ਗੁਰਦੀਪ ਸਿੰਘ ਲਾਲੀ
ਸੰਗਰੂਰ, 17 ਅਕਤੂਬਰ
ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਦਿਨ-ਰਾਤ ਦੇ ਚੱਲ ਰਹੇ ਪੱਕੇ ਮੋਰਚੇ ਵਿੱਚ ਲੰਘੀ ਰਾਤ ਸੱਪ ਦੇ ਡੰਗਣ ਕਾਰਨ ਪਿੰਡ ਬਖੋਰਾ ਕਲਾਂ ਦੇ ਕਿਸਾਨ ਗੁਰਚਰਨ ਸਿੰਘ ਦੀ ਮੌਤ ਹੋ ਗਈ, ਜਿਸ ਕਰ ਕੇ ਅੱਜ ਪੱਕੇ ਮੋਰਚੇ ਦਾ 9ਵਾਂ ਦਿਨ ਸੋਗਮਈ ਅਤੇ ਰੋਹ ਭਰਪੂਰ ਰਿਹਾ। ਸਟੇਜ ਤੋਂ ਮ੍ਰਿਤਕ ਕਿਸਾਨ ਗੁਰਚਰਨ ਸਿੰਘ ਨੂੰ ਸੰਘਰਸ਼ੀ ਮੋਰਚੇ ਦਾ ਸ਼ਹੀਦ ਕਰਾਰ ਦਿੱਤਾ ਗਿਆ ਅਤੇ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੇ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰਨ ਕਰਦਿਆਂ ਸ਼ਹੀਦ ਕਿਸਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਸਾਨ ਦੀ ਮੌਤ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਕਿਸਾਨ ਦੀ ਦੇਹ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਹੀ ਰੱਖੀ ਗਈ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਸਾਨ ਦੀ ਮੌਤ ਲਈ ‘ਆਪ’ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਮੰਨੀਆਂ ਮੰਗਾਂ ਲਾਗੂ ਕਰਾਉਣ ਲਈ ਕਿਸਾਨਾਂ ਨੂੰ ਰਾਤਾਂ ਸੜਕ ਕਿਨਾਰੇ ਝਾੜੀਆਂ ਵਿੱਚ ਬਿਤਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਸ਼ਹੀਦ ਕਿਸਾਨ ਦੇ ਵਾਰਿਸਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਅਤੇ ਕਿਸਾਨ ਪਰਿਵਾਰ ਦੇ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਤੁਰੰਤ ਇਹ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਸ਼ਹੀਦ ਕਿਸਾਨ ਦਾ ਸਸਕਾਰ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗਢੂੰਆਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਪੱਕੇ ਮੋਰਚੇ ’ਚ ਕਿਸਾਨ ਗੁਰਚਰਨ ਸਿੰਘ (73) ਸਾਥੀ ਕਿਸਾਨਾਂ ਸਮੇਤ ਸੜਕ ਕਿਨਾਰੇ ਹੇਠਾਂ ਵਿਛੇ ਗੱਦੇ ’ਤੇ ਸੁੱਤਾ ਸੀ। ਇਸ ਦੌਰਾਨ ਅਚਾਨਕ ਸੱਪ ਨੇ ਉਸ ਦੇ ਕੰਨ ਨੇੜੇ ਡੰਗ ਲਿਆ ਅਤੇ ਜ਼ਹਿਰ ਫੈਲਣ ਕਾਰਨ ਕਿਸਾਨ ਦੀ ਸਿਹਤ ਵਿਗੜ ਗਈ। ਮੌਕੇ ’ਤੇ ਰੌਲਾ ਪੈਣ ’ਤੇ ਸਾਥੀ ਕਿਸਾਨ ਉਸ ਨੂੰ ਪਹਿਲਾਂ ਇੱਕ ਨਿੱਜੀ ਹਸਪਤਾਲ ਅਤੇ ਬਾਅਦ ’ਚ ਸਿਵਲ ਹਸਪਤਾਲ ਲੈ ਗਏ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਘਟਨਾ ਤੋਂ ਬਾਅਦ ਕਿਸਾਨਾਂ ਨੇ ਸੱਪ ਨੂੰ ਵੀ ਮਾਰ ਦਿੱਤਾ ਸੀ। ਮ੍ਰਿਤਕ ਕਿਸਾਨ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਸ ਦੀ ਇੱਕੋ-ਇਕ ਲੜਕੀ ਵਿਆਹੀ ਹੋਈ ਹੈ ਤੇ ਕਿਸਾਨ ਗੁਰਚਰਨ ਸਿੰਘ ਆਪਣੇ ਭਤੀਜਿਆਂ ਦੇ ਨਾਲ ਰਹਿੰਦਾ ਸੀ। ਉਹ ਸਿਰਫ਼ ਡੇਢ ਏਕੜ ਜ਼ਮੀਨ ਦਾ ਮਾਲਕ ਸੀ। ਦੋਵੇਂ ਭਰਾਵਾਂ ਸਿਰ ਕਰੀਬ 8.66 ਲੱਖ ਰੁਪਏ ਦਾ ਕਰਜ਼ਾ ਦੱਸਿਆ ਜਾ ਰਿਹਾ ਹੈ।
ਅੱਜ ਪੱਕੇ ਮੋਰਚੇ ਦੌਰਾਨ ਭਰਵੇਂ ਇਕੱਠ ਨੇ ਸ਼ਹੀਦ ਕਿਸਾਨ ਨੂੰ ਸ਼ਰਧਾਂਜਲੀ ਭੇਟ ਕੀਤੀ। ਬੁਲਾਰਿਆਂ ਨੇ ਕਿਹਾ ਕਿ ਭੇਜੇ ਯਾਦ ਪੱਤਰ ਬਾਰੇ ਪੰਜਾਬ ਸਰਕਾਰ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ। ਜੇਕਰ ਕੋਈ ਹੱਲ ਨਾ ਹੋਇਆ ਤਾਂ 20 ਅਕਤੂਬਰ ਨੂੰ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੋਗਾ ਅਮਰਜੀਤ ਸਿੰਘ ਸੈਦੋਕੇ, ਲਖਵਿੰਦਰ ਸਿੰਘ ਮੰਜਿਆਂਵਾਲੀ ਗੁਰਦਾਸਪੁਰ, ਯੁਵਰਾਜ ਸਿੰਘ ਘੁਡਾਣੀ ਲੁਧਿਆਣਾ, ਜਗਦੇਵ ਸਿੰਘ ਜੋਗੇਵਾਲਾ ਮਾਨਸਾ, ਮਾਲਣ ਕੌਰ ਕੋਠਾਗੁਰੂ ਬਠਿੰਡਾ ਅਤੇ ਸੁੱਚਾ ਸਿੰਘ ਕੋਟਭਾਈ ਮੁਕਤਸਰ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਸਿੰਘ ਬਰਾਸ ਪਟਿਆਲਾ ਨੇ ਨਿਭਾਈ।