ਪਾਲ ਸਿੰਘ ਨੌਲੀ
ਜਲੰਧਰ, 31 ਅਕਤੂਬਰ
ਬੱਬਰ ਅਕਾਲੀ ਲਹਿਰ ਨੂੰ ਯਾਦ ਕਰਦਿਆਂ ਕਿਸਾਨ ਸੰਘਰਸ਼ ਨੂੰ ਸਮਰਪਿਤ ਦੋ ਰੋਜ਼ਾ 30ਵਾਂ ਮੇਲਾ ਗ਼ਦਰੀ ਬਾਬਿਆਂ ਦਾ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਦੇ ਵਿਹੜੇ ਵਿੱਚ ਕਾਰਪੋਰੇਟਾਂ ਤੋਂ ਜ਼ਮੀਨਾਂ ਬਚਾਉਣ ਲਈ ਇੱਕਜੁਟ ਹੋਣ ਦੇ ਸੱਦੇ ਨਾਲ ਸ਼ੁਰੂ ਹੋ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਖ਼ਜ਼ਾਨਚੀ ਰਣਜੀਤ ਸਿੰਘ ਔਲਖ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਹਰਦੇਵ ਅਰਸ਼ੀ, ਵਿਜੈ ਬੰਬੇਲੀ, ਹਰਮੇਸ਼ ਮਾਲੜੀ, ਪ੍ਰੋ. ਗੋਪਾਲ ਸਿੰਘ ਬੁੱਟਰ, ਦੇਵ ਰਾਜ ਨਯੀਅਰ ਅਤੇ ਮਨਜੀਤ ਸਿੰਘ ਨੇ ਸ਼ਮ੍ਹਾਂ ਰੌਸ਼ਨ ਕੀਤੀ। ਇਸ ਮੌਕੇ ਮਿਊਜ਼ੀਅਮ ਨੂੰ ਦਿੱਤੇ ਨਵੇਂ ਮੁਹਾਂਦਰੇ ਦਾ ਉਦਘਾਟਨ ਕਰਦਿਆਂ ਗ਼ਦਰੀ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ।
ਮੇਲੇ ਦੇ ਪਹਿਲੇ ਦਿਨ ਪਹਿਲੇ ਸੈਸ਼ਨ ਦੇ ਮੁੱਖ ਬੁਲਾਰੇ ਡਾ. ਗਿਆਨ ਸਿੰਘ ਨੇ ‘ਖੇਤੀ ਸੰਕਟ ਅਤੇ ਹੱਲ’ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਕਾਰਪੋਰੇਟ ਦੀ ਨੀਤੀ ’ਤੇ ਫੁੱਲ ਚੜ੍ਹਾਉਂਦਿਆਂ ਖੇਤੀ ਵਿਕਾਸ ਦੇ ਨਾਂ ’ਤੇ ਖੇਤੀ ਅਤੇ ਕਿਸਾਨੀ ਦੇ ਉਜਾੜੇ ਦਾ ਰਾਹ ਮੋਕਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਰਈ ਖੇਤਰ ਉੱਪਰ ਹਮਲੇ ਦਾ ਅਸਰ ਕਿਸਾਨਾਂ ਨਾਲੋਂ ਜ਼ਿਆਦਾ ਖੇਤ ਮਜ਼ਦੂਰਾਂ ’ਤੇ ਹੋਵੇਗਾ। ਇਸ ਲਈ ਕਿਰਤੀ ਕਿਸਾਨਾਂ ਨੂੰ ਸਾਂਝੇ ਸੰਗਰਾਮ ਤੇ ਹੱਲ ਦੇ ਨਵੇਂ ਰਾਹ ਤਲਾਸ਼ਣ ਲਈ ਸਾਂਝੇ ਉੱਦਮ ਜੁਟਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਹੇਠਲੇ ਡੰਡੇ ਤੇ ਵਸਦੀ ਮਿਹਨਤਕਸ਼ ਲੋਕਾਈ ਨੂੰ ਕਿਸਾਨ ਮੋਰਚੇ ਨੇ ਰੌਸ਼ਨੀ ਦੀ ਆਸ਼ਾਮਈ ਕਿਰਨ ਦਿਖਾਈ ਹੈ। ਕਿਸਾਨ ਸੰਘਰਸ਼ ਨੇ ਇਤਿਹਾਸ ਦੀਆਂ ਨਵੀਆਂ ਪੈੜਾਂ ਪਾਉਂਦਿਆਂ ਸਾਬਿਤ ਕੀਤਾ ਹੈ ਕਿ ਸਿਰਨਾਵਾਂ ਜਿਉਂਦਿਆਂ ਦਾ ਹੁੰਦਾ ਹੈ, ਮੋਇਆਂ ਦਾ ਨਹੀਂ। ਕਮੇਟੀ ਦੇ ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਕਿਸਾਨੀ ਸੰਕਟ ਦਾ ਜ਼ਿੰਮੇਵਾਰ ਸਾਮਰਾਜੀ ਕਾਰਪੋਰੇਟ ਘਰਾਣਿਆਂ ਦੀ ਸੇਵਾ ’ਚ ਭੁਗਤ ਰਿਹਾ ਜਾਗੀਰੂ ਸਾਮਰਾਜੀ ਪ੍ਰਬੰਧ ਹੈ। ਕਮੇਟੀ ਮੈਂਬਰ ਦਰਸ਼ਨ ਸਿੰਘ ਖਟਕੜ ਨੇ ਕਿਹਾ ਕਿ ਹਰੇ ਇਨਕਲਾਬ ਦੇ ਨਾਂ ’ਤੇ ਨਵੀਆਂ ਖੇਤੀ ਨੀਤੀਆਂ ਨੇ ਖੇਤੀ ਸੰਕਟ ਹੋਰ ਵੀ ਵਿਆਪਕ ਕੀਤਾ ਹੈ। ਕਮੇਟੀ ਮੈਂਬਰ ਹਰਦੇਵ ਅਰਸ਼ੀ ਨੇ ਕਿਹਾ ਕਿ ਖੇਤ ਮਜ਼ਦੂਰਾਂ ਨੂੰ ਇਸ ਘੋਲ ’ਚ ਅਨਿਖੜਵਾਂ ਅੰਗ ਬਣਾਉਣਾ ਲਾਜ਼ਮੀ ਹੈ।
ਦੂਜੇ ਸੈਸ਼ਨ ਵਿਚ ‘ਬੱਬਰ ਅਕਾਲੀ ਲਹਿਰ ਦਾ ਇਤਿਹਾਸ’ ਵਿਸ਼ੇ ’ਤੇ ਬੋਲਦਿਆਂ ਡਾ. ਕਮਲੇਸ਼ ਉੱਪਲ ਨੇ ਕਿਹਾ ਕਿ ਬੱਬਰ ਅਕਾਲੀ ਲਹਿਰ ਗ਼ਦਰ ਲਹਿਰ ਤੋਂ ਪ੍ਰੇਰਨਾ ਲੈ ਕੇ ਆਜ਼ਾਦੀ ਦੀ ਜੱਦੋ-ਜਹਿਦ ’ਚ ਕੁੱਦੀ। ਬੱਬਰ ਅਕਾਲੀ ਲਹਿਰ ਨੇ ਆਜ਼ਾਦੀ ਦੇ ਇਤਿਹਾਸ ਵਿੱਚ ਅਮਿੱਟ ਛਾਪ ਛੱਡੀ। ਵਿਚਾਰ-ਚਰਚਾ ’ਚ 30ਵੇਂ ਮੇਲੇ ਦੀ ਸਾਰਥਕਤਾ ਸਬੰਧੀ ਮੁੱਢਲੇ ਸ਼ਬਦ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਆਖੇ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਬੁੱਧੀਜੀਵੀਆਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਸ਼ਾਮ ਵੇਲੇ ਕਾਵਿਕ ਰੰਗ ’ਚ ਪੇਸ਼ ਕੀਤਾ। ਕਵੀ ਦਰਬਾਰ ’ਚ 28 ਪੁਸਤਕਾਂ ਲੋਕ ਅਰਪਣ ਹੋਈਆਂ। ਪੀਪਲਜ਼ ਵਾਇਸ ਵੱਲੋਂ ਸੱਤਿਆਜੀਤ ਰੇਅ ਦੀ ‘ਸਦਗਤੀ’ ਅਤੇ ਚਾਰਲਿਨ ਚੈਪਲਿਨ ਦੀ ‘ਵਰਕ’ ਫ਼ਿਲਮਾਂ ਦਿਖਾਈਆਂ ਗਈਆਂ।
ਅੱਜ ਤੇ ਭਲਕ ਦੇ ਪ੍ਰੋਗਰਾਮ
ਪਹਿਲੀ ਨਵੰਬਰ ਸਵੇਰੇ 10 ਵਜੇ ਕਮੇਟੀ ਦੇ ਸੀਨੀਅਰ ਮੈਂਬਰ ਭਗਤ ਸਿੰਘ ਝੁੰਗੀਆਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਉਪਰੰਤ ਓਪੇਰਾ ਨਾਟ ਵਿਧੀ ’ਚ ਝੰਡੇ ਦਾ ਗੀਤ ਹੋਏਗਾ। ਦਿਨ ਵੇਲੇ ਹੀ ਮੇਲੇ ਦੇ ਮੁੱਖ ਵਕਤਾ ਪੀ.ਸਾਈਨਾਥ ਹੋਣਗੇ। ਸ਼ਾਮ ਨੂੰ ‘ਜਾਗੋ’ ਅਤੇ ਸਾਰੀ ਰਾਤ ਨਾਟਕ ਅਤੇ ਗੀਤ-ਸੰਗੀਤ ਹੋਏਗਾ, ਜੋ ਕਿ 2 ਨਵੰਬਰ ਸਰਘੀ ਵੇਲੇ ਤੱਕ ਜਾਰੀ ਰਹੇਗਾ।