ਰਾਕੇਸ਼ ਸੈਣੀ
ਨੰਗਲ, 25 ਦਸੰਬਰ
ਹਿਮਾਚਲ ਪ੍ਰਦੇਸ਼ ਦੀ ਸਰਹੱਦ ’ਤੇ ਵਸੇ ਪਿੰਡ ਸੂਰੇਵਾਲ ਦੇ ਕਿਸਾਨਾਂ ਦੀ ਰਾਤ ਦੇ ਹਨੇਰੇ ਵਿਚ ਕਈ ਏਕੜ ਜ਼ਮੀਨ ਡੂੰਘੀ ਪੁੱਟ ਕੇ ਮਾਈਨਿੰਗ ਮਾਫੀਏ ਨੇ ਖਰਾਬ ਕਰ ਦਿੱਤੀ ਹੈ। ਇਸ ਬਾਰੇ ਕਿਸਾਨ ਜਗਤਾਰ ਸਿੰਘ ਸਰਪੰਚ ਲੋਧੀਪੁਰ, ਚਰਨਜੀਤ ਸਿੰਘ, ਪਰਮਿੰਦਰ ਸਿੰਘ ਆਦਿ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਤੁਹਾਡੀ ਜ਼ਮੀਨ ਵੱਡੀ ਮਸ਼ੀਨ ਨਾਲ ਪੁੱਟੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਆ ਕੇ ਵੇਖਿਆ ਤਾਂ 40-50 ਟਰੈਕਟਰ ਟਰਾਲੀਆਂ ਜ਼ਮੀਨ ਪੁੱਟ ਕੇ ਭਰੀਆਂ ਜਾ ਰਹੀਆਂ ਸਨ। ਉਨ੍ਹਾਂ ਕਿਹਾ ਜਦੋਂ ਉਨ੍ਹਾਂ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਾਈਨਿੰਗ ਕਰਦੇ ਲੋਕਾਂ ਨੇ ਉਨ੍ਹਾਂ ਨੂੰ ਉਥੋਂ ਭਜਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਪੁਲੀਸ ਨੂੰ ਆਨਲਾਈਨ ਇਤਲਾਹ ਕੀਤੀ। ਉਨ੍ਹਾਂ ਹੈਰਾਨੀ ਭਰੇ ਲਹਿਜ਼ੇ ਨਾਲ ਕਿਹਾ ਕਿ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਇਸ ਸਬੰਧ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਇਸ ਸਬੰਧ ਵਿਚ ਪੁਲੀਸ ਚੌਕੀ ਨਵਾਂ ਨਗੰਲ ਦੇ ਮੁਖੀ ਨਰਿੰਦਰ ਸਿੰਘ ਉਨ੍ਹਾਂ ਕੋਲ ਮਾਈਨਿੰਗ ਸਬੰਧੀ ਦਰਖਾਸਤ ਆਈ ਹੈ। ਪੜਤਾਲ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।