ਚਰਨਜੀਤ ਭੁੱਲਰ
ਚੰਡੀਗੜ੍ਹ, 11 ਅਪਰੈਲ
ਪੰਜਾਬ ’ਚ ਕਣਕ ਦੀ ਖ਼ਰੀਦ ਦੇ ਦੂਸਰੇ ਦਿਨ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਵੱਲੋਂ ਵੀ ਹੜਤਾਲ ਵਾਪਸ ਲਏ ਜਾਣ ਮਗਰੋਂ ਸਿੱਧੀ ਅਦਾਇਗੀ ਦੇ ਰਾਹ ’ਚੋਂ ਸਭ ਅੜਿੱਕੇ ਦੂਰ ਹੋ ਗਏ ਹਨ ਜਦਕਿ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਨੇ ਸ਼ਨਿਚਰਵਾਰ ਹੀ ਹੜਤਾਲ ਦਾ ਫ਼ੈਸਲਾ ਵਾਪਸ ਲੈ ਲਿਆ ਸੀ। ਪੰਜਾਬ ’ਚ ਅੱਜ ਦੂਸਰੇ ਦਿਨ ਕਣਕ ਦੀ ਖ਼ਰੀਦ ਦਾ ਕੰਮ ਲੀਹ ’ਤੇ ਪੈ ਗਿਆ ਹੈ। ਮਾਝੇ ਦੇ ਪੰਜ ਜ਼ਿਲ੍ਹਿਆਂ ਨੂੰ ਛੱਡ ਪੂਰੇ ਪੰਜਾਬ ’ਚ ਕਣਕ ਦੀ ਫ਼ਸਲ ਦੀ ਮੰਡੀਆਂ ਵਿਚ ਆਮਦ ਹੋ ਗਈ ਹੈ। ਅੱਜ ਦੂਸਰੇ ਦਿਨ ਕਰੀਬ 1.19 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਵਿਚ ਪੁੱਜੀ। ਹੁਣ ਤੱਕ ਪੰਜਾਬ ਦੀਆਂ ਮੰਡੀਆਂ ’ਚੋਂ 68,963 ਮੀਟਿ੍ਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਕਣਕ ਦੀ ਸਿੱਧੀ ਅਦਾਇਗੀ ਮੰਗਲਵਾਰ ਤੋਂ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਭਲਕੇ ਬੈਂਕਾਂ ਨਾਲ ਰਸਮੀ ਸਮਝੌਤਾ ਕੀਤਾ ਜਾਣਾ ਹੈ। ਇਸੇ ਦੌਰਾਨ ਪੰਜਾਬ ’ਚ ਕਣਕ ਦੀ ਖ਼ਰੀਦ ਦੇ ਦੂਸਰੇ ਦਿਨ ਹੀ ਕਿਸਾਨਾਂ ਅਤੇ ਆੜ੍ਹਤੀਆਂ ਨੇ ਭਾਰਤੀ ਖੁਰਾਕ ਨਿਗਮ ਨੂੰ ਜਿਣਸ ਦੇਣ ਤੋਂ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਰਾਜ ਭਰ ’ਚ ਭਾਰਤੀ ਖੁਰਾਕ ਨਿਗਮ ਨੂੰ 20 ਫੀਸਦੀ ਭਾਵ 26 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕਰਨ ਦਾ ਟੀਚਾ ਦਿੱਤਾ ਗਿਆ ਹੈ। ਭਾਰਤੀ ਖੁਰਾਕ ਨਿਗਮ ਨੇ ਦੋ ਦਿਨਾਂ ਦੌਰਾਨ ਸਿਰਫ਼ ਪਟਿਆਲੇ ਜ਼ਿਲ੍ਹੇ ਵਿਚ 288 ਮੀਟ੍ਰਿਕ ਟਨ ਫ਼ਸਲ ਖ਼ਰੀਦੀ ਹੈ।
ਭਾਰਤੀ ਖੁਰਾਕ ਨਿਗਮ ਦੇ ਹਿੱਸੇ ਕਰੀਬ 800 ਮੰਡੀਆਂ ਆਈਆਂ ਹਨ ਪਰ ਮੁਸ਼ਕਲ ਇਹ ਹੈ ਕਿ ਕੋਈ ਵੀ ਕਿਸਾਨ ਤੇ ਆੜ੍ਹਤੀਆ ਖੁਰਾਕ ਨਿਗਮ ਨੂੰ ਫ਼ਸਲ ਦੇਣ ਨੂੰ ਤਿਆਰ ਨਹੀਂ ਹੈ। ਮਾਰਕਫੈੱਡ ਸੰਗਰੂਰ ਦੇ ਜ਼ਿਲ੍ਹਾ ਮੈਨੇਜਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਕਿਸਾਨਾਂ ਤੇ ਆੜ੍ਹਤੀਆਂ ਦੀ ਮੰਗ ਦੇਖਦੇ ਹੋਏ ਨਿਰੋਲ ਐਫਸੀਆਈ ਵਾਲੀਆਂ ਮੰਡੀਆਂ ਵਿਚ ਹੋਰ ਖ਼ਰੀਦ ਏਜੰਸੀਆਂ ਨੂੰ ਵੀ ਜੋੜ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਆੜ੍ਹਤੀਆਂ ਨੂੰ ਡਰ ਹੈ ਕਿ ਖੁਰਾਕ ਨਿਗਮ ਨੇ ਲੇਬਰ ਚਾਰਜ ਆਦਿ ’ਚ ਕਟੌਤੀ ਕਰਨੀ ਹੈ ਅਤੇ ਮਾਪਦੰਡਾਂ ’ਤੇ ਵੀ ਸਵਾਲ ਉਠਾਏ ਜਾਣੇ ਹਨ। ਪੰਜਾਬ ’ਚ ਅੱਜ ਦੂਸਰੇ ਦਿਨ ਕਣਕ ਦੀ ਫ਼ਸਲ ਦੀ ਆਮਦ ਵਧੀ ਹੈ।
ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਦਾ ਕਹਿਣਾ ਸੀ ਕਿ ਅੱਜ ਸੁਨਾਮ ਵਿਚ ਸਮੂਹ ਆੜ੍ਹਤੀਆਂ ਨੇ ਮੀਟਿੰਗ ਕਰਕੇ ਕਿਸਾਨੀ ਹਿੱਤਾਂ ਦੇ ਮੱਦੇਨਜ਼ਰ ਹੜਤਾਲ ਸਮਾਪਤ ਕਰ ਦਿੱਤੀ ਹੈ ਅਤੇ ਕਣਕ ਦੇ ਸੀਜ਼ਨ ਦੌਰਾਨ ਰੋਸ ਪ੍ਰਗਟ ਕਰਨ ਲਈ ਆੜ੍ਹਤੀਆਂ ਨੇ ਕਾਲੇ ਬਿੱਲੇ ਲਾਉਣ ਅਤੇ ਦੁਕਾਨਾਂ ’ਤੇ ਕਾਲੇ ਝੰਡਾ ਲਾਉਣ ਦਾ ਫ਼ੈਸਲਾ ਕੀਤਾ ਹੈ। ਚੀਮਾ ਨੇ ਇਹ ਵੀ ਦੱਸਿਆ ਕਿ ਅਗਰ ਆਉਂਦੇ ਦੋ ਦਿਨਾਂ ਦੌਰਾਨ ਭਾਰਤੀ ਖੁਰਾਕ ਨਿਗਮ ਨੇ ਖ਼ਰੀਦ ’ਚ ਕੋਈ ਅੜਿੱਕਾ ਖੜ੍ਹਾ ਕੀਤਾ ਤਾਂ ਉਹ ਐਫਸੀਆਈ ਦਾ ਬਾਈਕਾਟ ਕਰਨਗੇ।
