ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 26 ਸਤੰਬਰ
ਇਥੇ ਅੰਮ੍ਰਿਤਸਰ-ਜਲੰਧਰ ਰੇਲ ਮਾਰਗ ’ਤੇ ਦੇਵੀਦਾਸਪੁਰਾ ਦੀ ਰੇਲ ਪਟੜੀ ’ਤੇ ਸ਼ੁਰੂ ਕੀਤਾ ਗਿਆ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ‘ਰੇਲ ਰੋਕੋ’ ਅੰਦੋਲਨ ਅੱਜ ਤੀਸਰੇ ਦਿਨ ਵੀ ਜਾਰੀ ਰਿਹਾ। ਇਸ ਅੰਦੋਲਨ ਤਹਿਤ ਸੂਬੇ ਵਿੱਚ 7 ਥਾਈਂ ਰੇਲਾਂ ਰੋਕੀਆਂ ਗਈਆਂ। ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ ਅਤੇ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਅੱਜ ਖੇਤੀ ਸੋਧ ਬਿੱਲ ਦੇ ਵਿਰੋਧ ਵਿੱਚ ਦੇਵੀਦਾਸਪੁਰ ਰੇਲ ਪਟੜੀ ’ਤੇ ਕਿਸਾਨਾਂ ਨੇ ਨੰਗੇ ਧੜ ਪ੍ਰਦਰਸ਼ਨ ਕੀਤਾ। ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਭਾਰਤ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਸੁਣਨ ਦੀ ਜਗ੍ਹਾ ਵਿਸ਼ਵ ਵਪਾਰ ਸੰਸਥਾ ਤੇ ਕਾਰਪੋਰੇਟ ਦੇ ਦਬਾਅ ਹੇਠ ਕਿਸਾਨਾਂ ਵਿਰੁੱਧ ਫ਼ੈਸਲੇ ਕਰ ਰਹੇ ਹਨ। ਭਾਜਪਾ ਦੇ ਅਨੁਰਾਗ ਠਾਕੁਰ ਕਹਿ ਰਹੇ ਹਨ ਕਿ ਕਿਸਾਨਾਂ ਨੂੰ ਸਰਕਾਰੀ ਮੰਡੀ ਵਿੱਚ 8.5 ਫੀਸਦੀ ਟੈਕਸ ਲਗਦਾ ਹੈ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਇਹ ਟੈਕਸ ਕਿਸਾਨਾਂ ਨੂੰ ਨਹੀਂ, ਵਾਪਰੀਆਂ ਨੂੰ ਲੱਗਦਾ ਹੈ, ਜੋ ਮੋਦੀ ਸਰਕਾਰ ਨੇ ਮੁਆਫ਼ ਕੀਤਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਧਰਨੇ ਵਿੱਚ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਨਹੀਂ ਹੋਈ। ਉਹ ਹਾਲੇ ਵੀ ਗੱਠਜੋੜ ਦਾ ਹਿੱਸਾ ਹਨ। ਅਕਾਲੀ ਦਲ ਨੂੰ ਸਪੱਸ਼ਟ ਕਰਨਾ ਪਵੇਗਾ ਕਿ ਉਹ ਖੁਦ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਹਨ ਜਾਂ ਕਿਸਾਨਾਂ-ਮਜ਼ਦੂਰਾਂ ਦੇ ਦਬਾਅ ਹੇਠ ਇਸ ਦਾ ਵਿਰੋਧ ਕਰ ਰਹੇ ਹਨ।
ਇਸੇ ਤਰ੍ਹਾਂ ਕਿਸਾਨ ਆਗੂਆਂ ਨੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ’ਤੇ ਵਾਰ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦੀਆਂ ਵੋਟਾਂ ਲੈ ਕੇ ਕਿਸਾਨਾਂ ਉੱਪਰ ਹੀ ਜ਼ੁਲਮ ਕਰ ਰਹੇ ਹਨ। ਇਸ ਦਾ ਹਿਸਾਬ ਵੀ ਉਨ੍ਹਾਂ ਕੋਲੋਂ ਲਿਆ ਜਾਵੇਗਾ। ਕਿਸਾਨ ਆਗੂਆਂ ਨੇ ਬੀਤੇ ਦਿਨ ਦੇ ‘ਪੰਜਾਬ ਬੰਦ’ ਨੂੰ ਸਫ਼ਲ ਕਰਨ ਲਈ ਸਭ ਦਾ ਧੰਨਵਾਦ ਕੀਤਾ।
