ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 18 ਅਕਤੂਬਰ
ਮੁੱਖ ਅੰਸ਼
- ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿੱਚ ਕਈ ਥਾਵਾਂ ’ਤੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ
- ਮੀਂਹ ਦੇ ਬਾਵਜੂਦ ਡਟੇ ਰਹੇ ਕਿਸਾਨ, ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਹੋਰ ਤਿੱਖਾ ਕਰਨ ਦੀ ਚਿਤਾਵਨੀ
-
ਲਖਨਊ ਮਹਾਪੰਚਾਇਤ ’ਚ ਭਵਿੱਖੀ ਰਣਨੀਤੀ ਘੜਨ ਦਾ ਦਾਅਵਾ
ਸੰਯੁਕਤ ਕਿਸਾਨ ਮੋਰਚੇ ਦੇ ‘ਰੇਲ ਰੋਕੋ’ ਸੱਦੇ ’ਤੇ ਦੇਸ਼ ਭਰ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਅੱਜ ਛੇ ਘੰਟਿਆਂ ਲਈ ਰੇਲਵੇ ਟਰੈਕਾਂ ਤੇ ਪਲੈਟਫਾਰਮਾਂ ’ਤੇ ਧਰਨੇ ਲਾਏ। ਮੋਰਚੇ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਵਿੱਚ ਚਾਰ ਕਿਸਾਨਾਂ ਦੇ ਕਤਲੇਆਮ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਮੋਦੀ ਵਜ਼ਾਰਤ ’ਚੋਂ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੇ ਅਹੁਦੇ ’ਤੇ ਬਣੇ ਰਹਿਣ ਤੱਕ ਲਖੀਮਪੁਰ ਖੀਰੀ ਹਿੰਸਾ ਕੇਸ ’ਚ ਇਨਸਾਫ਼ ਮਿਲਣਾ ਮੁਸ਼ਕਲ ਹੈ। ਇਸ ਦੌਰਾਨ ਯੂਪੀ ਤੇ ਮੱਧ ਪ੍ਰਦੇਸ਼ ਸਮੇਤ ਹੋਰ ਕਈ ਥਾਵਾਂ ’ਤੇ ਕਿਸਾਨਾਂ ਨੇ ਗ੍ਰਿਫ਼ਤਾਰੀਆਂ ਵੀ ਦਿੱਤੀਆਂ। ਮੀਂਹ ਦੇ ਬਾਵਜੂਦ ਕਿਸਾਨ ਰੇਲ ਪੱਟੜੀਆਂ ’ਤੇ ਡਟੇ ਰਹੇ। ਮੋਰਚੇ ਨੇ ਚਿਤਾਵਨੀ ਦਿੱਤੀ ਕਿ ਜੇ ਲਖੀਮਪੁਰ ਖੀਰੀ ਕਤਲੇਆਮ ਵਿੱਚ ਇਨਸਾਫ ਲਈ ਉਸ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਕੀਤੇ ਜਾਣਗੇ। 26 ਨਵੰਬਰ ਨੂੰ ਮੋਰਚੇ ਦੇ ਸਾਲ ਪੂਰਾ ਹੋਣ ’ਤੇ ਲਖਨਊ ਦੀ ਮਹਾਂਪੰਚਾਇਤ ਮਗਰੋਂ ਸੰਘਰਸ਼ ਦੇ ਅਗਲੇ ਪੜਾਅ ਦੀ ਰੂਪ-ਰੇਖਾ ਤੈਅ ਕੀਤੀ ਜਾਵੇਗੀ। ‘ਰੇਲ ਰੋਕੋ’ ਦਾ ਸੱਦਾ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਪੱਛਮੀ ਬੰਗਾਲ, ਰਾਜਸਥਾਨ, ਮੱਧ ਪ੍ਰਦੇਸ਼, ਕਰਨਾਟਕ, ਤਿਲੰਗਾਨਾ ਆਦਿ ਰਾਜਾਂ ਵਿੱਚ ਸਫ਼ਲ ਰਹਿਣ ਦੀਆਂ ਰਿਪੋਰਟਾਂ ਹਨ।
