ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਪਿੰਡ ਬਾਲਦ ਕਲਾਂ ਵਿੱਚ ਚਾਰ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਹਲਕਾ ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਅੱਜ ਭਾਜਪਾ ਦੇ ਹਲਕਾ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਨੇ ਬਾਲਦ ਕਲਾਂ ਵਿੱਚ ਆਪਣੀ ਚੋਣ ਮੁਹਿੰਮ ਦੌਰਾਨ ਪਹੁੰਚਣਾ ਸੀ ਪਰ ਇਸ ਦਾ ਪਤਾ ਲਗਦਿਆਂ ਹੀ ਕਿਸਾਨ ਜਥੇਬੰਦੀਆਂ ਨੇ ਪਿੰਡ ਵਿੱਚ ਰੋਸ ਰੈਲੀ ਸ਼ੁਰੂ ਕਰ ਦਿੱਤੀ। ਇਸ ਮੌਕੇ ਭਾਕਿਯੂ ਡਕੌਂਦਾ ਦੇ ਆਗੂ ਸੁਖਦੇਵ ਸਿੰਘ ਬਾਲਦ ਕਲਾਂ, ਕਰਮਜੀਤ ਸਿੰਘ, ਜਸਵੀਰ ਸਿੰਘ, ਭਾਕਿਯੂ ਸਿੱਧੂਪੁਰ ਦੇ ਗੁਰਬਖਸ਼ੀਸ਼ ਸਿੰਘ, ਦਾਰਾ ਸਿੰਘ, ਕਰਮਜੀਤ ਸਿੰਘ, ਉਗਰਾਹਾਂ ਗਰੁੱਪ ਦੇ ਹਰਪ੍ਰੀਤ ਸਿੰਘ ਕਾਲਾ, ਨਿਰਮਲ ਸਿੰਘ ਅਤੇ ਰਾਜੇਵਾਲ ਗਰੁੱਪ ਦੇ ਸਤਗੁਰ ਸਿੰਘ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਕਾਤਲਾਂ ਨੂੰ ਭਾਜਪਾ ਸਰਕਾਰ ਨੇ ਜੇਲ੍ਹ ਵਿੱਚੋਂ ਬਾਹਰ ਕੱਢ ਦਿੱਤਾ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਨੀਆਂ ਮੰਗਾਂ ਵੀ ਲਾਗੂ ਨਹੀਂ ਕੀਤੀਆਂ। ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਭਾਜਪਾ ਦੇ ਉਮੀਦਵਾਰਾਂ ਦਾ ਬਾਈਕਾਟ ਜਾਰੀ ਰੱਖਣਗੇ। ਕਿਸਾਨਾਂ ਦੇ ਰੋਸ ਪ੍ਰਦਰਸ਼ਨ ਕਾਰਨ ਭਾਜਪਾ ਉਮੀਦਵਾਰ ਦਾ ਕਾਫ਼ਲਾ ਨੇੜਲੇ ਪਿੰਡ ਨੂੰ ਰਵਾਨਾ ਹੋ ਗਿਆ।