ਸਰਬਜੀਤ ਸਿੰਘ ਭੰਗੂ/ਸਰਬਜੀਤ ਭੱਟੀ
ਪਟਿਆਲਾ/ ਲਾਲੜੂ, 26 ਨਵੰਬਰ
ਇਥੇ ਸ਼ੰਭੂ ਬੈਰੀਅਰ ’ਤੇ ਹਰਿਆਣਾ ਪੁਲੀਸ ਨੇ ਅੱਜ ਪੰਜਾਬ ਦੇ ਕਿਸਾਨਾਂ ਦੇ ਜਥੇ ਨੂੰ ਖਿੰਡਾਉਣ ਲਈ ਜਲ ਤੋਪਾਂ ਵਰਤੀਆਂ ਤੇ ਅੱਥਰੂ ਗੈਸ ਛੱਡੀ। ਇਸ ਕਾਰਨ ਇਕ ਕਿਸਾਨ ਜ਼ਖ਼ਮੀ ਹੋ ਗਿਆ। ਇਸ ਦੌਰਾਨ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਝਰਮੜੀ ਨੇੜੇ ਪੁੱਜੇ ਕਿਸਾਨਾਂ ’ਤੇ ਹਰਿਆਣਾ ਪੁਲੀਸ ਵਲੋਂ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਪਾਣੀ ਦੀ ਬੁਛਾੜਾਂ ਮਾਰ ਕੇ ਪਿੱਛੇ ਹਟਾਉਣ ਦੀ ਕੋਸ਼ਿਸ਼ ਗਈ। ਇਸ ਕਾਰਨ ਕਿਸਾਨਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਵੱਡੀ ਗਿਣਤੀ ’ਚ ਕਿਸਾਨ ਜਿਨ੍ਹਾਂ ’ਚ ਨੌਜਵਾਨਾ ਦੀ ਗਿਣਤੀ ਭਾਰੀ ਵੱਧ ਸੀ, ਦੀ ਹਰਿਆਣਾ ਪੁਲੀਸ ਨਾਲ ਝੜਪ ਹੋ ਗਈ। ਪੰਜਾਬ-ਹਰਿਆਣਾ ਸੀਮਾਂ ਤੇ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ। ਕੇਂਦਰ ਸਰਕਾਰ ਵੱਲੋਂ ਥੋਪੇ ਗਏ ਖੇਤੀ ਵਿਰੋਧੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ 31 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 26 ਨਵੰਬਰ ਨੂੰ ਦਿੱਲੀ ਜਾਣ ਦੇ ਪ੍ਰੋਗਰਾਮ ਤਹਿਤ ਪੰਜਾਬ ’ਚ ਵੱਡੀ ਗਿਣਤੀ ਕਿਸਾਨ ਅੱਜ ਸ਼ੰਭੂ ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਪਹੁੰਚ ਚੁੱਕੇ ਹਨ।
ਪਟਿਆਲਾ ਜ਼ਿਲ੍ਹੇ ਵਿਚਲੇ ਸ਼ੰਭੂ ਬੈਰੀਅਰ ਰਾਹੀਂ ਕਿਸਾਨਾਂ ਨੇ ਜਦੋਂ ਹਰਿਆਣਾ ’ਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਹਰਿਆਣਾ ਪੁਲੀਸ ਦਰਮਿਆਨ ਧੱਕਾ-ਮੁੱਕੀ ਹੋਈ। ਸ਼ੰਭੂ ਬੈਰੀਅਰ ’ਤੇ ਵਾਪਰੀ ਇਸ ਘਟਨਾ ਦੌਰਾਨ ਇਕ ਕਿਸਾਨ ਜ਼ਖ਼ਮੀ ਵੀ ਹੋ ਗਿਆ, ਜਿਸ ਨੂੰ ਬਾਕਾਇਦਾ ਐਂਬੂਲੈਂਸ ਰਾਹੀਂ ਹਸਪਤਾਲ ਭੇਜ ਦਿੱਤਾ ਗਿਆ ਹੈਕਿਸਾਨਾਂ ਨੇ ਹਰਿਆਣਾ ਪੁਲੀਸ ਵੱਲੋਂ ਸੜਕ ’ਤੇ ਰੱਖੇ ਵੱਡੇ ਪੱਥਰ ਵੀ ਘੱਗਰ ਵਿੱਚ ਸੁੱਟ ਦਿੱਤੇ। ਕਿਸਾਨਾਂ ਵੱਲੋਂ ਹਰਿਆਣਾ ’ਚ ਦਾਖ਼ਲ ਹੋਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਮਾਹੌਲ ਤਣਾਅਪੂਰਨ ਹੈ। ਇੱਥੇ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਸਮੇਤ ਕਈ ਹੋਰ ਪ੍ਰਮੁੱਖ ਕਿਸਾਨ ਨੇਤਾ ਵੀ ਪੁੱਜੇ ਹੋਏ ਹਨ। ਉਧਰ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਮਿੱਟੀ ਦੇ ਭਰੇ ਟਿੱਪਰ ਅਤੇ ਟਰੱਕ ਲਾਏ ਜਾ ਚੁੱਕੇ ਹਨ। ਕਈ ਕਿਸਾਨ ਭਾਵੇਂ ਪੈਦਲ ਲੰਘ ਗਏ ਹਨ ਪਰ ਟਰੈਕਟਰ ਟਰਾਲੀਆਂ ਵਾਲੇ ਕਿਸਾਨਾਂ ਦੇ ਜਥਿਆਂ ਨੂੰ ਹਰਿਆਣਾ ਪੁਲੀਸ ਨੇ ਰੋਕਿਆ ਹੋਇਆ ਹੈ।
ਹਰਿਆਣਾ ਪੁਲੀਸ ਨੇ ਸ਼ੰਭੂ ਬੈਰੀਅਰ ਤੇ ਘੱਗਰ ਦਰਿਆ ਦੇ ਵਿਚਕਾਰਲੇ ਪੁਲ ‘ਤੇ ਨਾਕਾ ਲਾਇਆ ਹੋਇਆ ਸੀ ਜਿਸ ਨੂੰ ਤੋੜ ਕੇ ਕਿਸਾਨ ਭਾਵੇਂ ਅੱਗੇ ਲੰਘ ਗਏ ਹਨ ਪਰ ਪੁਲ ਦੇ ਅਖੀਰ ‘ਤੇ ਮਿੱਟੀ ਦੇ ਭਰੇ ਟਰੱਕ ਖੜ੍ਹੇ ਹੋਣ ਕਾਰਨ ਕਿਸਾਨ ਹੋਰ ਅੱਗੇ ਨਹੀਂ ਵਧ ਪਾ ਰਹੇ ਪਰ ਇਹ ਸਪੱਸ਼ਟ ਹੋ ਚੁੱਕਾ ਹੈ ਇਕ ਕਿਸਾਨ ਹਰਿਆਣਾ ਪੁਲੀਸ ਦਾ ਪਹਿਲਾ ਨਾਕਾ ਤੋੜ ਕੇ ਹਰਿਆਣਾ ਦੀ ਧਰਤੀ ‘ਤੇ ਦਾਖ਼ਲ ਹੋ ਚੁੱਕੇ ਹਨ। ਕਿਸਾਨਾਂ ਨੂੰ ਹਰਿਆਣਾ ਵਿੱਚ ਪ੍ਰਵੇਸ਼ ਹੋਣ ਤੋਂ ਰੋਕਣ ਲਈ ਹਰਿਆਣਾ ਪੁਲੀਸ ਵੱਲੋਂ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਵੀ ਛੱਡੀਆਂ ਗਈਆਂ ਪਰ ਕਿਸਾਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਵੇਰੇ ਗਿਆਰਾਂ ਵਜੇ ਤੱਕ ਇੱਥੇ 4 ਹਜਾਰ ਦੇ ਕਰੀਬ ਕਿਸਾਨ ਪੁੱਜ ਚੁੱਕੇ ਸਨ।
