ਬੀਰਬਲ ਰਿਸ਼ੀ
ਸ਼ੇਰਪੁਰ, 8 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਜਾਂਦਿਆਂ ਪੁਲੀਸ ਰੋਕਾਂ ਤੋੜੇ ਜਾਣ ਮੌਕੇ ਪਾਣੀ ਦੀਆਂ ਬੁਛਾੜਾਂ ਸਮੇਤ ਹੋਰ ਜਬਰ ਦਾ ਸਾਹਮਣਾ ਕਰਦਿਆਂ ਬਿਮਾਰ ਹੋਣ ਮਗਰੋਂ ਮੌਤ ਦੇ ਮੂੰਹ ਪਏ ਸ਼ੇਰਪੁਰ ਦੇ ਬੀਕੇਯੂ ਡਕੌਂਦਾ ਦੇ ਮੈਂਬਰ ਕਿਸਾਨ ਕਰਨੈਲ ਸਿੰਘ ਦੀ ਲਾਸ਼ ਦਾ ਮੰਗਾਂ ਦੀ ਪੂਰਤੀ ਨਾ ਹੋਣ ਕਾਰਨ ਅੱਜ ਦੂਜੇ ਦਿਨ ਵੀ ਸਸਕਾਰ ਨਾ ਹੋ ਸਕਿਆ। ਕਿਸਾਨ ਆਗੂ ਮਰਹੂਮ ਕਿਸਾਨ ਦੀ ਲਾਸ਼ ਹਸਪਤਾਲ ਲੈ ਕੇ ਗਏ ਪਰ ਲਾਸ਼ ਰੱਖਣ ਦੀ ਥਾਂ ਪ੍ਰਸ਼ਾਸਨ ਵੱਲੋਂ ਸਸਕਾਰ ਲਈ ਦਬਾਅ ਪਾਏ ਜਾਣ ਕਾਰਨ ਕਿਸਾਨਾਂ ਦਾ ਰੋਹ ਭਖ਼ ਗਿਆ।
ਬੀਤੀ ਸ਼ਾਮ ਕਿਸਾਨ ਕਰਨੈਲ ਸਿੰਘ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ, ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ੀ ਸਬੰਧੀ ਐੱਸਡੀਐੱਮ ਧੂਰੀ ਲਤੀਫ਼ ਅਹਿਮਦ ਅਤੇ ਡੀਐੱਸਪੀ ਪਰਮਜੀਤ ਸਿੰਘ ਨਾਲ ਤੈਅ ਹੋਈ ਗੱਲਬਾਤ ਅਨੁਸਾਰ ਅੱਜ ਕਰਨੈਲ ਸਿੰਘ ਦੀ ਲਾਸ਼ ਸਰਕਾਰੀ ਹਸਪਤਾਲ ਧੂਰੀ ਦੇ ਮੁਰਦਾ ਘਰ ’ਚ ਰੱਖਣ ਗਏ ਕਿਸਾਨਾਂ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਕਿਸਾਨ ਦੇ ਸਸਕਾਰ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਜਿਉਂ ਹੀ ਕਿਸਾਨ ਆਗੂ ਹਰਭਜਨ ਸਿੰਘ ਅਲੀਪੁਰ ਨੇ ਇਹ ਜਾਣਕਾਰੀ ਧਰਨੇ ‘ਚ ਪਹੁੰਚਾਈ ਤਾਂ ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਛੰਨਾ, ਆਗੂ ਦਰਸ਼ਨ ਸਿੰਘ ਕਾਤਰੋਂ, ਲੋਕ ਮੰਚ ਪੰਜਾਬ ਦੇ ਕਨਵੀਨਰ ਕਾਮਰੇਡ ਸੁਖਦੇਵ ਬੜੀ ਅਤੇ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਕਰਨੈਲ ਸਿੰਘ ਲਾਸ਼ ਧੂਰੀ ਤੋਂ ਲਿਆ ਕੇ ਸ਼ੇਰਪੁਰ ਦੇ ਧਰਨੇ ਵਿੱਚ ਰੱਖਣ ਦਾ ਐਲਾਨ ਕਰ ਦਿੱਤਾ। ਇਸ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲਾਸ਼ ਮੁਰਦਾ ਘਰ ’ਚ ਰਖਵਾਈ। ਭਾਰਤ ਬੰਦ ਦੇ ਮੱਦੇਨਜ਼ਰ ਅੱਜ ਸ਼ੇਰਪੁਰ ਮੁਕੰਮਲ ਬੰਦ ਰਿਹਾ ਅਤੇ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਕਾਤਰੋਂ ਚੌਕ ਵਿੱਚ ਕਿਸਾਨਾਂ ਨੇ ਚੱਕਾ ਜਾਮ ਕੀਤਾ। ਧਰਨੇ ਵਿੱਚ ਸਾਬਕਾ ਵਿਧਾਇਕ ਹਰਚੰਦ ਕੌਰ ਤੇ ਅਕਾਲੀ ਆਗੂ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੂੰ ਜਥੇਬੰਦੀ ਨੇ ਬੋਲਣ ਦੀ ਇਜਾਜ਼ਤ ਨਾ ਦਿੱਤੀ।
ਗੁਰਜੰਟ ਸਿੰਘ ਦਾ ਸੱਤਵੇਂ ਦਿਨ ਵੀ ਨਾ ਹੋਇਆ ਸਸਕਾਰ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਜ਼ਿਲ੍ਹੇ ਦੇ ਕਿਸਾਨ ਗੁਰਜੰਟ ਸਿੰਘ (60), ਜਿਸ ਦੀ ਇੱਕ ਹਫ਼ਤਾ ਪਹਿਲਾਂ ਦਿੱਲੀ ਵਿੱਚ ਕਿਸਾਨ ਸੰਘਰਸ਼ ਦੌਰਾਨ ਮੌਤ ਹੋ ਗਈ ਸੀ, ਦਾ ਅੱਜ ਸੱਤਵੇਂ ਦਿਨ ਵੀ ਸਸਕਾਰ ਨਹੀਂ ਹੋ ਸਕਿਆ। ਸਸਕਾਰ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦਿੱਲੀ ਤੋਂ ਮਾਨਸਾ ਆਏ ਸਨ ਪਰ ਮਾਨਸਾ ਪ੍ਰਸ਼ਾਸਨ ਵੱਲੋਂ ਜਥੇਬੰਦੀ ਵੱਲੋਂ ਰੱਖੀਆਂ ਸ਼ਰਤਾਂ ਵੱਲ ਗ਼ੌਰ ਨਾ ਕਰਨ ਮਗਰੋਂ ਉਹ ਮੁੜ ਦਿੱਲੀ ਚਲੇ ਗਏ। ਜਥੇਬੰਦੀ ਨੇ ਜ਼ਿਲ੍ਹਾ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਲਈ 10 ਦਸੰਬਰ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਭਾਵੇਂ ਮਾਨਸਾ ਪੁਲੀਸ ਨੇ ਡੀਐੱਸਪੀ ਸਰਬਜੀਤ ਸਿੰਘ ਰਾਹੀਂ 5 ਲੱਖ ਰੁਪਏ ਪੁੱਜਣ ਦੀ ਜਾਣਕਾਰੀ ਦਿੱਤੀ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜੇ ਤਕ ਕੋਈ ਚੈੱਕ ਨਹੀਂ ਦਿੱਤਾ ਗਿਆ, ਜਿਸ ਕਰਕੇ ਜਥੇਬੰਦੀ ਵੱਲੋਂ ਸਸਕਾਰ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।