ਦਵਿੰਦਰ ਪਾਲ
ਚੰਡੀਗੜ੍ਹ, 14 ਅਗਸਤ
ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਟੌਲ ਪਲਾਜ਼ਿਆਂ, ਅੰਬਾਨੀ ਅਤੇ ਅਡਾਨੀ ਟਿਕਾਣਿਆਂ ਅਤੇ ਪੈਟਰੋਲ ਪੰਪਾਂ ਸਮੇਤ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਦੌਰਾਨ ਬੁਲਾਰਿਆਂ ਦੇ ਭਾਸ਼ਨ ਆਜ਼ਾਦੀ ਦਿਹਾੜੇ ਮੌਕੇ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ’ਤੇ ਕੇਂਦਰਿਤ ਰਹੇ। ਆਗੂਆਂ ਨੇ ਦੱਸਿਆ ਕਿ ਦਿੱਲੀ ਦੇ ਕਿਸਾਨ ਮੋਰਚਿਆਂ ਦੀ ਮਜ਼ਬੂਤੀ ਲਈ ਪੰਜਾਬ ਤੋਂ ਕਿਸਾਨਾਂ ਦੇ ਕਾਫ਼ਲੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਮੁਹਾਲੀ, ਫਰੀਦਕੋਟ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਸੰਗਰੂਰ, ਪਟਿਆਲਾ, ਬਰਨਾਲਾ, ਮਾਨਸਾ, ਬਠਿੰਡਾ ਅਤੇ ਫਤਹਿਗੜ੍ਹ ਸਾਹਿਬ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਜਥੇ ਦਿੱਲੀ ਅੰਦੋਲਨ ਲਈ ਰਵਾਨਾ ਹੋਏ ਹਨ। ਆਗੂਆਂ ਨੇ ਦੱਸਿਆ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ 15 ਅਗਸਤ ਨੂੰ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ’ ਵਜੋਂ ਮਨਾਉਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ‘ਕਿਸਾਨ ਸੰਸਦ’ ਦੀ ਸਫ਼ਲਤਾ ਮਗਰੋਂ ਕਿਸਾਨ ਯੂਨੀਅਨਾਂ ਦਾ ਧਿਆਨ ਹੁਣ 15 ਅਗਸਤ ਨੂੰ ਤਹਿਸੀਲ ਪੱਧਰੀ ‘ਵਹੀਕਲ-ਮਾਰਚ’ ਨੂੰ ਸਫ਼ਲ ਬਣਾਉਣ ’ਤੇ ਹੈ। ਸੰਯੁਕਤ ਕਿਸਾਨ ਮੋਰਚੇ ਦੀ ਅਪੀਲ ’ਤੇ ਦੇਸ਼ ਭਰ ਦੇ ਕਿਸਾਨ ਤਹਿਸੀਲ ਪੱਧਰ ’ਤੇ ‘ਤਿਰੰਗਾ ਰੈਲੀਆਂ’ ਕੱਢਣਗੇ। ਉਨ੍ਹਾਂ ਕਿਹਾ ਕਿ ਭਲਕੇ ਤਿਰੰਗਾ ਮਾਰਚ ਵਿੱਚ ਕਿਸਾਨ ਅਤੇ ਮਜ਼ਦੂਰ ਟਰੈਕਟਰ, ਮੋਟਰਸਾਈਕਲ, ਸਾਈਕਲ ਅਤੇ ਬਲਦ ਗੱਡੀਆਂ ਲੈ ਕੇ ਹਿੱਸਾ ਲੈਣਗੇ ਅਤੇ ਬਲਾਕ ਅਤੇ ਤਹਿਸੀਲ ਜ਼ਿਲ੍ਹਾ ਹੈੱਡਕੁਆਰਟਰ ਵੱਲ ਕੂਚ ਕਰਨਗੇ। ਪ੍ਰਦਰਸ਼ਨਕਾਰੀ ਨੇੜਲੇ ਧਰਨਾ ਸਥਾਨਾਂ ’ਤੇ ਵੀ ਜਾ ਸਕਦੇ ਹਨ। ਇਸ ਦੌਰਾਨ ਵਾਹਨਾਂ ’ਤੇ ਤਿਰੰਗੇ ਲੱਗੇ ਹੋਣਗੇ।
ਹਰਿਆਣਾ ’ਚ ਵੀ ਕਿਸਾਨ ਅੱਜ ਕੱਢਣਗੇ ਮਾਰਚ
