ਗਗਨਦੀਪ ਅਰੋੜਾ
ਲੁਧਿਆਣਾ, 6 ਫਰਵਰੀ
ਪੰਜਾਬ ਖੇਤਾਬਾੜੀ ਯੂਨੀਵਰਸਿਟੀ ਦੇ ਖੋਜ ਵਿਭਾਗ ਨੇ ਸੂਬੇ ਦੇ ਮੌਸਮ ਤੇ ਮਿੱਟੀ ਮੁਤਾਬਕ ਕਿਸਾਨਾਂ ਨੂੰ ਬਹੁਤ ਸਾਰੀਆਂ ਫਸਲਾਂ ਬੀਜਣ ਦੇ ਸੁਝਾਅ ਦਿੱਤੇ ਹਨ, ਕਿਸਾਨ ਇਹ ਫਸਲ ਲਗਾਉਣਾ ਵੀ ਚਾਹੁੰਦੇ ਹਨ ਪਰ ਕਿਤੇ ਨਾ ਕਿਤੇ ਇਨ੍ਹਾਂ ਫਸਲਾਂ ’ਤੇ ਐੱਮਐੱਸਪੀ ਨਾ ਮਿਲਣ ਅਤੇ ਸਮੇਂ ਸਿਰ ਫਸਲਾਂ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨ ਝੋਨੇ ਤੇ ਕਣਕ ਦੇ ਚੱਕਰ ਤੋਂ ਬਾਹਰ ਨਹੀਂ ਆ ਰਹੇ।
ਫਸਲੀ ਚੱਕਰ ’ਤੇ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਪੀਏਯੂ ਦੇ ਡਾਇਰੈਕਟਰ ਖੋਜ ਡਾ. ਅਮਰਜੀਤ ਸਿੰਘ ਢੱਟ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪੀਏਯੂ ਨੇ ਕਿਸਾਨਾਂ ਨੂੰ ਫਸਲੀ ਭਿੰਨਤਾ ਲਈ ਬਹੁਤ ਸਾਰੀਆਂ ਫਸਲਾਂ ਦਾ ਸੁਝਾਅ ਦਿੱਤਾ ਹੈ, ਜਿਸ ਵਿੱਚੋਂ ਮੁੱਖ ਤੌਰ ’ਤੇ ਕਪਾਹ, ਮੱਕੀ, ਤੇਲ ਬੀਜ ਫਸਲਾਂ, ਗੰਨਾ ਤੇ ਸਬਜ਼ੀਆਂ ਸ਼ਾਮਲ ਹਨ। ਡਾ. ਢੱਟ ਮੁਤਾਬਕ ਕਿਸਾਨਾਂ ਨੂੰ ਇਨ੍ਹਾਂ ਫਸਲਾਂ ਦਾ ਫਾਇਦਾ ਵੀ ਹੈ, ਪਰ ਸ਼ਾਇਦ ਕਿਸਾਨ ਇਸ ਕਰਕੇ ਝੋਨੇ ਤੇ ਕਣਕ ਵਿੱਚੋਂ ਬਾਹਰ ਨਹੀਂ ਆਉਂਦਾ ਕਿ ਝੋਨਾ ਤੇ ਕਣਕ ਸੌਖੀ ਕਟਾਈ ਵਾਲੀਆਂ ਫਸਲਾਂ ਹਨ। ਇਨ੍ਹਾਂ ’ਤੇ ਲੇਬਰ ਦੀ ਘੱਟ ਲੋੜ ਹੈ ਅਤੇ ਮੰਡੀਆਂ ਵਿੱਚ ਲਿਜਾਂਦੇ ਹੀ ਸਰਕਾਰ ਇਨ੍ਹਾਂ ਨੂੰ ਐੱਮਐੱਸਪੀ ’ਤੇ ਖ਼ਰੀਦ ਕਰ ਲੈਂਦੀ ਹੈ। ਦੂਜੇ ਪਾਸੇ ਮੱਕੀ, ਕਪਾਹ, ਗੰਨਾ ਤੇ ਦਾਲਾਂ ’ਤੇ ਕਾਗਜ਼ਾਂ ਵਿੱਚ ਐੱਮਐੱਸਪੀ ਤਾਂ ਹੈ, ਪਰ ਐੱਮਐੱਸਪੀ ’ਤੇ ਖ਼ਰੀਦ ਨਹੀਂ ਹੁੰਦੀ। ਸਬਜ਼ੀਆਂ ਵਾਲੇ ਪਾਸੇ ਕਿਸਾਨ ਇਸ ਕਰਕੇ ਨਹੀਂ ਜਾਂਦਾ ਕਿਉਂਕਿ ਸਿਰਫ਼ ਆਲੂ ਨੂੰ ਛੱਡ ਕੇ ਬਾਕੀ ਸਾਰੀਆਂ ਫਸਲਾਂ ਵਿੱਚ ਲੇਬਰ ਜ਼ਿਆਦਾ ਲੱਗਦੀ ਹੈ ਤੇ ਮੰਡੀਆਂ ਵਿੱਚ ਲਗਾਤਾਰ ਖੱਜਲ ਹੋਣ ਪੈਂਦਾ ਹੈ।
ਸ੍ਰੀ ਢੱਟ ਨੇ ਕਿਹਾ ਕਿ ਜੇਕਰ ਝੋਨੇ ਨੂੰ ਦੇਖਿਆ ਜਾਵੇ ਤਾਂ ਮੁੱਖ ਤੌਰ ’ਤੇ ਇਸ ਨਾਲ ਵੱਡਾ ਨੁਕਸਾਨ ਪਾਣੀ ਦਾ ਹੁੰਦਾ ਹੈ। ਜੇਕਰ ਸਮੇਂ ਸਿਰ ਸੁਧਾਰ ਨਾ ਹੋਇਆ ਤਾਂ ਪੰਜਾਬ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਜਾਏਗਾ। ਸਰਕਾਰਾਂ ਦਾ ਮੰਨਣਾ ਹੈ ਕਿ ਜੇ ਦੋ ਸਾਲ ਸੋਕਾ ਪੈ ਗਿਆ ਤਾਂ ਕਣਕ ਤੇ ਚੌਲ ਦੀ ਮੁਸ਼ਕਲ ਖੜ੍ਹੀ ਹੋ ਜਾਏਗੀ। ਇਸ ਕਰਕੇ ਦੋਵੇਂ ਪੱਖਾਂ ਨੂੰ ਦੇਖਦੇ ਹੋਏ ਹੀ ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੀਏਯੂ ਨੇ ਇਸ ਗੱਲ ਦੀ ਵੀ ਖੋਜ ਕੀਤੀ ਕਿ ਸੂਬੇ ਵਿੱਚ ਕਈ ਥਾਵਾਂ ’ਤੇ ਕਿਸਾਨਾਂ ਨੇ ਆਪਣੇ ਪੱਧਰ ’ਤੇ ਹੀ ਕਣਕ ਝੋਨੇ ਦੇ ਫਸਲੀ ਚੱਕਰ ਛੱਡ ਕੇ ਆਪਣੇ ਇਲਾਕੇ ਮੁਤਾਬਕ ਫਸਲ ਬੀਜੀ ਹੈ, ਉਹ ਲਾਹੇਵੰਦ ਸਾਬਤ ਹੋਈ ਹੈ। ਉਨ੍ਹਾਂ ਕਿਹਾ ਜੇ ਗੁਰਦਾਸਪੁਰ, ਹੁਸ਼ਿਆਰਪੁਰ, ਭੋਗਪੁਰ, ਦਸੂਹਾ, ਮੁਕੇਰੀਆਂ ਵਾਲੇ ਖੇਤਰ ਵਿੱਚ ਗੰਨਾ ਤੇ ਹੋਰ ਬਾਗਬਾਨੀ ਵਾਲੀਆਂ ਫਸਲਾਂ ਵਧੀਆ ਹੁੰਦੀਆਂ ਹਨ ਤਾਂ ਇੱਥੇ ਉਸੇ ਤਰੀਕੇ ਦੀਆਂ ਫਸਲਾਂ ਦੀ ਖੇਤੀ ਕਰਨੀ ਚਾਹੀਦੀ ਹੈ। ਕਪਾਹ ਲਈ ਵਧੀਆ ਜਗ੍ਹਾ ’ਤੇ ਸਰਕਾਰ ਵੱਲੋਂ ਕਪਾਹ ਦੀ ਖੇਤੀ ਲਈ ਕਿਸਾਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਫਸਲ ਨੂੰ ਐੱਮਐੱਸਪੀ ’ਤੇ ਖ਼ਰੀਦਣ ਦੀ ਜ਼ਿੰਮੇਵਾਰੀ ਵੀ ਸਰਕਾਰ ਚੁੱਕੇ।
ਪੀਏਯੂ ਦੇ ਐਗਰੋਨੌਮੀ ਵਿਭਾਗ ਦੇ ਪ੍ਰਿੰਸੀਪਲ ਡਾ. ਵਰੇਂਦਰ ਸਰਦਾਨਾ ਨੇ ਕਿਹਾ ਕਿ ਕਣਕ ਮੁਕਾਬਲੇ ਸਰ੍ਹੋਂ ਇਸ ਵੇਲੇ ਸਭ ਤੋਂ ਚੰਗੀ ਫਸਲ ਹੈ। ਸਰ੍ਹੋਂ ਸਣੇ ਹੋਰ ਖਾਣ ਵਾਲੇ ਤੇਲ ਬੀਜਾਂ ਦੀ ਖੇਤੀ ਲਾਹੇਵੰਦ ਹੋ ਸਕਦੀ ਹੈ। ਕਿਸਾਨਾਂ ਨੂੰ ਕਣਕ ਝੋਨੇ ਵਿੱਚੋਂ ਕੱਢਣ ਲਈ ਸਭ ਤੋਂ ਵੱਡਾ ਰਾਹ ਐੱਮਐੱਸਪੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਨੂੰ ਛੱਡ ਦਈਏ ਤਾਂ ਪਿਛਲੇ ਸਾਲ ਤੱਕ ਸਰ੍ਹੋਂ ਬੀਜਣ ਵਾਲੇ ਕਿਸਾਨ ਨੂੰ ਐੱਮਐੱਸਪੀ ਨਾ ਮਿਲਣ ਕਾਰਨ ਨੁਕਸਾਨ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਨੂੰ ਐੱਮਐੱਸਪੀ ਮਿਲੇ ਤਾਂ ਇੱਕ ਏਕੜ ਵਿੱਚ ਨਿਕਲਣ ਵਾਲੀ 22 ਕੁਇੰਟਲ ਕਣਕ ਜਾਂ 9 ਕੁਇੰਟਲ ਸਰ੍ਹੋਂ ਤੋਂ ਆਮਦਨੀ ਬਰਾਬਰ ਹੋਵੇਗੀ। ਇਸ ਵੇਲੇ ਭਾਰਤ ਵਿੱਚ 75 ਹਜ਼ਾਰ ਕਰੋੜ ਰੁਪਏ ਦਾ ਤੇਲ ਦਰਾਮਦ ਕੀਤਾ ਜਾਂਦਾ ਹੈ। ਉਸੇ ਤੇਲ ਲਈ ਦੇਸ਼ ਵਿੱਚ ਵੀ ਖੇਤੀ ਕੀਤੀ ਜਾ ਸਕਦੀ ਹੈ, ਜਿਸ ਲਈ ਦੇ ਸਹਿਯੋਗ ਦੀ ਲੋੜ ਹੈ।