ਘਨੌਰ(ਗੁਰਪ੍ਰੀਤ ਸਿੰਘ): ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲੀਸ ਨੇ ਹਲਕਾ ਘਨੌਰ ’ਚ ਪੈਂਦੇ ਦਿੱਲੀ ਅੰਮ੍ਰਿਤਸਰ ਜੀਟੀ ਰੋਡ ’ਤੇ ਸ਼ੰਭੂ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ।
ਪਾਤੜਾਂ (ਗੁਰਨਾਮ ਸਿੰਘ ਚੌਹਾਨ) ਕਿਸਾਨ ਜਥੇਬੰਦੀਆਂ ਨੂੰ ਸਮਰਥਨ ਦੇਣ ਇਸ ਦੇ ਨਾਲ ਨਾਲ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਸੰਘਰਸ਼ੀ ਦੀ ਹੌਸਲਾ ਅਫਜ਼ਾਈ ਕੀਤੀ। ਹਰਿਆਣਾ ਪੁਲੀਸ ਨੇ ਕਿਸਾਨਾਂ ਨੂੰ ਰੋਕਣ ਲਈ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਉਤੇ ਬੈਰੀਕੇਡ ਤੋਂ ਬਾਅਦ ਪੱਥਰ ਅਤੇ ਮਿੱਟੀ ਸੁੱਟ ਕੇ ਆਪਣਾ ਕਿਲਾ ਮਜ਼ਬੂਤ ਕਰ ਲਿਆ ਹੈ। ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਢਾਬੀ ਗੁੱਜਰਾਂ ਦੇ ਨਜ਼ਦੀਕ ਪਿੰਡ ਦਾਤਾ ਸਿੰਘ ਵਾਲਾ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਇਕੱਠੇ ਹੋਏ ਸੰਘਰਸ਼ੀ ਦੀ ਹਾਜ਼ਰੀ ਵਿੱਚ ਗੀਤ ‘ਪੇਚਾ ਪੈ ਗਿਆ ਸੈਂਟਰ ਨਾਲ’ ਪੇਸ਼ ਕਰਕੇ ਕਿਸਾਨਾਂ ਨੂੰ ‘ਦਿੱਲੀ ਚੱਲੋ’ ਸੰਘਰਸ਼ ਲਈ ਲਾਮਬੰਦ ਕੀਤਾ ਤੇ ਕਿਸਾਨਾਂ ਨੇ ਲੰਗਰ ਵੀ ਛਕਿਆ।
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਰੱਖੇ ਧਰਨੇ ਵਿੱਚ ਸ਼ਾਮਲ ਹੋਣ ਲਈ ਬਲਾਕ ਵਿੱਚੋਂ ਕਿਸਾਨ ਬੀਬੀਆਂ ਦੇ ਜੱਥੇ ਵੀ ਰਵਾਨਾ ਹੋਏ।
ਅੱਜ ਇਲਾਕੇ ਦੇ ਪਿੰਡ ਘਰਾਚੋਂ, ਆਲੋਅਰਖ, ਕਾਲਾਝਾੜ, ਚੰਨੋਂ, ਭੱਟੀਵਾਲ, ਬਲਿਆਲ ਅਤੇ ਮਾਝੀ ਸਮੇਤ ਕਾਫੀ ਪਿੰਡਾਂ ਵਿੱਚੋਂ ਕਿਸਾਨ ਬੀਬੀਆਂ ਦੇ ਕਾਫਲੇ ਬੱਸਾਂ ਅਤੇ ਹੋਰ ਸਾਧਨਾਂ ਰਾਹੀਂ ਧਰਨੇ ਵਿੱਚ ਸ਼ਾਮਲ ਹੋਣ ਲਈ ਰਵਾਨਗੀ ਪਾ ਗਏ। ਪਿੰਡ ਆਲੋਅਰਖ ਵਿਖੇ ਨੌਜਵਾਨ ਲੜਕੀਆਂ ਅਤੇ ਔਰਤਾਂ ਨੇ ਪਿੰਡ ਵਿੱਚ ਜਾਗੋ ਕੱਢਕੇ ਕਿਸਾਨਾਂ ਨੂੰ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਾਰੇ ਜਾਗਰਤ ਕੀਤਾ।