ਕਿਸਾਨਾਂ ਨੇ ਸਵੇਰੇ 10 ਵਜੇ ਤੋਂ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਝੰਡਿਆਂ ਸਮੇਤ ਰੇਲ ਪੱਟੜੀਆਂ ਉਪਰ ਧਰਨੇ ਦਿੱਤੇ। ਕਿਸਾਨਾਂ ਨੇ ਸ਼ਾਂਤਮਈ ਢੰਗ ਨਾਲ ਵੱਖ ਵੱਖ ਥਾਈਂ ਰੇਲਾਂ ਨੂੰ ਰੋਕੀ ਰੱਖਿਆ। ਮੋਰਚੇ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਮਰਦ ਤੇ ਔਰਤਾਂ ‘ਰੇਲ ਰੋਕੋ’ ਸੱਦੇ ਨੂੰ ਲਾਗੂ ਕਰਨ ਲਈ ਬਾਹਰ ਆਏ ਤੇ ਕਈ ਥਾਵਾਂ ’ਤੇ ਭਾਰੀ ਮੀਂਹ ਦੇ ਬਾਵਜੂਦ ਕਿਸਾਨ ਡਟੇ ਰਹੇ। ਇਸ ਸੱਦੇ ਕਰਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ 290 ਤੋਂ ਜ਼ਿਆਦਾ ਰੇਲ ਗੱਡੀਆਂ ਪ੍ਰਭਾਵਿਤ ਹੋਣ ਤੇ 40 ਟਰੇਨਾਂ ਰੱਦ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਉੱਤਰ ਪ੍ਰਦੇਸ਼ ਵਿੱਚ ਪੁਲੀਸ ਨੇ ਕਈ ਥਾਵਾਂ ’ਤੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ। ਉੱਤਰ ਰੇਲਵੇ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ 50 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਤੇ 130 ਥਾਵਾਂ ਉਪਰ ਅੰਦੋਲਨ ਦਾ ਅਸਰ ਪਿਆ। ਮੋਰਚੇ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਪੁਲੀਸ ਨੇ ਗੁਨਾ, ਗਵਾਲੀਅਰ, ਰੀਵਾ, ਬਾਮਨੀਆ (ਝਬੂਆ ਵਿੱਚ) ਅਤੇ ਹੋਰ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ। ਤਿਲੰਗਾਨਾ ਦੇ ਕਾਚੇਗੁੜਾ (ਹੈਦਰਾਬਾਦ) ਵਿੱਚ ਵੀ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ‘ਰੇਲ ਰੋਕੋ’ ਦੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਪੱਛਮੀ ਬੰਗਾਲ, ਰਾਜਸਥਾਨ, ਮੱਧ ਪ੍ਰਦੇਸ਼, ਕਰਨਾਟਕ, ਤਿਲੰਗਾਨਾ ਆਦਿ ਰਾਜਾਂ ਵਿੱਚ ਸਫ਼ਲ ਰਹਿਣ ਦੀਆਂ ਰਿਪੋਰਟਾਂ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਕੁਦਰਤੀ ਨਿਆਂ ਦੇ ਇੱਕ ਸਧਾਰਨ ਸਿਧਾਂਤ ਵਜੋਂ ਇਹ ਕਰਨ ਦੇ ਨਾਲ-ਨਾਲ ਨੈਤਿਕ ਜ਼ਿੰਮੇਵਾਰੀ ਵੀ ਨਿਭਾਉਣੀ ਪਵੇਗੀ, ਇਹ ਯਕੀਨੀ ਬਣਾਉਣ ਲਈ ਕਿ ਜਾਂਚ ਪ੍ਰਭਾਵਿਤ ਨਾ ਹੋਵੇ, ਲਖੀਮਪੁਰ ਖੀਰੀ ਕਤਲੇਆਮ ਦੇ ਅਸਲ ਦੋਸ਼ੀਆਂ ਤੇ ਸਾਜ਼ਿਸ਼ਘਾੜਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਮੋਰਚੇ ਨੇ ਚਿਤਾਵਨੀ ਦਿੱਤੀ ਕਿ ਜੇ ਲਖੀਮਪੁਰ ਖੀਰੀ ਕਤਲੇਆਮ ਵਿੱਚ ਇਨਸਾਫ ਲਈ ਉਸ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਵਿਰੋਧ ਪ੍ਰਦਰਸ਼ਨ ਹੋਰ ਤੇਜ਼ ਕੀਤੇ ਜਾਣਗੇ। 26 ਨਵੰਬਰ ਨੂੰ ਮੋਰਚੇ ਦੇ ਸਾਲ ਪੂਰਾ ਹੋਣ ’ਤੇ ਲਖਨਊ ਦੀ ਮਹਾਂਪੰਚਾਇਤ ਮਗਰੋਂ ਸੰਘਰਸ਼ ਦੇ ਅਗਲੇ ਪੜਾਅ ਤੈਅ ਕੀਤੇ ਜਾਣਗੇ। ਦੇਸ਼ ਦੇ ਕਈ ਰਾਜਾਂ ਵਿੱਚ ਲਖੀਮਪੁਰ ਖੀਰੀ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਯਾਤਰਾਵਾਂ ਕੱਢੀਆਂ ਗਈਆਂ। ਮੱਧ ਪ੍ਰਦੇਸ਼ ਵਿੱਚ ਸ਼ਹੀਦ ਕਿਸਾਨ ਸ਼ਰਧਾਂਜਲੀ ਪਦਯਾਤਰਾ ਕੱਢੀ ਗਈ। ਉੱਤਰਾਖੰਡ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿੱਚ ਵੀ ਸ਼ਹੀਦ ਕਲਸ਼ ਯਾਤਰਾਵਾਂ ਦਾ ਆਗਾਜ਼ ਕੀਤਾ ਗਿਆ। ਉਧਰ ਪੁਲੀਸ ਕਮਿਸ਼ਨਰ (ਰੇਲਵੇ) ਹਰਿੰਦਰ ਕੁਮਾਰ ਸਿੰਘ ਦੇ ਹਵਾਲੇ ਨਾਲ ਦਿੱਲੀ ਦੀ ਰੇਲਵੇ ਪੁਲੀਸ ਨੇ ਕਿਹਾ ਕਿ ਅੰਦੋਲਨ ਕਰਕੇ ਕੌਮੀ ਰਾਜਧਾਨੀ ਵਿੱਚ ਕੋਈ ਗੜਬੜੀ ਜਾਂ ਰੇਲਗੱਡੀ ਰੱਦ ਨਹੀਂ ਹੋਈ।
ਸਿੰਘੂ ਬਾਰਡਰ ਕਤਲ ਕੇਸ ’ਚ ਗ੍ਰਿਫ਼ਤਾਰੀ ਹੋਈ, ਪਰ ਲਖੀਮਪੁਰ ਘਟਨਾ ’ਚ ਨਹੀਂ: ਟਿਕੈਤ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਮਿਸਾਲ ਦਿੱਤੀ ਕਿ ਇਸ ਤੋਂ ਪਹਿਲਾਂ ਵੀ ਰੇਲਾਂ ਰੋਕੀਆਂ ਜਾਂਦੀਆਂ ਰਹੀਆਂ ਹਨ ਤੇ ਸਿਆਸੀ ਧਿਰਾਂ ਵੱਲੋਂ ਵੀ ਅਜਿਹਾ ਕੀਤਾ ਜਾਂਦਾ ਰਿਹਾ ਹੈ। ਸਿੰਘੂ ਬਾਰਡਰ ਕਤਲ ਕਾਂਡ ਦਾ ਜ਼ਿਕਰ ਕਰਦਿਆਂ ਟਿਕੈਤ ਨੇ ਕਿਹਾ ਕਿ ਇਸ ਕਤਲ ਵਿੱਚ ਗ੍ਰਿਫ਼ਤਾਰੀਆਂ ਹੋਈਆਂ ਹਨ, ਪਰ ਲਖੀਮਪੁਰ ਖੀਰੀ ਕਤਲ ਮਾਮਲੇ ਵਿੱਚ ਅਜੈ ਮਿਸ਼ਰਾ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ, ‘‘ਇੱਕ ਪਾਸੇ ਲੋਕਾਂ ਨੂੰ ਉਲਝਾਓਗੇ ਤੇ ਦੂਜੇ ਪਾਸੇ ਹੋਰਨਾਂ ਨੂੰ ਬਚਾਓਗੇ, ਅਜਿਹਾ ਨਹੀਂ ਚੱਲੇਗਾ।’’