ਆਰਗੈਨਿਕ ਫਸਲਾਂ ਦੀ ਥਾਂ ‘ਸੇਫ ਫੂਡ ਪ੍ਰੋਡਕਸ਼ਨ’ ਲਾਹੇਵੰਦ: ਢੱਟ
ਪੀਏਯੂ ਦੇ ਡਾਇਰੈਕਟਰ ਖੋਜ ਡਾ. ਅਮਰਜੀਤ ਸਿੰਘ ਢੱਟ ਨੇ ਕਿਹਾ ਕਿ ਆਰਗੈਨਿਕ ਫਸਲਾਂ ਜ਼ਮੀਨੀ ਪੱਧਰ ’ਤੇ ਕਾਮਯਾਬ ਨਹੀਂ ਹੋ ਸਕੀਆਂ, ਕਿਉਂਕਿ ਇਨ੍ਹਾਂ ਦੀ ਕੀਮਤ ਵਿੱਚ ਕਾਫ਼ੀ ਫਰਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਰਗੈਨਿਕ ਦੀ ਬਜਾਏ ‘ਸੇਫ ਫੂਡ ਪ੍ਰੋਡਕਸ਼ਨ’ ਜ਼ਿਆਦਾ ਲਾਹੇਵੰਦ ਹੁੰਦਾ ਹੈ, ਜਿਸ ਵਿੱਚ ਉਹ ਸਭ ਨੂੰ ਕਹਿੰਦੇ ਹਨ ਕਿ ਮਾਹਿਰਾਂ ਦੀ ਰਾਏ ਮੁਤਾਬਕ ਹੀ ਫਸਲਾਂ ਵਿੱਚ ਪੈਸਟੀਸਾਈਡ ਦਾ ਇਸਤੇਮਾਲ ਕੀਤਾ ਜਾਵੇ।
ਪੰਜਾਬ ਵਿੱਚ ਸਰ੍ਹੋਂ ’ਤੇ ਐੱਮਐੱਸਪੀ ਨਹੀਂ ਮਿਲਦੀ: ਸਰਦਾਨਾ
ਪੀਏਯੂ ਦੇ ਐਗਰੋਨੌਮੀ ਵਿਭਾਗ ਦੇ ਪ੍ਰਿੰਸੀਪਲ ਡਾ. ਵਰੇਂਦਰ ਸਰਦਾਨਾ ਦਾ ਕਹਿਣਾ ਹੈ ਕਿ ਹਰਿਆਣਾ ਤੇ ਰਾਜਸਥਾਨ ਵਿੱਚ ਕੇਂਦਰ ਸਰਕਾਰ ਸਰ੍ਹੋਂ ’ਤੇ ਐੱਮਐੱਸਪੀ ਦੇ ਰਹੀ ਹੈ, ਪਰ ਪੰਜਾਬ ਵਿੱਚ ਨਹੀਂ ਮਿਲਦੀ। ਜੇਕਰ ਸਿਰਫ਼ ਤੇਲ ਬੀਜ ਦੀ ਫਸਲ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਮਿੱਟੀ, ਪਰਾਲੀ ਦਾ ਮੁੱਦਾ, ਪਾਣੀ ਦਾ ਮੁੱਦਾ ਸਭ ਸੁਲਝ ਜਾਣਗੇ। ਨਾਲ ਹੀ ਕਿਸਾਨ ਲਈ ਇੱਕ ਮਹੀਨਾ ਪਹਿਲਾਂ ਹੀ ਖੇਤ ਵਿਹਲਾ ਹੋ ਜਾਏਗਾ, ਉਹ ਉਸ ਵਿੱਚ ਥੋੜ੍ਹੇ ਸਮੇਂ ਵਾਲੀ ਹੋਰ ਕੋਈ ਵੀ ਖੇਤੀ ਕਰ ਸਕੇਗਾ।