ਸਰਬਜੀਤ ਸਿੰਘ ਭੰਗੂ
ਪਟਿਆਲਾ, 30 ਅਕਤੂਬਰ
ਝੋਨੇ ਦੀ ਖਰੀਦ ਅਤੇ ਲਿਫਟਿੰਗ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਰ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੰਜਾਬ ਭਰ ’ਚ 52 ਥਾਵਾਂ ’ਤੇ ਪੱਕੇ ਮੋਰਚੇ ਜਾਰੀ ਹਨ। ਇਸੇ ਤਹਿਤ ਪਟਿਆਲਾ ਵਿੱਚ ਭਾਜਪਾ ਆਗੂਆਂ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦੀ ਰਿਹਾਇਸ਼ ਮੋਤੀ ਮਹਿਲ ਅੱਗੇ ਜਾਰੀ ਮੋਰਚੇ ਵਿਚ ਅੱਜ ਯੂਨੀਅਨ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸ਼ਿਰਕਤ ਕੀਤੀ। ਉਗਰਾਹਾਂ ਨੇ ਕਿਹਾ ਕਿ ਅੰਨਦਾਤੇ ਖ਼ਿਲਾਫ਼ ਕੇਂਦਰ ਤੇ ਪੰਜਾਬ ’ਤੇ ਆਧਾਰਿਤ ਦੋਵੇਂ ਹਕੂਮਤਾਂ ਇਸ ਤਰ੍ਹਾਂ ਰਲ਼ਗੱਡ ਹੋ ਚੁੱਕੀਆਂ ਹਨ ਕਿ ਦੀਵਾਲੀ ਮੌਕੇ ਵੀ ਕਿਸਾਨਾਂ ਨੂੰ ਦੁੱਖਾਂ ਦੇ ਦੀਵੇ ਜਗਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤਾਂ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਧਨਾਢਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਕਬਜ਼ੇ ਕਰਵਾ ਕੇ ਕਿਸਾਨਾਂ ਨੂੰ ਕੱਖੋਂ ਹੌਲੇ ਕਰਨ ਦੀ ਵਿਉਂਤਬੰਦੀ ਕਰੀ ਬੈਠਾ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਮੋਰਚੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝੁਕਣ ਲਈ ਮਜਬੂਰ ਕਰਨ ਦਾ ਬਦਲਾ ਲੈਣ ਲਈ ਹੁਣ ਕੇਂਦਰ ਸਰਕਾਰ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਮੰਡੀਆਂ ’ਚ ਕਿਸਾਨਾਂ ਦੀ ਹੋ ਰਹੀ ਦੁਰਦਸ਼ਾ ਇਸੇ ਕੜੀ ਦਾ ਹਿੱਸਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਤਨਜ਼ ਕੱਸਦਿਆਂ ਕਿਸਾਨ ਆਗੂ ਨੇ ਕਿਹਾ ਕਿ ‘ਪਾਣੀਆਂ ਦਾ ਰਾਖਾ’ ਇਸ ਕਦਰ ਪਾਣੀ ਵਿੱਚ ਹੀ ਬੈਠ ਗਿਆ ਕਿ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਜਮਾਤ ਭਾਜਪਾ ਨਾਲ ਹੀ ਸਾਂਝ ਪਾ ਬੈਠਾ। ਇਸ ਮੌਕੇ ਮਾਸਟਰ ਬਲਰਾਜ ਜੋਸ਼ੀ, ਜਗਦੀਪ ਛੰਨਾ, ਜਗਮੇਲ ਗਾਜੇਵਾਸ, ਸੁਖਮਿੰਦਰ ਬਾਰਨ, ਰਾਜਿੰਦਰ ਕਕਰਾਲਾ, ਹਰਜਿੰਦਰ, ਹਰਦੀਪ ਡਰੌਲੀ, ਦਵਿੰਦਰ ਸੀਲ ਤੇ ਜਸਵਿੰਦਰ ਬਿਸ਼ਨਪੁਰਾ ਹਾਜ਼ਰ ਸਨ।
ਕਿਸਾਨਾਂ ਦੀ ਦੁਰਦਸ਼ਾ ਲਈ ਭਾਜਪਾ ਤੇ ‘ਆਪ’ ਜ਼ਿੰਮੇਵਾਰ: ਬਾਜਵਾ
ਚੰਡੀਗੜ੍ਹ (ਟਨਸ):
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿੱਚ ਝੋਨੇ ਦੀ ਖਰੀਦ ਤੇ ਲਿਫਟਿੰਗ ਨਾ ਹੋਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੀ ਮੌਜੂਦਾ ਸਮੇਂ ਹੋ ਰਹੀ ਦੁਰਦਸ਼ਾ ਲਈ ਆਮ ਆਦਮੀ ਪਾਰਟੀ (ਆਪ) ਤੇ ਕੇਂਦਰ ਦੀ ਭਾਜਪਾ ਸਰਕਾਰ ਜ਼ਿੰਮੇਵਾਰ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਕੇਂਦਰੀ ਮੰਤਰੀ ਰਵਨੀਤ ਬਿੱਟੂ ਅਤੇ ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਵਿਚਾਲੇ 14 ਅਕਤੂਬਰ ਨੂੰ ਹੋਈ ਮੀਟਿੰਗ ਦੇ ਬਾਵਜੂਦ ਕਿਸਾਨੀ ਮਸਲੇ ਦਾ ਕੋਈ ਹੱਲ ਨਹੀਂ ਹੋਇਆ। ਸ੍ਰੀ ਬਾਜਵਾ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੋਵੇਂ ਸਰਕਾਰਾਂ ਰਾਜਨੀਤਕ ਪਾਪੜ ਵੇਲ੍ਹਣ ਦੀ ਥਾਂ ਅੰਨਦਾਤਾ ਦੀ ਬਾਂਹ ਫੜਨ ਤਾਂ ਜੋ ਕਿਸਾਨ ਵੀ ਖੁਸ਼ੀ-ਖੁਸ਼ੀ ਆਪਣੇ ਘਰ ਦੀਵਾਲੀ ਮਨਾ ਸਕਣ।