ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਮਾਰਚ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਮੁੱਖ ਮਾਰਗਾਂ ਉਪਰ 105 ਦਿਨਾਂ ਤੋਂ ਧਰਨੇ ਲਾ ਕੇ ਬੈਠੇ ਕਿਸਾਨਾਂ ਵੱਲੋਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਵਿੱਚ ਪੱਕੇ ਟਿਕਾਣੇ ਬਣਾ ਲਏ ਗਏ ਹਨ। ਉਨ੍ਹਾਂ ਆਪਣੇ ਮੂਲ ਪਿੰਡਾਂ ਦੇ ਨਾਂ ’ਤੇ ਤੰਬੂਆਂ ਅਤੇ ਟਰਾਲੀਆਂ ਵਿੱਚ ਪਿੰਡ ਵਸਾ ਕੇ ਤਖ਼ਤੀਆਂ ਵੀ ਗੱਡ ਦਿੱਤੀਆਂ ਹਨ। ਇਹ ਚਲਣ ਪਹਿਲਾਂ ਟਿਕਰੀ ਬਾਰਡਰ ’ਤੇ ਸ਼ੁਰੂ ਹੋਇਆ ਸੀ। ਇੱਥੇ 7 ਕਿਲੋਮੀਟਰ ਲੰਬੇ ਮੋਰਚੇ ਵਿੱਚ ਕਿਸਾਨਾਂ ਨੇ ਮੋਗਾ ਜ਼ਿਲ੍ਹੇ ਦੇ ਚਰਚਿਤ ਪਿੰਡ ਲੋਪੋਂ, ਨਿਹਾਲ ਸਿੰਘ ਵਾਲਾ ਦੇ ਲੋਹਾਰਾ, ਜਗਰਾਉਂ ਦੇ ਅਖਾੜਾ, ਰੋਪੜ ਦੇ ਚੱਕਲਾ, ਫਤਿਹਗੜ੍ਹ ਪੰਜਤੂਰ ਦੇ ਨਾਂ ਉਪਰ ਪਿੰਡ ਬਣਾ ਕੇ ਉਨ੍ਹਾਂ ਦੀ ਨਿਸ਼ਾਨਦੇਹੀ ਲਈ ਕੌਮੀ ਸ਼ਾਹਰਾਹ-1 ਉਪਰ ਤਖ਼ਤੀਆਂ ਲਗਾ ਦਿੱਤੀਆਂ ਹਨ। ‘0’ ਕਿਲੋਮੀਟਰ ਲਿਖ ਕੇ ਉੱਥੇ ਸਬੰਧਤ ਪਿੰਡਾਂ ਦੀਆਂ ਟਰਾਲੀਆਂ ਖੜ੍ਹੀਆਂ ਹੋਣ ਦੇ ਸੰਕੇਤ ਮਿਲਦੇ ਹਨ।