ਅਜੇ ਮਲਹੋਤਰਾ
ਬੱਸੀ ਪਠਾਣਾ , 21 ਸਤੰਬਰ
ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਬਿੱਲਾਂ ਸਬੰਧੀ ਅੱਜ ਕਾਂਗਰਸ ਵੱਲੋਂ ਬੱਸੀ ਪਠਾਣਾਂ ਵਿੱਚ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਨੌਗਾਵਾਂ ਦੀ ਅਗਵਾਈ ਵਿੱਚ ਧਰਨਾ ਲਾਇਆ ਗਿਆ। ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਵਿਸ਼ੇਸ਼ ਸ਼ਮੂਲੀਅਤ ਕਰਦਿਆਂ ਆਖਿਆ ਕਿ ਖੇਤੀ ਸਬੰਧੀ ਕਾਲੇ ਕਾਨੂੰਨ ਬਣਾ ਕੇ ਮੋਦੀ ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਕਿਸਾਨਾਂ ਨੂੰ ਲੁੱਟਣ ਦੀ ਆਜ਼ਾਦੀ ਦਿੱਤੀ ਹੈ।
ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਕਿ ਨਵੇਂ ਖੇਤੀ ਕਾਨੂੰਨਾਂ ਤੋਂ ਬਾਅਦ ਕਿਸਾਨ ਕਿਤੇ ਵੀ ਆਪਣੀ ਫ਼ਸਲ ਵੇਚ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨ ਨੂੰ ਇਹ ਆਜ਼ਾਦੀ ਤਾਂ ਪਹਿਲਾਂ ਵੀ ਸੀ ਅਤੇ ਕਿਸਾਨ ਤੇ ਦੇਸ਼ ਵਿਚ ਕਿਤੇ ਵੀ ਜਾ ਕੇ ਫ਼ਸਲ ਵੇਚਣ ’ਤੇ ਕੋਈ ਰੋਕ ਨਹੀਂ ਸੀ। ਅਸਲ ਵਿਚ ਮੋਦੀ ਸਰਕਾਰ ਨੇ ਵੱਡੀਆਂ ਕੰਪਨੀਆਂ ਨੂੰ ਆਜ਼ਾਦੀ ਦਿੱਤੀ ਹੈ ਕਿ ਉਹ ਹੁਣ ਬਿਨਾਂ ਸਰਕਾਰੀ ਦਖ਼ਲ ਦੇ ਦੇ ਗਰੀਬ ਕਿਸਾਨ ਨੂੰ ਲੁੱਟ ਸਕਦੇ ਹਨ। ਜਾਖੜ ਨੇ ਕਿਹਾ ਕਿ ਅਸਲ ਵਿਚ ਮੋਦੀ ਸਰਕਾਰ ਨੇ ਇਕ ਸਾਜਿਸ਼ ਤਹਿਤ ਕਾਲੇ ਕਾਨੂੰਨ ਲਿਆਉਣ ਲਈ ਇਹ ਸਮਾਂ ਚੁਣਿਆ, ਤਾਂ ਕਿ ਕਰੋਨਾ ਦੇ ਡਰ ਵਿਚ ਲੋਕ ਇਸ ਦਾ ਵਿਰੋਧ ਨਾ ਕਰਨ। ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਹੈ।
ਜਾਖੜ ਨੇ ਅਕਾਲੀ ਦਲ ’ਤੇ ਵਰ੍ਹਦਿਆਂ ਆਖਿਆ ਕਿ ਅਸਤੀਫੇ ਦੇ ਕੇ ਅਕਾਲੀ ਦਲ ਵੱਲੋਂ ਅਸਲ ਵਿਚ ਦੋਹਰੀ ਖੇਡ ਖੇਡੀ ਜਾ ਰਹੀ ਹੈ। ਇਸ ਨਾਲ ਉਸ ਦਾ ਦੋਹਰਾ ਕਿਰਦਾਰ ਨੰਗਾ ਹੋ ਚੁੱਕਿਆ ਹੈ।
ਇਸ ਮੌਕੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਵਿੰਦਰ ਰਿੰਕੂ, ਜਸਵੀਰ ਸਿੰਘ ਕਜੱਲ ਮਾਜਰਾ, ਦਵਿੰਦਰ ਸਿੰਘ ਸ਼ਹੀਦਗੜ੍ਹ, ਅਮਰਦੀਪ ਸਿੰਘ ਮਾਨ, ਜਸਵੀਰ ਸਿੰਘ ਭਾਦਲਾ, ਰਾਜ ਕੁਮਾਰ ਵਧਵਾ, ਅਸ਼ੋਕ ਗੌਤਮ, ਨਿਰਮਲ ਸਿੰਘ ਨੇਤਾ ਅਤੇ ਪ੍ਰੀਤਪਾਲ ਸਿੰਘ ਧਾਰਨੀ ਸਮੇਤ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
ਵਜ਼ੀਫਾ ਘੁਟਾਲਾ: ਜਾਖੜ ਨੇ ਧਰਮਸੋਤ ਨੂੰ ਕਲੀਨ ਚਿੱਟ ਦਿੱਤੀ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਕਿਹਾ ਕਿ ਵਜ਼ੀਫਾ ਘੁਟਾਲੇ ਵਿੱਚ ਸਾਧੂ ਸਿੰਘ ਧਰਮਸੋਤ ਦਾ ਕੋਈ ਲੈਣਾ-ਦੇਣਾ ਨਹੀਂ। ਇਹ ਘੁਟਾਲਾ ਅਕਾਲੀ-ਭਾਜਪਾ ਸਰਕਾਰ ਵੇਲੇ ਹੋਇਆ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। ਜਾਖੜ ਨੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਤੋਂ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਮਹਿਜ਼ ਇੱਕ ਨਾਟਕ ਹੈ। ਅੰਦਰੋਂ ਭਾਜਪਾ ਅਤੇ ਅਕਾਲੀ ਹਾਲੇ ਵੀ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਹਰਸਿਮਰਤ ਨੇ ਅਸਤੀਫਾ ਦਿੱਤਾ ਨਹੀਂ, ਸਗੋਂ ਮੋਦੀ ਨੇ ਅਸਤੀਫ਼ਾ ਜ਼ਬਰਦਸਤੀ ਲਿਆ ਹੈ।