ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਮਾਰਚ
ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਅੱਜ ਨਵੇਂ ਬਣੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਅਤੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਇੱਥੇ ਵੱਖ ਵੱਖ ਥਾਵਾਂ ’ਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪੁਲੀਸ ਨੇ ਕੁਝ ਸਮੇਂ ਲਈ ਕੁਝ ਕਿਸਾਨਾਂ ਨੂੰ ਹਿਰਾਸਤ ’ਚ ਲੈਣ ਮਗਰੋਂ ਛੱਡ ਦਿੱਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਸਾਂਪਲਾ ਦੀਆਂ ਗੱਡੀਆਂ ਦੇ ਕਾਫਲੇ ਦੀ ਟੱਕਰ ਨਾਲ ਲਗਪਗ ਅੱਧਾ ਦਰਜਨ ਕਿਸਾਨ ਜ਼ਖ਼ਮੀ ਹੋਏ ਹਨ ਅਤੇ ਕਈਆਂ ਦੇ ਦੁਪਹੀਆ ਵਾਹਨ ਨੁਕਸਾਨੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਬਣਨ ਮਗਰੋਂ ਸ੍ਰੀ ਸਾਂਪਲਾ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸਨ। ਕਿਸਾਨਾਂ ਨੂੰ ਜਦੋਂ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਸਰਕਟ ਹਾਊਸ ਦੇ ਬਾਹਰ ਅਤੇ ਰਾਮ ਤੀਰਥ ਮੰਦਰ ਨੇੜੇ ਵਿਜੈ ਸਾਂਪਲਾ ਦਾ ਘਿਰਾਓ ਕੀਤਾ। ਇਸੇ ਤਰ੍ਹਾਂ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਜੋ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਆਏ ਸਨ, ਦਾ ਵੀ ਕਿਸਾਨਾਂ ਨੇ ਘਿਰਾਓ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਸਾਂਪਲਾ ਜਦੋਂ ਹਰਿਮੰਦਰ ਸਾਹਿਬ ਵਿੱਚ ਪਰਿਕਰਮਾ ਕਰ ਰਹੇ ਸਨ ਤਾਂ ਉਥੇ ਆਸਟਰੇਲੀਆ ਤੋਂ ਆਏ ਇਕ ਨੌਜਵਾਨ ਸੁਖਜੀਤ ਸਿੰਘ ਬਰਾੜ ਨੇ ਉਨ੍ਹਾਂ ਨੂੰ ਰੋਕ ਕੇ ਕਿਸਾਨ ਸੰਘਰਸ਼ ਸਬੰਧੀ ਸਵਾਲ ਦਾ ਜਵਾਬ ਮੰਗਿਆ ਪਰ ਸੁਰੱਖਿਆ ਕਰਮੀਆਂ ਨੇ ਇਸ ਨੌਜਵਾਨ ਨੂੰ ਸੁਰੱਖਿਆ ਘੇਰੇ ਤੋਂ ਬਾਹਰ ਕਰ ਦਿੱਤਾ। ਇਸ ਨੌਜਵਾਨ ਨੇ ਦੱਸਿਆ ਕਿ ਉਹ ਕਿਸਾਨ ਅੰਦੋਲਨ ਵਿੱਚ ਹਿੱਸਾ ਲੈਣ ਲਈ ਪਿਛਲੇ ਛੇ-ਸੱਤ ਮਹੀਨਿਆਂ ਤੋਂ ਅਸਟਰੇਲੀਆ ਤੋਂ ਇੱਥੇ ਪੁੱਜਾ ਹੋਇਆ ਹੈ। ਵਿਜੈ ਸਾਂਪਲਾ ਦੇ ਸ਼ਹਿਰ ਵਿੱਚ ਹੋਣ ਦਾ ਪਤਾ ਲਗਦੇ ਹੀ ਲੋਕ ਭਲਾਈ ਇਨਸਾਫ ਵੈੱਲਫੇਅਰ ਸੁਸਾਇਟੀ ਦੇ ਆਗੂ ਮਹਿਤਾਬ ਸਿੰਘ ਸਿਰਸਾ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਹਰਜੀਤ ਸਿੰਘ ਝੀਤਾ ਆਪਣੇ ਸਾਥੀਆਂ ਸਮੇਤ ਘਿਰਾਓ ਲਈ ਪੁੱਜ ਗਏ। ਕਿਸਾਨ ਜਦੋਂ ਐਲੀਵੇਟਿਡ ਰੋਡ ਤੋਂ ਹੇਠਾਂ ਉੱਤਰ ਰਹੇ ਸਨ ਤਾਂ ਦੂਜੇ ਪਾਸਿਉਂ ਗਲਤ ਦਿਸ਼ਾ ਤੋਂ ਸਾਂਪਲਾ ਦੀਆਂ ਗੱਡੀਆਂ ਦਾ ਕਾਫਲਾ ਪੁਲ ’ਤੇ ਚੜ੍ਹ ਰਿਹਾ ਸੀ। ਕਿਸਾਨ ਆਗੂ ਸ੍ਰੀ ਝੀਤਾ ਨੇ ਦੋਸ਼ ਲਾਇਆ ਕਿ ਪ੍ਰਦਰਸ਼ਨਕਾਰੀ ਕਿਸਾਨਾਂ ਕੋਲ ਕਿਸਾਨ ਝੰਡੇ ਦੇਖ ਕੇ ਭਾਜਪਾ ਆਗੂ ਦੇ ਕਾਫਲੇ ਦੀਆਂ ਗੱਡੀਆਂ ਨੂੰ ਕਥਿਤ ਤੌਰ ’ਤੇ ਕਿਸਾਨ ਕਾਰਕੁਨਾਂ ’ਤੇ ਚੜ੍ਹਾਉਣ ਦਾ ਯਤਨ ਕੀਤਾ ਗਿਆ ਜਿਸ ਨਾਲ ਉਨ੍ਹਾ ਦੇ ਦੁਪਹੀਆ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ ਤੇ ਲਗਪਗ ਅੱਧੀ ਦਰਜਨ ਕਿਸਾਨ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਵਿਚੋਂ ਮਨਪ੍ਰੀਤ ਸਿੰਘ ਨੂੰ ਵਧੇਰੇ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਸਾਂਪਲਾ ਨੂੰ ਮੁੜ ਸਰਕਟ ਹਾਊਸ ਤੋਂ ਬਾਹਰ ਨਿਕਲਣ ਵੇਲੇ ਘੇਰਨ ਦਾ ਯਤਨ ਕੀਤਾ ਸੀ ਪਰ ਪੁਲੀਸ ਨੇ ਉਨ੍ਹਾਂ ਦੇ ਸਾਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਭਾਜਪਾ ਆਗੂ ਦੇ ਕਾਫਲੇ ਨੂੰ ਸੁਰੱਖਿਅਤ ਕੱਢ ਦਿੱਤਾ ਗਿਆ। ਬਾਅਦ ਵਿਚ ਪੁਲੀਸ ਨੇ ਕਿਸਾਨ ਕਾਰਕੁਨ ਵੀ ਰਿਹਾਅ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਭਾਜਪਾ ਆਗੂ ਨੂੰ ਰਾਮ ਤੀਰਥ ਮੰਦਰ ਨੇੜੇ ਵੀ ਘੇਰਨ ਦਾ ਯਤਨ ਕੀਤਾ ਗਿਆ।
ਸਾਂਪਲਾ ਵੱਲੋਂ ਕਿਸਾਨ ਸੰਘਰਸ਼ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ
ਵਿਜੈ ਸਾਂਪਲਾ ਨੇ ਕਿਸਾਨਾਂ ਵੱਲੋਂ ਕੀਤੇ ਵਿਰੋਧ ਅਤੇ ਖੇਤੀ ਕਾਨੂੰਨਾਂ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਨਵੇਂ ਸੰਵਿਧਾਨਕ ਅਹੁਦੇ ’ਤੇ ਨਿਯੁਕਤ ਕੀਤੇ ਗਏ ਹਨ ਅਤੇ ਉਹ ਸਿਰਫ ਇਸ ਦੇ ਘੇਰੇ ਹੇਠ ਆਉਂਦੇ ਮਾਮਲੇ ਬਾਰੇ ਹੀ ਗੱਲ ਕਰਨਗੇ। ਉਨ੍ਹਾਂ ਕਿਹਾ ਕਿ ਤਾਲਾਬੰਦੀ ਕਾਰਨ ਅਨੁਸੂਚਿਤ ਜਾਤੀ ਕਮਿਸ਼ਨ ਵਿੱਚ ਲਗਪਗ 67 ਹਜ਼ਾਰ ਮਾਮਲੇ ਲੰਬਿਤ ਹਨ, ਜਿਨਾਂ ਨੂੰ ਹੱਲ ਕਰਨ ਲਈ ਕੰਮ ਕੀਤਾ ਜਾਵੇਗਾ। ਅਨੁਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀਆਂ ਦੇ ਵਜ਼ੀਫੇ ਨਾ ਮਿਲਣ ਬਾਰੇ ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਵਿਦਿਅਕ ਸੰਸਥਾ ਇਨ੍ਹਾਂ ਦੇ ਦਾਖਲੇ ਅਤੇ ਡਿਗਰੀਆਂ ’ਤੇ ਰੋਕ ਨਹੀਂ ਲਾ ਸਕਦੀ।