ਸੰਜੀਵ ਬੱਬੀ
ਚਮਕੌਰ ਸਾਹਿਬ, 15 ਨਵੰਬਰ
ਕੇਂਦਰ ਸਰਕਾਰ ਵੱਲੋਂ ਪਾਸ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਮਾਲਪੁਰ ਟੌਲ ਪਲਾਜ਼ਾ ‘ਤੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ 32ਵੇਂ ਦਿਨ ਵੀ ਧਰਨਾ ਜਾਰੀ ਰੱਖਦਿਆਂ ਕਾਰਪੋਰੇਟ ਘਰਾਣਿਆਂ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਆਗੂ ਬਲਦੇਵ ਸਿੰਘ ਹਾਫ਼ਿਜ਼ਾਬਾਦ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਛੋਟਾ ਸਿੰਘ, ਦਰਸ਼ਨ ਸਿੰਘ ਝੱਲੀਆਂ, ਠੇਕੇਦਾਰ ਪ੍ਰਿਤਪਾਲ ਸਿੰਘ ਗੋਗਾ ਅਤੇ ਬਾਈ ਪਰਮਿੰਦਰ ਸਿੰਘ ਸੇਖੋਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਕੇਂਦਰ ਖਿਲਾਫ਼ ਧਰਨੇ ਮੁਜ਼ਾਹਰੇ ਜਾਰੀ ਰੱਖੇ ਜਾਣਗੇ।
ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਵੱਡੇ ਘਰਾਣਿਆਂ ਨੂੰ ਖੁਸ਼ ਕਰਨ ਲਈ ਕਿਸਾਨ ਵਿਰੋਧ ਕਾਨੂੰਨ ਪਾਸ ਕੀਤੇ ਹਨ। ਕੇਂਦਰ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਦੇਸ਼ ਦੇ ਵੱਡੇ ਘਰਾਣਿਆਂ ਨੂੰ ਦੇ ਕੇ ਊਨ੍ਹਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ ਅਤੇ ਕਿਸਾਨਾਂ ਨੂੰ ਘਰੋਂ ਬੇਘਰ ਕਰਕੇ ਉਜਾੜਨਾ ਚਾਹੁੰਦੀ ਹੈ। ਊਨ੍ਹਾਂ ਕਿਹਾ ਕਿ ਕਿਸਾਨ ਅਜਿਹਾ ਨਹੀਂ ਹੋਣ ਦੇਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਵਿੱਚ ਬਹੁਤਾਤ ਔਰਤਾਂ ਅਤੇ ਬੱਚੇ ਵੀ ਸ਼ਾਮਲ ਹੋ ਕੇ ਜਿੱਥੇ ਧਰਨਿਆਂ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਉਹ ਸਰਕਾਰ ਵਿਰੁੱਧ ਪਿੱਟ ਸਿਆਪਾ ਵੀ ਕਰਦੇ ਹਨ।
ਬਨੂੜ(ਕਰਮਜੀਤ ਸਿੰਘ ਚਿੱਲਾ): ਪਿਛਲੇ 36 ਦਿਨਾਂ ਤੋਂ ਅਜ਼ੀਜ਼ਪੁਰ ਦੇ ਟੌਲ ਪਲਾਜ਼ੇ ਉੱਤੇ ਖੇਤੀ ਕਾਨੂੰਨਾਂ ਵਿਰੁੱਧ ਧਰਨੇ ਉੱਤੇ ਬੈਠੇ ਕਿਸਾਨ ਦੀਵਾਲੀ ਨੂੰ ਆਪਣੇ ਘਰ ਜਾਣ ਦੀ ਥਾਂ ਧਰਨੇ ਵਿੱਚ ਹੀ ਡਟੇ ਰਹੇ। ਕਿਸਾਨਾਂ ਨੇ ਦੀਵਾਲੀ ਵਾਲੇ ਦਿਨ ਦੁਪਹਿਰ ਸਮੇਂ ਇੱਥੋਂ ਲੰਘਦੇ ਰਾਹਗੀਰਾਂ ਲਈ ਲੰਗਰ ਲਗਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਵੀ ਕਿਸਾਨਾਂ ਤੇ ਨੌਜਵਾਨਾਂ ਨੇ ਸ਼ਿਰਕਤ ਕੀਤੀ।
ਕਿਸਾਨਾਂ ਨੇ ਇਸ ਮੌਕੇ 26 ਅਤੇ 27 ਨਵੰਬਰ ਨੂੰ ਪਰਿਵਾਰਾਂ ਸਮੇਤ ਦਿੱਲੀ ਜਾਣ ਦਾ ਅਹਿਦ ਲੈਂਦਿਆਂ ਖੇਤੀ ਕਾਨੂੰਨ ਵਾਪਿਸ ਨਾ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਟੌਲ ਪਲਾਜ਼ੇ ਉੱਤੇ ਦਿੱਤੇ ਧਰਨੇ ਨੂੰ ਕਿਸਾਨ ਆਗੂਆਂ ਮਾਨ ਸਿੰਘ ਰਾਜਪੁਰਾ, ਹਰਜੀਤ ਸਿੰਘ ਟਹਿਲਪੁਰਾ, ਗੁਰਦਰਸ਼ਨ ਸਿੰਘ ਖਾਸਪੁਰ, ਆਦਿ ਨੇ ਸੰਬੋਧਨ ਕੀਤਾ।