ਬੀ.ਐਸ.ਚਾਨਾ
ਸ੍ਰੀ ਆਨੰਦਪੁਰ ਸਾਹਿਬ, 13 ਜੂਨ
ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਢਾਈ ਦਹਾਕੇ ਤੱਕ ਚੱਲੇ ਰਿਸ਼ਤੇ ਦੇ ਟੁੱਟਣ ਮਗਰੋਂ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਸੋਹਲੇ ਗਾਉਂਦੇ ਹੋਏ ਸੀਨੀਅਰ ਭਾਜਪਾ ਆਗੂ ਮਦਨ ਮੋਹਨ ਮਿੱਤਲ ਨੇ ਉਨ੍ਹਾਂ ਨੂੰ ਸਿੱਖ ਕੌਮ ਦਾ ਸਭ ਤੋਂ ਵੱਡਾ ਲੀਡਰ ਦੱਸਦੇ ਹੋਏ ਕਿਹਾ ਕਿ ਬਾਦਲ ਸਭ ਤੋਂ ਵੱਧ ਨਿੱਘੇ ਸੁਭਾਅ, ਸਮਰਪਿਤ ਧਾਰਮਿਕ ਆਗੂ ਤੇ ਸਿਆਸਤਦਾਨ ਹਨ। ਇਹੋ ਕਾਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਪੈਰਾਂ ਨੂੰ ਹੱਥ ਲਗਾਉਂਦੇ ਹਨ। ਮਿੱਤਲ ਨੇ ਕਿਸਾਨੀ ਸੰਘਰਸ਼ ਬਾਰੇ ਬੋਲਦੇ ਹੋਏ ਕਿਹਾ ਕਿ ਜੇ ਕਿਸਾਨ ਚਾਹੁਣ ਤਾਂ ਉਹ ਕਿਸਾਨਾਂ ਤੇ ਕੇਂਦਰ ਦਰਮਿਆਨ ਵਿਚੋਲਗੀ ਕਰਨ ਲਈ ਤਿਆਰ ਹਨ ਤੇ ਜਿਵੇਂ ਕਿਸਾਨ ਕਹਿਣਗੇ ਤਾਂ ਉਨ੍ਹਾਂ ਦੀ ਮੀਟਿੰਗ ਫਿਕਸ ਕਰਵਾ ਦੇਣਗੇ ਤਾਂ ਜੋ ਇਸ ਮਸਲੇ ਦਾ ਸਾਰਥਕ ਹੱਲ ਨਿੱਕਲ ਸਕੇ।