ਪਰਮਜੀਤ ਸਿੰਘ
ਫਾਜ਼ਿਲਕਾ, 3 ਨਵੰਬਰ
ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਫਾਜ਼ਿਲਕਾ ਪਹੁੰਚਣ ’ਤੇ ਅੱਜ ਸਮੂਹ ਕਿਸਾਨ ਜਥੇਬੰਦੀਆਂ ਨੇ ਵਿਰੋਧ ਕੀਤਾ। ਜਿਵੇਂ ਹੀ ਕਿਸਾਨਾਂ ਨੂੰ ਇਹ ਭਿਣਕ ਪਈ ਕਿ ਸ਼ਵੇਤ ਮਲਿਕ ਇੱਕ ਹੋਟਲ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰ ਰਹੇ ਹਨ ਤਾਂ ਉਹ ਤੁਰੰਤ ਉਥੇ ਪਹੁੰਚ ਗਏ। ਉਨ੍ਹਾਂ ਅਬੋਹਰ-ਫਾਜ਼ਿਲਕਾ ਰੋਡ ’ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ‘ਭਾਜਪਾ ਆਗੂ ਗੋ ਬੈਕ’ ਦੇ ਨਾਅਰੇ ਲਾਏ। ਕਿਸਾਨਾਂ ਦਾ ਰੋਹ ਦੇਖਦਿਆਂ ਪੁਲੀਸ ਨੇ ਸੁਰੱਖਿਆ ਘੇਰਾ ਬਣਾ ਕੇ ਭਾਜਪਾ ਆਗੂ ਨੂੰ ਬਾਹਰ ਕੱਢਿਆ।
ਕਿਸਾਨਾਂ ਨੇ ਆਖਿਆ ਕਿ ਕਾਲੇ ਕਾਨੂੰਨ ਪਾਸ ਕਰਨ ਵਾਲੀ ਭਾਜਪਾ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੰਗਰੇਜ਼ਾਂ ਦਾ ਵਿਰੋਧ ਕੀਤਾ ਗਿਆ ਸੀ, ਉਸੇ ਤਰ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਫ਼ਾਜ਼ਿਲਕਾ-ਅਬੋਹਰ ਰੋਡ ’ਤੇ ਕੁਝ ਸਮਾਂ ਆਵਾਜਾਈ ਵੀ ਰੋਕੀ। ਪ੍ਰਦਰਸ਼ਨ ਦੀ ਅਗਵਾਈ ਕਿਸਾਨ ਆਗੂ ਮਾਸਟਰ ਬੂਟਾ ਸਿੰਘ ਚਿਮਨੇਵਾਲਾ, ਪਰਗਟ ਸਿੰਘ ਚੱਕਪੱਖੀ ਅਤੇ ਹੋਰ ਕਿਸਾਨਾਂ ਆਗੂਆਂ ਵੱਲੋਂ ਕੀਤੀ ਗਈ।
ਬਠਿੰਡਾ (ਮਨੋਜ ਸ਼ਰਮਾ): ਸਾਬਕਾ ਭਾਜਪਾ ਮੰਤਰੀ ਮਦਨ ਮੋਹਨ ਮਿੱਤਲ ਦੀ ਬਠਿੰਡਾ ਆਮਦ ਦਾ ਪਤਾ ਲੱਗਦਿਆਂ ਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਉਨ੍ਹਾਂ ਦੀ ਠਹਿਰ ਵਾਲੀ ਥਾਂ ’ਤੇ ਪੁੱਜ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕਿਸਾਨ ਭਾਜਪਾ ਆਗੂ ਨੂੰ ਮਿਲਣਾ ਚਾਹੁੰਦੇ ਸਨ ਪਰ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਾ ਵਧਣ ਦਿੱਤਾ। ਇਸ ਦੌਰਾਨ ਰੋਹ ’ਚ ਆਏ ਕਿਸਾਨਾਂ ਨੇ ਉੱਥੇ ਧਰਨਾ ਲਾ ਦਿੱਤਾ ਤਾਂ ਸਾਬਕਾ ਮੰਤਰੀ ਕਿਸਾਨਾਂ ਨੂੰ ਬਿਨਾਂ ਮਿਲੇ ਹੀ ਦੂਸਰੇ ਦਰਵਾਜ਼ਿਓਂ ਨਿਕਲ ਕੇ ਸੰਗਰੂਰ ਰਵਾਨਾ ਹੋ ਗਏ।
