ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਵਾਲਮਾਰਟ ਕੰਪਨੀ ਦੇ ਬੈਸਟ ਪ੍ਰਾਈਸ ਮਾਲ ਭੁੱਚੋ ਅੱਗੇ ਸਾਲ ਭਰ ਤੋਂ ਜਾਰੀ ਪੱਕੇ ਘਿਰਾਓ ਦੌਰਾਨ ਪ੍ਰਬੰਧਕਾਂ ਵੱਲੋਂ ਬਰਖਾਸਤ ਕੀਤੇ ਗਏ ਮੁਲਾਜ਼ਮਾਂ ਦੀ ਬਹਾਲੀ ਲਈ ਅੱਜ ਕੰਪਨੀ ਦੇ ਪੰਜਾਬ ਵਿਚਲੇ 5 ਹੋਰ ਮਾਲਾਂ ਦਾ ਹਫ਼ਤੇ ਭਰ ਲਈ ਘਿਰਾਓ ਸ਼ੁਰੂ ਕਰ ਦਿੱਤਾ ਹੈ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਪਿੱਛੇ ਭਾਜਪਾ ਅਤੇ ਕੰਪਨੀ ਦੀ ਮਿਲੀਭੁਗਤ ਹੈ ਤਾਂ ਜੋ ਮੁਲਾਜ਼ਮਾਂ ਅਤੇ ਕਿਸਾਨਾਂ ਦਰਮਿਆਨ ਟਕਰਾਅ ਪੈਦਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਸਾਰੇ ਖੁਰਾਕ ਪਦਾਰਥਾਂ ਦੀ ਮੰਡੀ ਤੇ ਪੈਦਾਵਾਰ ਅਜਿਹੇ ਪੂੰਜੀਪਤੀ ਘਰਾਣਿਆਂ ਹਵਾਲੇ ਕਰਨ ਖਾਤਰ ਬਣਾਏ ਗਏ ਹਨ। ਇਸੇ ਕਰਕੇ ਸਰਕਾਰੀ ਪ੍ਰਸ਼ਾਸਨ ਨੇ ਵੀ ਕੰਪਨੀ ਪ੍ਰਬੰਧਕਾਂ ਨੂੰ ਕੁਝ ਨਹੀਂ ਕਿਹਾ। ਜਥੇਬੰਦੀ ਨੇ ਬਕਾਇਦਾ ਅਲਟੀਮੇਟਮ ਦੇ ਕੇ ਹੀ ਅੱਜ ਅੰਮ੍ਰਿਤਸਰ, ਜਲੰਧਰ, ਜ਼ੀਰਕਪੁਰ ਅਤੇ ਲੁਧਿਆਣਾ ਦੇ ਦੋਵੇਂ ਮਾਲਜ਼ ਦਾ ਹਫ਼ਤੇ ਭਰ ਲਈ ਘਿਰਾਓ ਸ਼ੁਰੂ ਕੀਤਾ ਹੈ। ਧਰਨਿਆਂ ਨੂੰ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਹਰਿੰਦਰ ਕੌਰ ਬਿੰਦੂ, ਜਨਕ ਸਿੰਘ ਭੁਟਾਲ, ਹਰਦੀਪ ਸਿੰਘ ਟੱਲੇਵਾਲ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਸੰਬੋਧਨ ਕੀਤਾ। ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ ਵਾਲਮਾਰਟ ਕੰਪਨੀ ਦੇ ਬੈਸਟ ਪ੍ਰਾਈਸ ਮਾਲਜ਼ ਦਾ ਘਿਰਾਓ ਹਫ਼ਤਾ ਭਰ ਦਿਨ-ਰਾਤ ਜਾਰੀ ਰਹੇਗਾ ਅਤੇ ਮੁਲਾਜ਼ਮ ਬਹਾਲੀ ਦੀ ਮੰਗ ਨਾ ਮੰਨੇ ਜਾਣ ’ਤੇ 6 ਅਕਤੂਬਰ ਨੂੰ ਸੰਘਰਸ਼ ਦਾ ਅਗਲਾ ਪੜਾਅ ਐਲਾਨਿਆ ਜਾਵੇਗਾ। ਜੇਠੂਕੇ ਨੇ ਐਲਾਨ ਕੀਤਾ ਕਿ ਭਲਕੇ ਕਾਰਪੋਰੇਟ ਕਾਰੋਬਾਰਾਂ ਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਜਥੇਬੰਦੀ ਦੇ 39 ਪੰਜਾਬ ਵਿਚਲੇ ਧਰਨਿਆਂ ਦੀ ਸਾਲਾਨਾ ਵਰ੍ਹੇਗੰਢ ਵਿਸ਼ਾਲ ਰੋਹ ਭਰਪੂਰ ਸਮਾਗਮਾਂ ਰਾਹੀਂ ਮਨਾਈ ਜਾਵੇਗੀ। ਹਰਿੰਦਰ ਬਿੰਦੂ ਨੇ ਦੱਸਿਆ ਕਿ ਸਾਮਰਾਜੀ ਪੂੰਜੀਪਤੀਆਂ ਤੇ ਸਰਕਾਰ ਦੀ ਮਿਲੀਭੁਗਤ ਕਾਰਨ ਘਟੀਆ ਬੀਜਾਂ/ਕੀਟਨਾਸ਼ਕਾਂ ਕਰਕੇ ਹੋਏ ਨਰਮੇ ਦੀ ਫ਼ਸਲ ਦੇ ਭਾਰੀ ਨੁਕਸਾਨ ਦਾ ਮੁਆਵਜ਼ਾ ਕਿਸਾਨਾਂ ਨੂੰ 60,000 ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ 30,000 ਰੁਪਏ ਪ੍ਰਤੀ ਪਰਿਵਾਰ ਦਿਵਾਉਣ ਲਈ ਭਲਕੇ ਪਹਿਲੀ ਅਕਤੂਬਰ ਨੂੰ ਪੰਜ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਅੱਗੇ ਵਿਸਾਲ ਧਰਨੇ ਲਾਏ ਜਾਣਗੇ।
ਮੁਲਾਜ਼ਮਾਂ ਤੋਂ ਸਮਾਂ ਮੰਗਣ ਲੱਗੇ ਅਧਿਕਾਰੀ
ਭੁੱਚੋ ਮੰਡੀ (ਪਵਨ ਗੋਇਲ): ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਵਿੱਚੋਂ ਕਥਿਤ ਧੱਕੇਸ਼ਾਹੀ ਕਾਰਨ ਨੌਕਰੀ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਦਾ ਮੋਰਚਾ ਅੱਜ 32ਵੇਂ ਦਿਨ ਵੀ ਜਾਰੀ ਰਿਹਾ। ਮੁਲਾਜ਼ਮ ਆਗੂ ਜਸਪ੍ਰੀਤ ਸਿੰਘ ਨੇ ਕਿਹਾ ਕਿ ਕੰਪਨੀ ਨੇ ਪਹਿਲਾਂ ਮੁਲਾਜ਼ਮਾਂ ਦੀ ਕੋਈ ਗੱਲ ਨਹੀਂ ਸੁਣੀ ਪਰ ਸਾਰੇ ਮਾਲ ਬੰਦ ਕਰਨ ਮਗਰੋਂ ਕੰਪਨੀ ਦੇ ਹੈੱਡ ਆਫਿਸ ਵਿੱਚੋਂ ਸਵੇਰ ਤੋਂ ਫੋਨ ਆ ਰਹੇ ਹਨ ਅਤੇ ਉਨ੍ਹਾਂ ਤੋਂ ਮੀਟਿੰਗ ਲਈ ਸਮਾਂ ਮੰਗਿਆ ਜਾ ਰਿਹਾ ਹੈ। ਇਸੇ ਦੌਰਾਨ ਬੈਸਟ ਪ੍ਰਾਈਸ ਮਾਲ ਅੱਗੇ ਖੇਤੀ ਕਾਨੂੰਨ ਖ਼ਿਲਾਫ਼ ਜਾਰੀ ਮੋਰਚੇ ’ਚ ਕਿਸਾਨਾਂ-ਮਜ਼ਦੂਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਕੈਪਟਨ ਕਿਸਾਨਾਂ ਲਈ ਕੁਝ ਨਹੀਂ ਕਰ ਸਕਦੇ: ਉਗਰਾਹਾਂ
ਜ਼ੀਰਕਪੁਰ (ਹਰਜੀਤ ਸਿੰਘ): ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹ ਰਾਹ ’ਤੇ ਸਥਿਤ ਵਾਲਮਾਰਟ ਦੇ ਬੈਸਟ ਪ੍ਰਾਈਸ ਸਟੋਰ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅਮਰਿੰਦਰ ਸਿੰਘ ਦੇ ਭਾਜਪਾ ਵਿੱਚ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦਿਆਂ ਕੁਝ ਨਹੀਂ ਕੀਤਾ ਤਾਂ ਅੱਗੇ ਕੀ ਕਰਨਗੇ।