ਪਰਸ਼ੋਤਮ ਬੱਲੀ
ਬਰਨਾਲਾ, 20 ਅਪਰੈਲ
ਸੰਯੁੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਬਰਨਾਲਾ ਰੇਲਵੇ ਸਟੇਸ਼ਨ ’ਤੇ ਲਾਏ ਪੱਕੇ ਧਰਨੇ ਦੌਰਾਨ ਅੱਜ ਇਸੇ ਜ਼ਿਲ੍ਹੇ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦਾ ਜਨਮ ਦਿਹਾੜਾ ਮਨਾਉਂਦਿਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਮੰਚ ਤੋਂ ਮਰਹੂਮ ਕਵੀ ਦੀਆਂ ਜੁਝਾਰੂ ਰਚਨਾਵਾਂ ਪੜ੍ਹ ਕੇ ਸੰਘਰਸ਼ੀ ਜ਼ਜਬਿਆਂ ’ਚ ਜ਼ੋਸ਼ ਭਰਿਆ। ਉਦਾਸੀ ਦੀ ਯਾਦਗਾਰੀ ਫੋਟੋ ’ਤੇ ਫੁੱਲ ਮਾਲਾਵਾਂ ਪਾਈਆਂ ਗਈਆਂ। ਇਸ ਮੌਕੇ ਸੰਬੋਧਲ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਉਦਾਸੀ ਨੇ ਨਾ ਸਿਰਫ ਲੋਕਾਂ ਦੇ ਦੁੱਖ-ਦਰਦਾਂ ਨੂੰ ਲਿਖਿਆ ਤੇ ਗਾਇਆ ਹੈ, ਸਗੋਂ ਉਹ ਲੋਕਾਂ ਲਈ ਮੂਹਰਲੀਆਂ ਸਫਾਂ ’ਚ ਸ਼ਾਮਲ ਹੋ ਕੇ ਲੜੇ ਹਨ। ਇਸੇ ਲਈ ਸਮੇਂ ਦੇ ਹਾਕਮਾਂ ਨੇ ਉਸ ਉਪਰ ਇੰਨਾ ਕਠੋਰ ਸਰੀਰਕ ਤਸ਼ੱਦਦ ਢਾਹਿਆ ਕਿ ਉਹ ਸਿਰਫ 47 ਸਾਲ ਦੀ ਉਮਰ ਵਿੱਚ ਵਿਛੋੜਾ ਦੇ ਗਏ। ਅੱਜ ਸਾਰੇ ਗੀਤਕਾਰਾਂ, ਕਵੀਸ਼ਰਾਂ, ਕਵੀਆਂ ਤੇ ਬੁੁਲਾਰਿਆਂ ਨੇ ਲੋਕ ਲਹਿਰ ਲਈ ਉਦਾਸੀ ਦੇ ਯੋਗਦਾਨ ਨੂੰ ਯਾਦ ਕਰਦਿਆਂ, ਉਸ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈਣ ਦੀ ਗੱਲ ਕੀਤੀ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁੁਰਦੇਵ ਸਿੰਘ ਮਾਂਗੇਵਾਲ, ਪਿ੍ਤਪਾਲ ਸਿੰਘ ਮੰਡੀ ਕਲਾਂ, ਹਰਚਰਨ ਚੰਨਾ, ਮਨਜੀਤ ਰਾਜ, ਮੇਲਾ ਕੱਟੂ, ਇਕਬਾਲ ਕੌਰ ਉਦਾਸੀ, ਗੁੁਰਪ੍ਰੀਤ ਰੂੜੇਕੇ ਤੇ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਬੁੁਲਾਰਿਆਂ ਨੇ ਕਿਹਾ ਕਿ ਅੱਜ ਜਦੋਂ ਕਿਸਾਨ ਅੰਦੋਲਨ ਪੂਰਾ ਮਘਿਆ ਹੋਇਆ ਹੈ, ਸਾਨੂੰ ਸੰਤ ਰਾਮ ਉਦਾਸੀ ਵਰਗੇ ਲੋਕ-ਪੱਖੀ ਕਲਾਕਾਰਾਂ ਦੀ ਬਹੁੁਤ ਲੋੜ ਮਹਿਸੂਸ ਹੁੰਦੀ ਹੈ। ਸੰਤੋਸ਼ਜਨਕ ਗੱਲ ਹੈ ਕਿ ਮੁੁਲਕ ਦੇ ਮੌਜੂਦਾ ਕਲਾਕਾਰਾਂ ਨੇ,ਆਪਣੀ ਜਿੰਮੇਵਾਰੀ ਪਹਿਚਾਨਦੇ ਹੋਏ ਕਿਸਾਨ ਅੰਦੋਲਨ ਦੀ ਡੱਟ ਕੇ ਹਮਾਇਤ ਕੀਤੀ ਹੈ। ਇਸ ਘੜੀ ’ਚ ਮੁੁਲਕ ਦੇ ਕਲਾਕਾਰ ਵੀ ਲੋਕਾਂ ਦੇ ਨਾਲ ਖੜ੍ਹੇ ਹੋਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਵਾਢੀ ਦਾ ਸ਼ੀਜਨ ਖ਼ਤਮ ਹੁੰਦੇ ਇੱਕ ਵਾਰ ਫਿਰ ਵੱਡੀ ਗਿਣਤੀ ਵਿੱਚ ਦਿੱਲੀ ਵੱਲ ਵਹੀਰਾਂ ਘੱਤਣਗੇ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਉਰਾਂ ਕਿਸਾਨਾਂ ਦਾ ਹੋਰ ਕੋਈ ਪੜਾਅ ਨਹੀਂ। ਅੱਜ ਰਾਮ ਸਿੰਘ ਹਠੂਰ, ਰਾਜਵਿੰਦਰ ਸਿੰਘ ਮੱਲੀ ਕਵੀਸ਼ਰੀ ਜਥਾ, ਬਲਦੇਵ ਮੰਡੇਰ ਨੇ ਸੰਤ ਰਾਮ ਉਦਾਸੀ ਦੇ ਗੀਤ ਗਾ ਕੇ ਉਸ ਮਹਾਨ ਲੋਕ-ਕਵੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪੰਡਾਲ ਵਿੱਚ ਜੋਸ਼ ਭਰਿਆ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਦੇ ਕਿਸਾਨਾਂ ਵੱਲੋਂ ਬੈਸਟ ਪ੍ਰਾਈਜ਼ ਮਾਲ ਅਤੇ ਬਲਾਕ ਰਾਮਪੁਰਾ ਵੱਲੋਂ ਲਹਿਰਾ ਬੇਗਾ ਟੌਲ ਪਲਾਜ਼ਾ ’ਤੇੇ ਖੇਤੀ ਕਨੂੰਨਾਂ ਖ਼ਿਲਾਫ਼ ਚੱਲ ਰਹੇ ਮੋਰਚੇ ਅੱਜ 202ਵੇਂ ਦਿਨ ਵੀ ਜਾਰੀ ਰਹੇ। ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਦਰ ਸਿੰਘ ਨਾਗਰਾ ਤੇ ਅਜਮੇਰ ਸਿੰਘ ਨੇ ਕਿਸਾਨੀ ਗੀਤ ਪੇਸ਼ ਕੀਤੇ। ਇਸ ਮੌਕੇ ਬਲਾਕ ਜਨਰਲ ਸਕੱਤਰ ਬਲਜੀਤ ਸਿੰਘ ਨੇ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ 21 ਅਪਰੈਲ ਨੂੰ ਆਪੋ ਆਪਣੇ ਸਾਧਨਾਂ ਰਾਹੀਂ ਦਿੱਲੀ ਵੱਲ ਕੂਚ ਕਰਨ, ਤਾਂ ਜੋ ਮੋਦੀ ਸਰਕਾਰ ਦੇ ਕਰੋਨਾ ਦੀ ਆੜ ਵਿੱਚ ਕਿਸਾਨੀ ਅੰਦੋਲਨ ਨੂੰ ਖ਼ਤਮ ਕਰਨ ਦੇ ਮਨਸੂਬੇ ਫੇਲ੍ਹ ਕੀਤੇ ਜਾ ਸਕਣ। ਹੁਣ ਸਭ ਨੂੰ ਇਕ ਵੱਡਾ ਹੰਭਲਾ ਮਾਰਨ ਦੀ ਲੋੜ ਹੈ। ਇਸ ਮੌਕੇ ਗੁਰਮੇਲ ਨਥਾਣਾ ਅਤੇ ਬਲਤੇਜ ਚੱਕ ਨੇ ਸੰਬੋਧਨ ਕੀਤਾ ਅਤੇ ਗੁਰਪ੍ਰੀਤ ਸਿੰਘ ਚੱਕ ਰਾਮ ਸਿੰਘ ਵਾਲਾ ਨੇ ਸਟੇਜ ਸੰਭਾਲੀ।
ਬਰੇਤਾ (ਪੱਤਰ ਪ੍ਰੇਰਕ): ਸਥਾਨਕ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿਖੇ ਸਾਂਝਾ ਕਿਸਾਨ ਮੋਰਚਾ ਵੱਲੋਂ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਧਰਨੇ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਬੁਲਾਰਿਆਂ ਨੇ ਵਿਰੋਧ ਵਿਚ ਨਾਅਰੇਬਾਜ਼ੀ ਕਰਦੇ ਹੋਏ ਖੇਤੀ ਕਾਨੂੰਨ ਵਾਪਸ ਲਏ ਜਾਣ ਦੀ ਮੰਗ ਕਰਦੇ ਹੋਏ ਬੁਲਾਰੀਆ ਵਿਚ ਹਰਦੀਪ ਕੌਰ ਬਹਾਦਰਪੁਰ, ਬਲਜੀਤ ਕੌਰ, ਚਰਨਜੀਤ ਕੌਰ ਧਰਮਪੁਰਾ, ਸੋਣ ਸਿੰਘ ਦਿਆਲਪੁਰਾ, ਤਾਰਾ ਚੰਦ ਬਰੇਟਾ ਸ਼ਾਮਲ ਰਹੇ। ਇਸ ਤਰ੍ਹਾਂ ਪੈਟਰੋਲ ਪੰਪ ਦੇ ਧਰਨੇ ਵਿੱਚ ਵੀ ਉਗਰਾਹਾ ਗਰੁੱਪ ਦਾ ਧਰਨਾ ਜਾਰੀ ਰਿਹਾ|
ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਦੀ ਵਿੱਤੀ ਮਦਦ
ਮਾਨਸਾ (ਪੱਤਰ ਪ੍ਰੇਰਕ): ਪਿਛਲੇ ਦਿਨੀਂ ਦਿੱਲੀ ਕਿਸਾਨ ਮੋਰਚੇ ’ਚ ਜਾਨ ਗਵਾਉਣ ਵਾਲੇ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਧਰਮੂ ਦੇ ਕਿਸਾਨ ਗੁਰਜੰਟ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਭੇਜੀ 5 ਲੱਖ ਰੁਪਏ ਦੀ ਸਹਾਇਤਾ ਦਾ ਚੈੱਕ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਪਰਿਵਾਰ ਨੂੰ ਸੌਂਪਿਆ। ਸ੍ਰੀ ਮੋਫ਼ਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਕਾਰਨਾਂ ਕਿਸਾਨਾਂ ਨੂੰ ਆਪਣੇ ਘਰ-ਬਾਹਰ ਛੱਡ ਕੇ ਦਿੱਲੀ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹਨ, ਜਿਸ ਕਰਕੇ ਕਿਸਾਨਾਂ ਦੀਆਂ ਜਾਨਾਂ ਵੀ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਫਿਕਰਮੰਦ ਹੈ ਤੇ ਉਸ ਨੇ ਦਿੱਲੀ ਮੋਰਚੇ ’ਚ ਜਾਨ ਗਵਾਉਣ ਵਾਲੇ ਕੋਟਧਰਮੂ ਦੇ ਕਿਸਾਨ ਗੁਰਜੰਟ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਿਆ, ਜੋ ਪੰਜਾਬ ਸਰਕਾਰ ਵਲੋਂ ਭੇਜਿਆ ਗਿਆ ਸੀ।
ਸ਼ਹੀਦ ਜਗਦੀਪ ਸੰਘਰਸ਼ਾਂ ਦਾ ਚਾਨਣ ਮੁਨਾਰਾ ਰਹੇਗਾ: ਸੁਖਦੇਵ ਕੋਕਰੀ
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਦਿੱਲੀ ਦੇ ਬਾਰਡਰਾਂ ’ਤੇ ਖੇਤੀ ਸਮੇਤ ਸਾਰੇ ਲੋਕ ਵਿਰੋਧੀ ਕਾਨੂੰਨਾਂ ਨੂੰ ਕਰਵਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਕੁਰਬਾਨ ਹੋਏ ਪਿੰਡ ਹਿੰਮਤਪੁਰਾ ਦੇ ਨੌਜਵਾਨ ਜਗਦੀਪ ਸਿੰਘ ਦੀ ਅੰਤਿਮ ਅਰਦਾਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਬੇਸ਼ੱਕ ਜਗਦੀਪ ਸਿੰਘ ਦੀ ਮੌਤ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਕਰਕੇ ਹੋਈ ਹੈ, ਪਰ ਫਿਰ ਵੀ ਸ਼ਹੀਦਾਂ ਦੀ ਕਤਾਰ ਵਿੱਚ ਜਗਦੀਪ ਸਿੰਘ ਦਾ ਨਾਮ ਮੂਹਰਲੀਆਂ ਸਫ਼ਾਂ ਵਿੱਚ ਆਵੇਗਾ। ਇਸ ਸੰਘਰਸ਼ ਨੇ ਲੋਕਾਂ ਦੀ ਜਥੇਬੰਦਕ ਅਤੇ ਭਾਈਚਾਰਕ ਸਾਂਝ ਨੂੰ ਗੂੜਾ ਕੀਤਾ ਹੈ। ਸ਼ਾਂਤਮਈ ਢੰਗ ਅਤੇ ਦ੍ਰਿੜ ਇਰਾਦਾ ਇਸ ਸੰਘਰਸ਼ ਦੀ ਜਿੱਤ ਦਾ ਮੁੱਖ ਕਾਰਨ ਹੋਵੇਗਾ।