ਜਾਣਕਾਰੀ ਅਨੁਸਾਰ ਜਦੋਂ ਕਿਸਾਨਾਂ ਨੂੰ ਭਾਜਪਾ ਆਗੂ ਦੇ ਆਉਣ ਪਤਾ ਲੱਗਾ ਤਾਂ ਉਹ ਤੁਰੰਤ ਧਰਨਾ ਸਥਾਨ ਤੋਂ ਉੱਠ ਕੇ ਸਰਕਟ ਹਾਊਸ ’ਚ ਪੁੱਜ ਗਏ। ਕਿਸਾਨ ਆਗੂ ਹਾਲੇ ਗੇਟ ’ਚ ਦਾਖਲ ਹੋਏ ਹੀ ਸਨ ਕਿ ਉਨ੍ਹਾਂ ਨੂੰ ਪੁਲੀਸ ਨੇ ਘੇਰਾ ਪਾ ਲਿਆ। ਅੱਗੇ ਨਾ ਜਾਣ ਦੇਣ ਦੇ ਰੋਸ ਵਜੋਂ ਕਿਸਾਨਾਂ ਨੇ ਗੇਟ ’ਤੇ ਧਰਨਾ ਲਾ ਦਿੱਤਾ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਪੁਲੀਸ ਨੂੰ ਕਿਹਾ ਕਿ ਉਹ ਭਾਜਪਾ ਆਗੂ ’ਤੇ ਹਮਲਾ ਨਹੀਂ ਕਰਨ ਜਾ ਰਹੇ। ਉਹ ਸਿਰਫ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਦੇ ਧਰਨੇ ਸਬੰਧੀ ਕੀਤੀਆਂ ਜਾ ਰਹੀਆਂ ਟਿੱਪਣੀਆਂ ਬਾਰੇ ਪੁੱਛਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਧਰਨੇ ਕਿਸਾਨਾਂ ਵੱਲੋਂ ਨਹੀਂ ਕਾਂਗਰਸ ਦੇ ਏਜੰਟਾਂ ਵੱਲੋਂ ਲਾਏ ਜਾ ਰਹੇ ਹਨ ਤਾਂ ਉਹ ਧਰਨੇ ’ਚ ਆ ਕੇ ਏਜੰਟਾਂ ਅਤੇ ਵਿਚੋਲੀਆਂ ਦੀ ਛਾਂਟੀ ਕਰਕੇ ਲੈ ਜਾਣ। ਕਿਸਾਨਾਂ ਦਾ ਰੋਸ ਵਧਦਾ ਵੇਖਦਿਆਂ ਪੁਲੀਸ ਅਤੇ ਭਾਜਪਾ ਆਗੂਆਂ ਨੇ ਸ੍ਰੀ ਮਿੱਤਲ ਨੂੰ ਸਰਕਟ ਹਾਊਸ ਦੇ ਮੁੱਖ ਦਰਵਾਜ਼ੇ ਦੀ ਥਾਂ ਨਾਲ ਲੱਗਦੇ ਹੋਰ ਦਰਵਾਜ਼ੇ ਰਾਹੀਂ ਰਵਾਨਾ ਕਰ ਦਿੱਤਾ।
ਸ਼ਵੇਤ ਮਲਿਕ ਦੇ ਘਰ ਬਾਹਰ ਧਰਨਾ ਜਾਰੀ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਖੇਤੀ ਕਾਨੂੰਨਾਂ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਬਾਹਰ ਧਰਨਾ ਅੱਜ ਵੀ ਜਾਰੀ ਰਿਹਾ। ਇਸ ਦੌਰਾਨ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਪੰਜਾਬ ਦੀ ਆਰਥਿਕ ਨਾਕਾਬੰਦੀ ਕਰਕੇ ਸੂਬੇ ਵਿੱਚ ਆਪਣਾ ਫਾਸ਼ੀਵਾਦੀ ਏਜੰਡਾ ਲਾਗੂੂ ਕਰ ਰਹੀ ਹੈ। ਇਹ ਧਰਨਾ ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵਲੋਂ ਦਿੱਤਾ ਜਾ ਰਿਹਾ ਹੈ। ਕਿਸਾਨ ਆਗੂ ਜਤਿੰਦਰ ਸਿੰਘ ਛੀਨਾ, ਕੰਵਲਪ੍ਰੀਤ ਸਿੰਘ ਪੰਨੂ ਅਤੇ ਹਰਜੀਤ ਸਿੰਘ ਝੀਤਾ ਸਮੇਤ ਹੋਰਨਾਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਭਾਜਪਾ ਅਤੇ ਆਰਐੱਸਐੱਸ ਪੰਜਾਬ ਦੇ ਕਿਸਾਨ ਅੰਦੋਲਨ ਨੂੰ ਆਪਣੇ ਫਾਸ਼ੀਵਾਦੀ ਏਜੰਡੇ ਲਈ ਖ਼ਤਰਾ ਸਮਝਦੀ ਹੈ, ਇਸੇ ਲਈ ਉਹ ਕਿਸਾਨ ਅੰਦੋਲਨ ਨੂੰ ਨਕਸਲੀਆਂ ਦਾ ਅੰਦੋਲਨ ਕਹਿ ਕੇ ਬਦਨਾਮ ਕਰ ਰਹੀ ਹੈ। ਕਿਸਾਨ ਆਗੂਆਂ ਨੇ ਸਮੂਹ ਪੰਜਾਬੀਆਂ ਨੂੰ ਆਖਿਆ ਕਿ ਉਹ ਇੱਕਜੁਟ ਹੋ ਕੇ ਇਸ ਸੰਘਰਸ਼ ਵਿਚ ਸ਼ਾਮਲ ਹੋਣ।