ਅੱਜ ਖ਼ਰੀਦ ਦੇ ਦੂਜੇ ਦਿਨ ਦਰਜਨਾਂ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੇ ਮੰਡੀਆਂ ਵਿਚ ਜਾ ਕੇ ਕਣਕ ਦੀ ਖਰੀਦ ਦਾ ਉਦਘਾਟਨ ਵੀ ਕੀਤਾ। ਐਤਕੀਂ ਕਣਕ ਦੀ ਖ਼ਰੀਦ ਦਾ ਕੰਮ 31 ਮਈ ਤੱਕ ਚੱਲਣਾ ਹੈ। ਕਿਸਾਨ ਧਿਰਾਂ ਨੇ ਵੀ ਖ਼ਰੀਦ ਨੂੰ ਲੈ ਕੇ ਮੰਡੀਆਂ ’ਤੇ ਨਜ਼ਰ ਰੱਖੀ ਹੋਈ ਹੈ। ਪੰਜਾਬ ਸਰਕਾਰ ਇਸ ਗੱਲੋਂ ਮੁਸਤੈਦ ਹੈ ਕਿ ਕਿਸਾਨਾਂ ਨੂੰ ਕਿਧਰੇ ਕੋਈ ਦਿੱਕਤ ਨਾ ਆਵੇ ਕਿਉਂਕਿ ਵਿਧਾਨ ਸਭਾ ਚੋਣਾਂ ਵੀ ਹੁਣ ਬਹੁਤੀਆਂ ਦੂਰ ਨਹੀਂ ਹਨ।
ਸਟੇਟ ਕੰਟਰੋਲ ਰੂਮ ਸਥਾਪਿਤ: ਲਾਲ ਸਿੰਘ
ਪੰਜਾਬ ਮੰਡੀ ਬੋਰਡ ਨੇ ਸਟੇਟ ਹੈੱਡਕੁਆਰਟਰ ਵਿਖੇ ਸਥਾਪਤ ਕੀਤੇ ਸਟੇਟ ਕੰਟਰੋਲ ਰੂਮ ਵਿੱਚ ਸਾਰੇ 22 ਜ਼ਿਲ੍ਹਿਆਂ ਲਈ ਸੰਪਰਕ ਨੰਬਰ ਜਾਰੀ ਕੀਤੇ ਹਨ ਤਾਂ ਕਿ ਕੋਵਿਡ-19 ਦੇ ਮੱਦੇਨਜ਼ਰ ਖਰੀਦ ਕਾਰਜਾਂ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਦੇ ਮਸਲਿਆਂ ਦਾ ਫੌਰੀ ਹੱਲ ਕੱਢਿਆ ਜਾ ਸਕੇ। ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਸਮਾਜਿਕ ਦੂਰੀ ਅਤੇ ਸਿਹਤ ਸੁਰੱਖਿਆ ਉਪਾਵਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ।
ਕਣਕ ਦੀ ਖ਼ਰੀਦ ਮੁਕੰਮਲ ਰੂਪ ’ਚ ਸ਼ੁਰੂ ਹੋਈ: ਡਾਇਰੈਕਟਰ
ਖੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਰਵੀ ਭਗਤ ਦਾ ਕਹਿਣਾ ਸੀ ਕਿ ਖ਼ਰੀਦ ਦਾ ਕੰਮ ਅੱਜ ਮੁਕੰਮਲ ਰੂਪ ਵਿਚ ਸ਼ੁਰੂ ਹੋ ਗਿਆ ਹੈ। ਭਲਕੇ ਬੈਂਕਾਂ ਨਾਲ ਸਿੱਧੀ ਅਦਾਇਗੀ ਬਾਰੇ ਐਗਰੀਮੈਂਟ ਕੀਤੇ ਜਾਣਗੇ ਅਤੇ ਸੋਮਵਾਰ ਸ਼ਾਮ ਤੱਕ ਸਿੱਧੀ ਅਦਾਇਗੀ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕਿਸਾਨ ਅਤੇ ਆੜ੍ਹਤੀਏ ਦੇ ਇਨਕਾਰ ਮਗਰੋਂ ਐਫਸੀਆਈ ਵਾਲੀਆਂ ਮੰਡੀਆਂ ਦੇ ਨਾਲ ਹੋਰ ਸਟੇਟ ਏਜੰਸੀਆਂ ਵੀ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਕਿਧਰੇ ਕੋਈ ਦਿੱਕਤ ਨਾ ਆਵੇ।