ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਫਰਵਰੀ
ਇੱਥੋਂ ਦੇ ਪਾਸਪੋਰਟ ਦਫ਼ਤਰ ਵਿੱਚ ਅੱਜ ਸਮੀਖਿਆ ਮੀਟਿੰਗ ਕਰਕੇ ਵਾਪਸ ਪਰਤ ਰਹੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਭਾਜਪਾ ਆਗੂ ਨੂੰ ਘੇਰਦਿਆਂ ਨਾਅਰੇਬਾਜ਼ੀ ਵੀ ਕੀਤੀ।
ਜਾਣਕਾਰੀ ਅਨੁਸਾਰ ਸ਼ਵੇਤ ਮਲਿਕ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ ਤੇ ਹੋਰ ਆਗੂ ਸਣੇ ਪਾਸਪੋਰਟ ਦਫ਼ਤਰ ਵਿੱਚ ਕੇਂਦਰ ਦੀ ਨਵੀਂ ਪਾਸਪੋਰਟ ਯੋਜਨਾ ਤਹਿਤ ਇਕ ਸਮੀਖਿਆ ਮੀਟਿੰਗ ਲਈ ਗਏ ਸਨ। ਜਿਵੇਂ ਹੀ ਮੀਟਿੰਗ ਮਗਰੋਂ ਉਹ ਬਾਹਰ ਆਏ ਤਾਂ ਉਥੇ ਇਕੱਠੇ ਹੋਏ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਭਾਜਪਾ ਆਗੂ ਕਾਹਲੀ ਨਾਲ ਆਪਣੀਆਂ ਕਾਰਾਂ ਵਿੱਚ ਬੈਠ ਕੇ ਰਵਾਨਾ ਹੋ ਗਏ। ਕਿਸਾਨ ਥੋੜ੍ਹੀ ਦੂਰ ਤਕ ਵਾਹਨਾਂ ਦੇ ਪਿੱਛੇ ਵੀ ਭੱਜੇ। ਇਸ ਮੌਕੇ ਇਥੇ ਵੱਡੀ ਗਿਣਤੀ ਵਿੱਚ ਤਾਇਨਾਤ ਪੁਲੀਸ ਬਲ ਨੇ ਭਾਜਪਾ ਆਗੂਆਂ ਦੇ ਕਾਫ਼ਲੇ ਨੂੰ ਇਥੋਂ ਸੁਰੱਖਿਅਤ ਕੱਢਿਆ। ਦੱਸਣਯੋਗ ਹੈ ਕਿ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ਼ਵੇਤ ਮਲਿਕ ਦੇ ਘਰ ਅੱਗੇ ਕਈ ਮਹੀਨਿਆਂ ਤੋਂ ਧਰਨਾ ਵੀ ਦਿੱਤਾ ਜਾ ਰਿਹਾ ਹੈ।
ਕਿਸਾਨਾਂ ਦੇ ਘਿਰਾਓ ਸਬੰਧੀ ਗੱਲ ਕਰਦਿਆਂ ਸ਼ਵੇਤ ਮਲਿਕ ਨੇ ਆਖਿਆ ਕਿ ਇਹ ਕਿਸਾਨ ਨਹੀਂ ਹਨ, ਸਗੋਂ ਕੁਝ ਅਜਿਹੇ ਲੋਕ ਹਨ, ਜੋ ਸਿਆਸੀ ਸ਼ਹਿ ’ਤੇ ਅਜਿਹਾ ਸਭ ਕੁਝ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਵੱਖ ਵੱਖ ਵਿਰੋਧੀ ਪਾਰਟੀਆਂ ਨਾਲ ਜੁੜੇ ਲੋਕ ਹਨ, ਜੋ ਕਿਸਾਨਾਂ ਦੀ ਆੜ ਹੇਠ ਉਨ੍ਹਾਂ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਹ ਸੱਚਮੁੱਚ ਹੀ ਕਿਸਾਨ ਹਨ ਤਾਂ ਇਨ੍ਹਾਂ ਨੂੰ ਸਿਆਸੀ ਪਾਰਟੀਆਂ ਛੱਡ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਸਿਆਸੀ ਧਿਰਾਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਗੁਮਰਾਹ ਕਰ ਰਹੀਆਂ ਹਨ, ਜਦੋਂਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਹਨ।