ਪੱਤਰ ਪ੍ਰੇਰਕ
ਬੱਲੂਆਣਾ (ਅਬੋਹਰ) 7 ਜਨਵਰੀ
ਦੇਰ ਸ਼ਾਮ ਅਬੋਹਰ ਦੀ ਇਕ ਧਰਮਸ਼ਾਲਾ ਵਿੱਚ ਮੀਟਿੰਗ ਕਰ ਰਹੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਰੁਣ ਨਾਰੰਗ ਅਤੇ ਉਨ੍ਹਾਂ ਦੇ ਸਾਥੀਆਂ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਕਰੀਬ ਇਕ ਘੰਟੇ ਦੀ ਜੱਦੋਜਹਿਦ ਮਗਰੋਂ ਪੁਲੀਸ ਨੇ ਵਿਧਾਇਕ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਿਸਾਨਾਂ ਦੇ ਘੇਰੇ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ। ਜਾਣਕਾਰੀ ਮੁਤਾਬਕ ਸ਼ਾਮ ਕਰੀਬ ਛੇ ਵਜੇ ਭਾਰਤੀ ਜਨਤਾ ਪਾਰਟੀ ਵੱਲੋਂ ਇਕ ਜ਼ਿਲ੍ਹਾ ਪੱਧਰੀ ਮੀਟਿੰਗ ਸਰਕੂਲਰ ਰੋਡ ’ਤੇ ਸਥਿਤ ਅਰੋੜਵੰਸ਼ ਧਰਮਸ਼ਾਲਾ ਵਿਚ ਰੱਖੀ ਗਈ ਸੀ, ਜਿਸ ਵਿੱਚ ਅਬੋਹਰ ਤੋਂ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਅਤੇ ਜ਼ਿਲ੍ਹਾ ਪੱਧਰ ਦੇ ਕਰੀਬ ਪੰਜਾਹ ਤੋਂ ਵੱਧ ਲੀਡਰ ਸ਼ਾਮਲ ਹੋਏ। ਇਸੇ ਦੌਰਾਨ ਕਿਸਾਨਾਂ ਨੂੰ ਮੀਟਿੰਗ ਦੀ ਭਿਣਕ ਪਈ ਤਾਂ ਆਸਪਾਸ ਦੇ ਪਿੰਡਾਂ ਤੋਂ ਆਏ ਕਰੀਬ ਦੋ ਦਰਜਨ ਕਿਸਾਨਾਂ ਨੇ ਧਰਮਸ਼ਾਲਾ ਦੇ ਬਾਹਰ ਨਾਅਰੇਬਾਜ਼ੀ ਸ਼ੁਰੂ ਕਰਦੇ ਹੋਏ ਮੀਟਿੰਗ ਰੱਦ ਕਰਨ ਨੂੰ ਮਜਬੂਰ ਕਰ ਦਿੱਤਾ। ਮੀਟਿੰਗ ਰੱਦ ਕਰਕੇ ਭਾਜਪਾ ਵਿਧਾਇਕ ਅਤੇ ਉਨ੍ਹਾਂ ਦੇ ਸਾਥੀ ਜਿਵੇਂ ਹੀ ਬਾਹਰ ਨਿਕਲਣ ਲੱਗੇ ਤਾਂ ਕਿਸਾਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਬਦਲੇ ਵਿਚ ਵਿਧਾਇਕ ਦੇ ਹਮਾਇਤੀਆਂ ਵੱਲੋਂ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।