ਉੱਤਰੀ ਰੇਲਵੇ ਜ਼ੋਨ ’ਚ 150 ਥਾਵਾਂ ’ਤੇ ਆਵਾਜਾਈ ਰੁਕੀ
ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇੇ ‘ਰੇਲ ਰੋਕੋ’ ਦੇ ਸੱਦੇ ਕਰਕੇ ਉੱਤਰੀ ਰੇਲਵੇ ਜ਼ੋਨ ਦੇ 150 ਟਿਕਾਣੇ ਅਸਰਅੰਦਾਜ਼ ਹੋਏ ਤੇ 60 ਰੇਲ ਗੱਡੀਆਂ ਦੇ ਚੱਲਣ ਵਿੱਚ ਰੁਕਾਵਟ ਪਈ। ਉੱਤਰ ਪੱਛਮੀ ਰੇਲਵੇ ਜ਼ੋਨ ਵਿੱਚ ਰਾਜਸਥਾਨ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਰੇਲ ਆਵਾਜਾਈ ਪ੍ਰਭਾਵਿਤ ਹੋਈ ਜਿਸ ਨਾਲ 18 ਰੇਲ ਗੱਡੀਆਂ ਰੱਦ ਹੋਈਆਂ, 10 ਨੂੰ ਅੰਸ਼ਕ ਰੂਪ ਵਿੱਚ ਰੱਦ ਕਰ ਦਿੱਤਾ ਗਿਆ ਤੇ ਇੱਕ ਨੂੰ ਵਿਰੋਧ ਕਾਰਨ ਮੋੜ ਦਿੱਤਾ ਗਿਆ। ਉੱਤਰੀ ਰੇਲਵੇ ਜ਼ੋਨ ਵਿੱਚ ਪ੍ਰਭਾਵਿਤ ਹੋਈਆਂ ਰੇਲ ਗੱਡੀਆਂ ਵਿੱਚ ਚੰਡੀਗੜ੍ਹ-ਫਿਰੋਜ਼ਪੁਰ ਐਕਸਪ੍ਰੈੱਸ ਵੀ ਸ਼ਾਮਲ ਹੈ। ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਨੂੰ ਸ਼ੰਭੂ ਸਟੇਸ਼ਨ ਕੋਲ ਰੋਕ ਦਿੱਤਾ ਗਿਆ।
ਲਖੀਮਪੁਰ ਖੀਰੀ ਘਟਨਾ ਮਾਮਲੇ ਵਿੱਚ ਚਾਰ ਹੋਰ ਗ੍ਰਿਫ਼ਤਾਰ
ਲਖੀਮਪੁਰ ਖੀਰੀ: ਉਤਰ ਪ੍ਰਦੇਸ਼ ਪੁਲੀਸ ਨੇ ਲਖੀਮਪੁਰ ਖੀਰੀ ਘਟਨਾ ਸਬੰਧੀ ਅੱਜ ਚਾਰ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹੁਣ ਤਕ ਇਸ ਘਟਨਾ ਵਿਚ 10 ਜਣਿਆਂ ਨੂੰ ਹਿਰਾਸਤ ਵਿਚ ਲਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਕਰਾਈਮ ਬਰਾਂਚ ਵਲੋਂ ਸਵੈਟ ਟੀਮ ਦੇ ਸਹਿਯੋਗ ਨਾਲ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਨੇ ਅੱਜ ਸੁਮਿਤ ਜੈਸਵਾਲ, ਸ਼ਿਸ਼ੀ ਪਾਲ, ਸਤਿਆ ਪ੍ਰਕਾਸ਼ ਤ੍ਰਿਪਾਠੀ ਤੇ ਨੰਦਨ ਸਿੰਘ ਬਿਸ਼ਟ ਨੂੰ ਹਿਰਾਸਤ ਵਿਚ ਲਿਆ ਹੈ। ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਲਖੀਮਪੁਰ ਵਿਚ ਅੱਠ ਜਣਿਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿਚ ਚਾਰ ਕਿਸਾਨ ਸ਼ਾਮਲ ਸਨ।