ਗੁਰਦਾਸਪੁਰ (ਜਤਿੰਦਰ ਬੈਂਸ): ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਸ਼ੁਰੂ ਕੀਤੇ ਗਏ ਕਿਸਾਨ ਅੰਦੋਲਨ ਤਹਿਤ ਅੱਜ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਗੁਰਪ੍ਰੀਤ ਸਿੰਘ ਖਾਨਪੁਰ, ਗੁਰਪ੍ਰਤਾਪ ਸਿੰਘ ਅਤੇ ਰਣਬੀਰ ਸਿੰਘ ਡੁੱਗਰੀ ਦੀ ਅਗਵਾਈ ਹੇਠ ਇਲਾਕੇ ਦੇ ਕਿਸਾਨਾਂ ਤੇ ਮਜ਼ਦੂਰਾਂ ਨੇ ਸਥਾਨਕ ਕਾਹਨੂੰਵਾਨ ਸੜਕ ਨੇੜੇ ਰੇਲ ਲਾਈਨ ’ਤੇ ਧਰਨਾ ਲਾ ਕੇ ਅੰਮ੍ਰਿਤਸਰ-ਜੰਮੂ ਰੇਲਵੇ ਟਰੈਕ ਜਾਮ ਕਰ ਦਿੱਤਾ। ਇਸ ਧਰਨੇ ਵਿੱਚ ਬੀਬੀਆਂ ਅਤੇ ਨੌਜਵਾਨਾਂ ਨੇ ਭਰਵੀਂ ਸ਼ਮੂਲੀਅਤ ਕਰਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਭੜਾਸ ਕੱਢੀ। ਧਰਨੇ ਨੂੰ ਜਥੇਬੰਦੀ ਦੇ ਸੂਬਾਈ ਆਗੂ ਸ਼ਵਿੰਦਰ ਸਿੰਘ, ਕੁਲਬੀਰ ਸਿੰਘ ਕਾਹਲੋਂ, ਸੋਹਣ ਸਿੰਘ ਤੇ ਰਛਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਮੋਦੀ ਸਰਕਾਰ ਨੇ ਕਾਰਪੋਰੇਟ ਜਗਤ ਨੂੰ ਖ਼ੁਸ਼ ਕਰਨ ਲਈ ਪਾਰਲੀਮੈਂਟ ਵਿੱਚ ਧੱਕੇ ਨਾਲ ਖੇਤੀ ਆਰਡੀਨੈਂਸ ਪਾਸ ਕਰਵਾਏ ਹਨ। ਉਨ੍ਹਾਂ ਰਾਸ਼ਟਰਪਤੀ ਨੂੰ ਕਿਹਾ ਕਿ ਆਰਡੀਨੈਂਸ ’ਤੇ ਦਸਤਖ਼ਤ ਕਰਨ ਤੋਂ ਪਹਿਲਾਂ ਉਹ ਸਮਝ ਲੈਣ ਕਿ ਦੇਸ਼ ਵਿੱਚ ਭਾਰੀ ਗ਼ਦਰ ਮੱਚ ਸਕਦਾ ਹੈ।
ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਦੀ ਜਗ੍ਹਾ ਮੋਦੀ ਚੋਣਾਂ ਵਿੱਚ ਕਿਸਾਨਾਂ ਨਾਲ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਕਣਕ, ਝੋਨੇ ਸਮੇਤ ਸਾਰੀਆਂ ਫਸਲਾਂ ਦਾ ਖਰੀਦ ਮੁੱਲ ਜਾਰੀ ਕਰਕੇ ਖਰੀਦ ਦੀ ਗਾਰੰਟੀ ਦੇਣ ਦੇ ਵਾਅਦੇ ਪੂਰੇ ਕਰਨ। ਸੰਘਰਸ਼ ਕਮੇਟੀ ਦੇ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜਪਿੰਡੀ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ 27 ਸਤੰਬਰ ਤੋਂ ਦੇਵੀਦਾਸਪੁਰ ਵਾਲੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਬਠਿੰਡਾ ਵਿੱਚ ਚਾਰ ਥਾਵਾਂ ’ਤੇ ਰੇਲਾਂ ਰੋਕੀਆਂ
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਖੇਤੀ ਬਿੱਲਾਂ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਅੱਜ ਜ਼ਿਲ੍ਹਾ ਬਠਿੰਡਾ ਵਿੱਚ ਭਾਈ ਬਖਤੌਰ, ਸੰਗਤ, ਗੋਨਿਆਣਾ ਅਤੇ ਰਾਮਪੁਰਾ ਵਿੱਚ ਰੇਲ ਪਟੜੀਆਂ ’ਤੇ ਧਰਨੇ ਦਿੱਤੇ। ਇਸ ਦੌਰਾਨ ਯੂਨੀਅਨ ਦੇ ਬੁਲਾਰਿਆਂ ਸ਼ਿੰਗਾਰਾ ਸਿੰਘ ਮਾਨ, ਹਰਜਿੰਦਰ ਸਿੰਘ ਬੱਗੀ, ਰਾਜਵਿੰਦਰ ਸਿੰਘ ਰਾਮ ਨਗਰ, ਬਸੰਤ ਸਿੰਘ ਕੋਠਾ ਗੁਰੂ, ਜਗਸੀਰ ਸਿੰਘ ਝੁੰਬਾ, ਕਲਵੰਤ ਸ਼ਰਮਾ ਅਤੇ ਹਰਿੰਦਰ ਕੌਰ ਬਿੰਦੂ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਵਰ੍ਹਦਿਆਂ ਕਿਹਾ ਕਿ ਭਾਵੇਂ ਸੁਖਬੀਰ ਅਤੇ ਹਰਸਿਮਰਤ ਵੱਲੋਂ ਸਫ਼ਾਈਆਂ ਦਿੱਤੀਆਂ ਜਾ ਰਹੀਆਂ ਹਨ ਪਰ ਇਹ ਗੱਲ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਆਰਡੀਨੈਂਸ ਲਿਆਉਣ ਲਈ ਪਹਿਲਾਂ ਇਨ੍ਹਾਂ ਨੇ ਮੋਦੀ ਸਰਕਾਰ ਦੀ ਹਾਂ ਵਿਚ ਹਾਂ ਮਿਲਾਈ, ਮਗਰੋਂ ਜਦੋਂ ਲੋਕਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪਿਆ ਤਾਂ ਯੂ-ਟਰਨ ਲੈਂਦਿਆਂ ਮੰਤਰੀ ਮੰਡਲ ’ਚੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਬਾਦਲਾਂ ਦਾ ਭਾਜਪਾ ਨਾਲ ਨਾਤਾ ਜਿਉਂ ਦਾ ਤਿਉਂ ਬਣਿਆ ਹੋਣ ਕਰਕੇ ਅਕਾਲੀ ਦਲ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਇਨ੍ਹਾਂ ਦੇ ਧਰਨਿਆਂ ਵਾਲੇ ਡਰਾਮੇ ਨਾਲ ਠੰਢਾ ਹੋਣ ਵਾਲਾ ਨਹੀਂ। ਇਸੇ ਤਰ੍ਹਾਂ ਕਾਂਗਰਸ ਵੀ ਵਿਧਾਨ ਸਭਾ ਵਿੱਚ ਕਾਨੂੰਨ ਰੱਦ ਕਰਨ ਦਾ ਮਤਾ ਪਾ ਕੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦਾ ਢੌਂਗ ਕਰ ਰਹੀ ਹੈ ਜਦ ਕਿ ਕਿਸਾਨ ਵਿਰੋਧੀ ਨੀਤੀਆਂ ਬਣਾਉਣ ਲਈ ਕਾਂਗਰਸ ਵੀ ਝੰਡਾ ਬਰਦਾਰ ਹੈ। ਉਨ੍ਹਾਂ ਆਖਿਆ ਕਿ ਇਹ ਕੇਂਦਰ ਸਰਕਾਰ ਦਾ ਭੁਲੇਖਾ ਹੈ ਕਿ ਕਿਸਾਨਾਂ ਤੋਂ ਜ਼ਮੀਨਾਂ ਖੋਹ ਲਈਆਂ ਜਾਣਗੀਆਂ ਅਤੇ ਮਜ਼ਦੂਰਾਂ ਦਾ ਰੁਜ਼ਗਾਰ ਉਜਾੜ ਦਿੱਤਾ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਉਹ ਕੇਂਦਰ ਸਰਕਾਰ ਵੱਲੋਂ ਬਣਾਏ ਜਾ ਰਹੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਰਹਿਣਗੇ।