂ ਕਿਸਾਨ ਆਗੂ ਮੋਠੂ ਸਿੰਘ ਕੋਟੜਾ ਕਾਫਲੇ ਲੈ ਕੇ ਹਰ ਹਫ਼ਤੇ ਦਿੱਲੀ ਜਾਂਦਾ ਹੈ। ਉਹ ਦੱਸਦਾ ਹੈ ਕਿ ਰੇਲਵੇ ਦੇ ਡਰਾਈਵਰ ਕਿਸਾਨਾਂ ਲਈ ਖਾਸ ਤੌਰ ’ਤੇ ਦੋ-ਦੋ ਤਿੰਨ-ਤਿੰਨ ਹਾਰਨ ਮਾਰਦੇ ਹਨ ਤਾਂ ਜੋ ਚੜ੍ਹਨ ਤੋਂ ਕੋਈ ਕਿਸਾਨ ਰਹਿ ਨਾ ਜਾਵੇ। ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨ ਰਾਤ ਨੂੰ ਦੋ ਵਜੇ ਫਾਜ਼ਿਲਕਾ ਤੋਂ ਚੱਲਦੀ ਇੰਟਰ ਸਿਟੀ ਗੱਡੀ ’ਚ ਸਫ਼ਰ ਕਰਦੇ ਹਨ। ਇਸ ਗੱਡੀ ਵਿੱਚ ਰਾਮਪੁਰਾ, ਬਰਨਾਲਾ ਤੇ ਤਪਾ ਇਲਾਕੇ ਦੇ ਜ਼ਿਆਦਾ ਕਿਸਾਨ ਹੁੰਦੇ ਹਨ। ਬੀਕੇਯੂ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਸਭ ਗੱਡੀਆਂ ਹੁਣ ਕਿਸਾਨਾਂ ਨਾਲ ਨੱਕੋ-ਨੱਕ ਭਰੀਆਂ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਹਰ ਗੱਡੀ ਕਿਸਾਨ ਘੋਲ ਵਿੱਚ ਪੂਰੀ ਤਰ੍ਹਾਂ ਲੀਨ ਹੁੰਦੀ ਹੈ। ਦੱਸਦੇ ਹਨ ਕਿ ਨੌਜਵਾਨ ਕਿਸਾਨ ਮੋਬਾਈਲ ਫੋਨਾਂ ’ਤੇ ਕਿਸਾਨੀ ਘੋਲ ਵਾਲੇ ਗਾਣੇ ਵੀ ਵਜਾਉਂਦੇ ਹਨ।
ਬੀਕੇਯੂ (ਉਗਰਾਹਾਂ) ਦੇ ਕਿਸਾਨ ਨੇਤਾ ਰਾਮ ਸਿੰਘ ਭੈਣੀਬਾਘਾ ਦੱਸਦੇ ਹਨ ਕਿ ਬਹੁਤੇ ਕਿਸਾਨ ਆਮ ਯਾਤਰੀਆਂ ਨਾਲ ਟਰੇਨ ਵਿੱਚ ਆਪਣੇ ਖੇਤਾਂ ਦੇ ਦੁੱਖ ਸਾਂਝੇ ਕਰਦੇ ਹਨ। ਔਰਤਾਂ ਆਪਣੇ ਘਰਾਂ ਦੀ ਦਾਸਤਾਂ ਸ਼ਹਿਰੀ ਲੋਕਾਂ ਨਾਲ ਸਾਂਝੀ ਕਰਦੀਆਂ ਹਨ। ਮਾਲਵਾ ਖ਼ਿੱਤੇ ’ਚੋਂ ਚੱਲਣ ਵਾਲੀਆਂ ਚਾਰ ਗੱਡੀਆਂ ’ਚ ਇੱਕ ਤਰ੍ਹਾਂ ਨਾਲ ‘ਕਿਸਾਨ ਘੋਲ’ ਹੀ ਸਫ਼ਰ ਕਰਦਾ ਹੈ। ‘ਪੰਜਾਬ ਮੇਲ’ ਫਿਰੋਜ਼ਪੁਰ ਤੋਂ ਮੁੰਬਈ ਜਾਂਦੀ ਹੈ। ਇਸ ਟਰੇਨ ਵਿੱਚ ਮੁੰਬਈ ਦੇ ਕਾਫ਼ੀ ਆਮ ਯਾਤਰੀ ਹੁੰਦੇ ਹਨ ਜਿਨ੍ਹਾਂ ਦੇ ਬੱਚਿਆਂ ਨੂੰ ਰੇਲਵੇ ਸਟੇਸ਼ਨਾਂ ’ਤੇ ਕਿਸਾਨ ਜੇਬ੍ਹ ’ਤੇ ਲਾਉਣ ਵਾਲੇ ਬਿੱਲੇ ਵੀ ਤੋਹਫ਼ੇ ਵਜੋਂ ਦੇ ਦਿੰਦੇ ਹਨ। ਦੇਖਿਆ ਜਾਵੇ ਤਾਂ ਹਰ ਟਰੇਨ ਹੀ ‘ਕਿਸਾਨ ਐਕਸਪ੍ਰੈੱਸ’ ਹੋਣ ਦਾ ਭੁਲੇਖਾ ਪਾਉਂਦੀ ਹੈ। ਰੇਲਵੇ ਦੇ ਸਟਾਫ ਵੀ ਇਨ੍ਹਾਂ ਕਿਸਾਨਾਂ ਪ੍ਰਤੀ ਕਾਫ਼ੀ ਪ੍ਰੇਮ ਵਾਲਾ ਵਤੀਰਾ ਰੱਖਦਾ ਹੈ।
ਚੰਗੀ ਬੁਕਿੰਗ ਮਿਲ ਰਹੀ ਹੈ: ਡੀਆਰਐੱਮ
ਅੰਬਾਲਾ ਡਿਵੀਜ਼ਨ ਦੇ ਡੀਆਰਐਮ ਜੀ.ਐੱਮ. ਸਿੰਘ ਦਾ ਕਹਿਣਾ ਸੀ ਕਿ ਇੰਟਰ ਸਿਟੀ ਟਰੇਨਾਂ ਨੂੰ ਚੰਗੀ ਬੁਕਿੰਗ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਧੁੰਦ ਵਿਚ ਆਮ ਲੋਕ ਵੀ ਜ਼ਿਆਦਾ ਟਰੇਨਾਂ ਵਿੱਚ ਸਫ਼ਰ ਕਰਦੇ ਹਨ ਅਤੇ ਹੁਣ ਕੋਵਿਡ ਦੇ ਭੈਅ ’ਚੋਂ ਵੀ ਲੋਕ ਮੁਕਤ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵੀ ਗੱਡੀਆਂ ਵਿੱਚ ਜਾ ਰਹੇ ਹਨ।