ਪੱਤਰ ਪ੍ਰੇਰਕ
ਮਾਨਸਰ, 24 ਸਤੰਬਰ
ਇਥੇ ਟੌਲ ਪਲਾਜ਼ਾ ਮਾਨਸਰ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਇਆ ਧਰਨਾ 349ਵੇਂ ਦਿਨ ਵੀ ਜਾਰੀ ਰਿਹਾ। ਅੱਜ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮਾਸਟਰ ਯੋਧ ਸਿੰਘ, ਨਰਿੰਦਰ ਸਿੰਘ ਗੋਲੀ ਤੇ ਬਲਵਿੰਦਰ ਸਿੰਘ ਛੰਨੀ ਨੇ ਕਿਹਾ ਕਿ ਕਾਲੇ ਕਾਨੂੰਨ ਸਿਰਫ਼ ਕਿਸਾਨ ਮਜ਼ਦੂਰ ਮਾਰੂ ਨਹੀਂ ਸਗੋਂ ਹਰ ਵਰਗ ਲਈ ਘਾਤਕ ਸਾਬਤ ਹੋਣਗੇ। ਉਨ੍ਹਾਂ ਮੁਕੇਰੀਆਂ, ਭੰਗਾਲਾ, ਮਾਨਸਰ ਤੇ ਹਾਜ਼ੀਪੁਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 27 ਸਤੰਬਰ ਨੂੰ ਸਵੇਰੇ 6 ਤੋਂ ਸ਼ਾਮ 4 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦਾ ਸਾਥ ਦੇਣ।
ਅਜਨਾਲਾ (ਪੱਤਰ ਪ੍ਰੇਰਕ): ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਇਸ ਤਹਿਸੀਲ ਦੇ ਪਿੰਡ ਗੱਗੋਮਾਹਲ ਵਿੱਚ ਕਿਸਾਨਾਂ ਦੀ ਵਿਸ਼ੇਸ਼ ਇਕੱਤਰਤਾ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਅਤੇ ਸਾਬਕਾ ਸਰਪੰਚ ਗੁਰਿੰਦਰਬੀਰ ਸਿੰਘ ਮਾਹਲ ਨੇ ਕਿ ਪਿੰਡਾਂ ਅੰਦਰ ਲੋਕਾਂ ਨੂੰ ਖੇਤੀ ਕਾਨੂੰਨ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ। ਇਸ ਮੌਕੇ ਇੰਦਰਜੀਤ ਸਿੰਘ ਅਨੈਤਪੁਰਾ, ਗੁਰਦੇਵ ਸਿੰਘ, ਗੁਰਮੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਇਥੋਂ ਦੇ ਜੀਓ ਰਿਲਾਇੰਸ ਦਫ਼ਤਰ ਦੇ ਬਾਹਰ ਕਿਸਾਨਾਂ ਦੇ ਚੱਲ ਰਹੇ ਲਗਾਤਾਰ ਧਰਨੇ ਦੌਰਾਨ ਅੱਜ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ’ਤੇ ਚਰਚਾ ਕੀਤੀ। ਕਿਸਾਨ ਆਗੂਆਂ ਨੇ ਗੁਰਮੇਸ਼ ਸਿੰਘ, ਮਾਸਟਰ ਦਵਿੰਦਰ ਸਿੰਘ ਕੱਕੋਂ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਪਰਵਿੰਦਰ ਸਿੰਘ ਸੱਜਣ, ਜਗਤਾਰ ਸਿੰਘ ਭਿੰਡਰ ਆਦਿ ਨੇ ਦੱਸਿਆ ਕਿ ਵਪਾਰ ਮੰਡਲ, ਆੜ੍ਹਤੀ ਐਸੋਸੀਏਸ਼ਨ, ਅਨਾਜ, ਸਬਜੀ ਤੇ ਫ਼ਲ ਵਿਕ੍ਰੇਤਾ ਐਸੋਸੀਏਸ਼ਨਾਂ ਆਦਿ ਨੇ 27 ਸਤੰਬਰ ਦੇ ਬੰਦ ਨੂੰ ਪੂਰਨ ਸਮਰਥਨ ਦਾ ਭਰੋਸਾ ਦਿੱਤਾ ਹੈ।