ਚੰਡੀਗੜ੍ਹ (ਆਤਿਸ਼ ਗੁਪਤਾ): ਹਰਿਆਣਾ ਵਿੱਚ ਵੀ ਭਲਕੇ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ’ ਵਜੋਂ ਮਨਾਇਆ ਜਾਵੇਗਾ। ਇਸ ਮੌਕੇ ਸੂਬੇ ਵਿੱਚ ‘ਕਿਸਾਨ-ਮਜ਼ਦੂਰ ਆਜ਼ਾਦੀ ਸੰਗਰਾਮ ਮਾਰਚ’ ਕੀਤੇ ਜਾਣਗੇ। ਜੀਂਦ ਵਿੱਚ ਔਰਤਾਂ ਦੀ ਅਗਵਾਈ ਵਿੱਚ ਤਿਰੰਗਾ ਮਾਰਚ ਕੱਢੇ ਜਾਣਗੇ। ਇਸੇ ਤਰ੍ਹਾਂ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਤਿਰੰਗਾ ਮਾਰਚ ਕੱਢੇ ਜਾਣਗੇ। ਭਾਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਪ੍ਰਧਾਨ ਰਵੀ ਆਜ਼ਾਦ ਨੇ ਦੱਸਿਆ ਕਿ ਹਰਿਆਣਾ ਵਿੱਚ ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ ’ਤੇ ‘ਕਿਸਾਨ-ਮਜ਼ਦੂਰ ਆਜ਼ਾਦੀ ਸੰਗਰਾਮ ਮਾਰਚ’ ਕੱਢਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 200 ਦੇ ਕਰੀਬ ਥਾਵਾਂ ’ਤੇ ਮਾਰਚ ਕੱਢੇ ਜਾਣ ਦੀ ਤਿਆਰੀ ਕੀਤੀ ਗਈ ਹੈ। ਜੀਂਦ ਦੇ ਖਟਕੜ ਟੌਲ ਪਲਾਜ਼ਾ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਆਜ਼ਾਦ ਪਲਵਾ ਨੇ ਕਿਹਾ ਕਿ ਖਟਕੜ ਟੌਲ ਪਲਾਜ਼ਾ ’ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਔਰਤਾਂ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਵਿਧਾਨ ਸਭਾ ਹਲਕਾ ਉਚਾਣਾ ਤੋਂ ਤਿਰੰਗਾ ਮਾਰਚ ਦੀ ਸ਼ੁਰੂਆਤ ਕੀਤੀ ਜਾਵੇਗੀ।
ਮੁਲਕ ਭਾਵੇਂ ਸਾਡਾ ਆਜ਼ਾਦ ਹੈ ਪਰ ਭਾਰਤੀ ਅਜੇ ਵੀ ਗੁਲਾਮ ਨੇ: ਉਗਰਾਹਾਂ
ਨਵੀਂ ਦਿੱਲੀ(ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਭਲਕੇ 15 ਅਗਸਤ ਨੂੰ ਆਜ਼ਾਦੀ ਦਿਵਸ ਵਜੋਂ ਮਨਾਉਣਗੀਆਂ, ਪਰ ਇਹ ਨਕਲੀ ਤੇ ਅਖੌਤੀ ਆਜ਼ਾਦੀ ਹੈ ਕਿਉਂਕਿ ਅੰਗਰੇਜ਼ ਸਾਮਰਾਜ ਵੱਲੋਂ ਦੇਸ਼ ਦੀਆਂ ਕੁੱਝ ਪਾਰਟੀਆਂ ਨਾਲ ਭਾਰਤ ਦੀ ਲੁੱਟ ਜਾਰੀ ਰੱਖਣ ਲਈ ਗੁਪਤ ਸਮਝੌਤੇ ਕੀਤੇ ਗਏ ਸਨ। ਇਸ ਤਰ੍ਹਾਂ ਇਹ ਖਰੀ ਆਜ਼ਾਦੀ ਤੇ ਬਰਾਬਰੀ ਲਈ ਲੜ ਰਹੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਸੀ। ਉਨ੍ਹਾਂ ਕਿਹਾ ਕਿ ਅੰਗਰੇਜ਼ ਹਾਕਮਾਂ ਵੱਲੋਂ ਬਣਾਏ ਕਾਨੂੰਨਾਂ ਤੇ ਲੋਕ ਵਿਰੋਧੀ ਨੀਤੀਆਂ ਨੂੰ ਨਵੇਂ ਸੋਧੇ ਹੋਏ ਸੰਵਿਧਾਨ ਰਾਹੀਂ ਜਿਉਂ ਦਾ ਤਿਉਂ ਕਾਇਮ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ, ‘‘ਸਾਡਾ ਮੁਲਕ ਭਾਵੇਂ ਆਜ਼ਾਦ ਹੈ, ਪਰ ਭਾਰਤੀ ਲੋਕ ਗ਼ੁਲਾਮ ਹਨ।’’ ਕਿਸਾਨ ਆਗੂ ਨੇ ਕਿਹਾ, ‘‘ਅੰਗਰੇਜ਼ ਸਾਮਰਾਜ ਨੇ 1947 ਵਿੱਚ ਫ਼ਿਰਕੂ ਪੱਤਾ ਖੇਡਦਿਆਂ ਅਤੇ ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਦਿਆਂ ਵੱਡੀ ਪੱਧਰ ’ਤੇ ਕਤਲੇਆਮ ਅਤੇ ਉਜਾੜਾ ਕਰ ਕੇ ਬਹੁਤ ਵੱਡਾ ਨੁਕਸਾਨ ਕੀਤਾ ਹੈ।’’