ਪੰਜਾਬ ’ਚ ਸਮੂਹ ਵਰਗਾਂ ਦੇ ਲੋਕ ਰੇਲ ਪਟੜੀਆਂ ’ਤੇ ਨਿੱਤਰੇ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਅਕਤੂਬਰ
ਮੁੱਖ ਅੰਸ਼
- ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਪੰਜਾਬ ਦੇ ਰੇਲ ਮਾਰਗਾਂ ’ਤੇ ਪਹੀਆ ਰਿਹਾ ਜਾਮ
ਪੰਜਾਬ ਭਰ ’ਚ ਅੱਜ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ 6 ਘੰਟਿਆਂ ਲਈ ਰੇਲਾਂ ਦਾ ਮੁਕੰਮਲ ਚੱਕਾ ਜਾਮ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲਖੀਮਪੁਰ ਖੀਰੀ ਦੀ ਘਟਨਾਂ ਦੇ ਸਬੰਧ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਅਤੇ ਹੋਰਨਾਂ ਵਰਗਾਂ ਦੇ ਲੋਕ ਅੱਜ ਰੇਲ ਪਟੜੀਆਂ ’ਤੇ ਨਿਤਰੇ। ਸੂਬੇ ਦੇ ਪ੍ਰਮੁੱਖ ਰੇਲ ਮਾਰਗਾਂ ’ਤੇ 80 ਦੇ ਕਰੀਬ ਥਾਵਾਂ ’ਤੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ ਕਿਸਾਨਾਂ ਨੇ ਧਰਨੇ ਦਿੱਤੇ। ਪੰਜਾਬ ਦੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਮੋਗਾ, ਪਟਿਆਲਾ ਤੇ ਫਿਰੋਜ਼ਪੁਰ ਵਿੱਚ ਕਿਸਾਨਾਂ ਨੇ ਵੱਖ ਵੱਖ ਥਾਈਂ ਧਰਨੇ ਦਿੱਤੇ।
ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਵੱਲੋਂ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ 108 ਥਾਵਾਂ ’ਤੇ ਜਾਰੀ ਧਰਨੇ ਅੱਜ 383ਵੇਂ ਦਿਨ ਵੀ ਪੂਰੇ ਜੋਸ਼ ਨਾਲ ਜਾਰੀ ਰਹੇ। ਕਿਸਾਨ ਆਗੂਆਂ ਸੁਖਦੇਵ ਸਿੰਘ ਕੋਕਰੀ ਕਲਾਂ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜ ਗਿੱਲ, ਜਗਮੋਹਨ ਸਿੰਘ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਡਾ. ਦਰਸ਼ਨ ਪਾਲ, ਹਰਦੀਪ ਸਿੰਘ ਲੱਖੋਵਾਲ, ਜਗਜੀਤ ਸਿੰਘ ਡੱਲੇਵਾਲ, ਹਰਮੀਤ ਸਿੰਘ ਕਾਦੀਆਂ, ਰਮਿੰਦਰ ਸਿੰਘ ਪਟਿਆਲਾ, ਰੁਲਦੂ ਸਿੰਘ ਮਾਨਸਾ ਆਦਿ ਨੇ ਦੱਸਿਆ ਕਿ ਭਾਰੀ ਗਿਣਤੀ ਵਿੱਚ ਔਰਤਾਂ ਅਤੇ ਨੌਜਵਾਨਾਂ ਸਮੇਤ ਸਾਰੇ ਥਾਵਾਂ ’ਤੇ ਸੈਂਕੜੇ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਹਮਾਇਤ ਵਜੋਂ ਮੁਲਾਜ਼ਮ, ਠੇਕਾ ਕਾਮੇ ਅਤੇ ਹੋਰ ਕਿਰਤੀ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਮੋਦੀ ਸਰਕਾਰ ਉੱਤੇ ਕਿਸਾਨ ਘੋਲ ਨੂੰ ਢਾਹ ਲਾਉਣ ਲਈ ਲਖੀਮਪੁਰ ਖੀਰੀ ਅਤੇ ਸਿੰਘੂ ਬਾਰਡਰ ਵਰਗੀਆਂ ਸਾਜ਼ਿਸ਼ਾਂ ਰਚਣ ਦਾ ਦੋਸ਼ ਲਾਇਆ। ਉਨ੍ਹਾਂ ਮੰਗ ਕੀਤੀ ਕਿ ਲਖੀਮਪੁਰ ਕਾਂਡ ਦੇ ਸਾਜ਼ਿਸ਼ ਕਰਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਤੁਰੰਤ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ ਅਤੇ 5 ਕਿਸਾਨਾਂ ਨੂੰ ਗੱਡੀਆਂ ਥੱਲੇ ਕੁਚਲ ਕੇ ਮਾਰਨ ਦੇ ਦੋਸ਼ੀ ਉਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ ਹੋਰਨਾਂ ਨੂੰ ਗ੍ਰਿਫਤਾਰ ਕਰਕੇ ਵਿਸ਼ੇਸ਼ ਅਦਾਲਤੀ ਕਾਰਵਾਈ ਰਾਹੀਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਕਿਸਾਨਾਂ ਦੀਆਂ ਮੁੱਖ ਮੰਗਾਂ ਤਿੰਨੋਂ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ ਤੇ ਪਰਾਲੀ ਆਰਡੀਨੈਂਸ ਤੁਰੰਤ ਰੱਦ ਕਰਨ ਸਮੇਤ ਸਾਰੀਆਂ ਫਸਲਾਂ ਦੇ ਲਾਭਕਾਰੀ ਐੱਮਐੱਸਪੀ ਮਿਥ ਕੇ ਪੂਰੀ ਖਰੀਦ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਅਤੇ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਸਾਰੇ ਗਰੀਬਾਂ ਨੂੰ ਜਿਉਂਦੇ ਰਹਿਣ ਲਈ ਜ਼ਰੂਰੀ ਸਾਰੀਆਂ ਵਸਤਾਂ ਸਸਤੇ ਰੇਟਾਂ ’ਤੇ ਦਿੱਤੀਆਂ ਜਾਣ। ਬੀਤੇ ਦਿਨੀਂ ਸਿੰਘੂ ਬਾਰਡਰ ’ਤੇ ਵਾਪਰੇ ਘਿਣਾਉਣੇ ਕਤਲ ਦੀ ਨਿਰਪੱਖ ਅਦਾਲਤੀ ਜਾਂਚ ਕਰਵਾ ਕੇ ਸਾਜ਼ਿਸ਼ਘਾੜਿਆਂ ਸਮੇਤ ਹੋਰਨਾਂ ਦੋਸ਼ੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।