* ਕਿਸਾਨਾਂ ਦੇ ਦੁੱਖਾਂ-ਦਰਦਾਂ ਨੂੰ ਦਰਸਾਉਂਦੀਆਂ ਝਾਕੀਆਂ ਹੋਣਗੀਆਂ ਪੇਸ਼ * ਟਰੈਕਟਰ ਪਰੇਡ ਨੂੰ ਸ਼ਾਨਦਾਰ ਤੇ ਸ਼ਾਂਤਮਈ ਢੰਗ ਨਾਲ ਕੱਢਣ ਦੀ ਅਪੀਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਜਨਵਰੀ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਢੀ ਜਾਣ ਵਾਲੀ 26 ਜਨਵਰੀ ਦੀ ‘ਕਿਸਾਨ ਗਣਤੰਤਰ ਪਰੇਡ’ ਦੀ ਕਿਸਾਨ ਯੂਨੀਅਨਾਂ ਦੇ ਪੂਰੀ ਤਿਆਰੀ ਕੱਸ ਲਈ ਹੈ ਤੇ ਹੁਣ ਪੁਲੀਸ ਵੱਲੋਂ ਹਰੀ ਝੰਡੀ ਮਿਲ ਜਾਣ ਮਗਰੋਂ ਇਸ ਵਿਸ਼ਾਲ ਪਰੇਡ ਲਈ ਹਦਾਇਤਾਂ ਤੇ ਨਿਯਮ ਵੀ ਜਾਰੀ ਕਰ ਦਿੱਤੇ ਗਏ ਹਨ।
ਸਿੰਘੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਹਰਜੀਤ ਰਵੀ ਨੇ ਦੱਸਿਆ ਕਿ ਪਰੇਡ ਵਿੱਚ ਸਿਰਫ਼ ਟਰੈਕਟਰ ਤੇ ਹੋਰ ਗੱਡੀਆਂ ਚੱਲਣਗੀਆਂ ਪਰ ਟਰਾਲੀਆਂ ਨਹੀਂ ਜਾਣਗੀਆਂ। ਇਸ ਦੌਰਾਨ ਉਹੀ ਟਰਾਲੀਆਂ ਤੁਰਨਗੀਆਂ ਜਿਨ੍ਹਾਂ ਵਿੱਚ ਵਿਸ਼ੇਸ਼ ਝਾਕੀਆਂ ਬਣੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਗਣਤੰਤਰ ਦਿਵਸ ਮੌਕੇ ਆਮ ਲੋਕਾਂ ਵੱਲੋਂ ਕਦੇ ਵੀ ਅਜਿਹੀ ਪਰੇਡ ਨਹੀਂ ਸੀ ਕੱਢੀ ਗਈ। ਇਸ ਇਤਿਹਾਸਕ ਪਰੇਡ ਰਾਹੀਂ ਕਿਸਾਨ ਦੁਨੀਆਂ ਤੇ ਦੇਸ਼ ਨੂੰ ਆਪਣਾ ਦੁੱਖ ਦਰਦ ਅਤੇ ਤਿੰਨਾਂ ਖੇਤੀ ਕਾਨੂੰਨਾਂ ਦਾ ਕੱਚ-ਸੱਚ ਸਾਹਮਣੇ ਲਿਆਉਣਗੇ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਇਹ ਇਤਿਹਾਸਕ ਪਰੇਡ ਸ਼ਾਨਦਾਰ ਤੇ ਸ਼ਾਂਤਮਈ ਢੰਗ ਕੀਤੀ ਜਾਵੇ। ਇਸ ਨਾਲ ਹੀ ਕਿਸਾਨਾਂ ਦੀ ਜਿੱਤ ਹੋਵੇਗੀ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਰੇਡ ਲਈ ਦੋ ਰੂਟ ਤੈਅ ਕੀਤੇ ਜਾ ਚੁੱਕੇ ਹਨ ਤੇ ਬਾਕੀ ਦੇ ਦੋ ਰੂਟ ਭਲਕੇ ਤੈਅ ਕੀਤੇ ਜਾਣਗੇ ਜੋ ਸਭ ਨੂੰ ਡਿਜੀਟਲ ਢੰਗ ਨਾਲ ਮਿਲ ਸਕਦੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਪਰੇਡ ਲੰਬੀ ਚੱਲਣ ਕਰਕੇ 24 ਘੰਟੇ ਦਾ ਰਾਸ਼ਨ ਨਾਲ ਲੈ ਕੇ ਚੱਲਿਆ ਜਾਵੇ ਤੇ ਜਾਮ ’ਚ ਫਸਣ ਦੀ ਹਾਲਤ ’ਚ ਪਾਣੀ ਤੇ ਹੋਰ ਪ੍ਰਬੰਧ ਕੀਤੇ ਜਾਣ। ਪਹਿਲਾਂ ਦੇ ਐਲਾਨ ਮੁਤਾਬਕ ਟਰੈਕਟਰਾਂ ਉੱਪਰ ਕੌਮੀ ਝੰਡੇ ਦੇ ਨਾਲ ਸਿਰਫ਼ ਕਿਸਾਨ ਜਥੇਬੰਦੀ ਦਾ ਹੀ ਝੰਡਾ ਲੱਗੇਗਾ। ਸਿਆਸੀ ਪਾਰਟੀ ਦੇ ਝੰਡੇ ਦੀ ਮਨਾਹੀ ਹੋਵੇਗੀ। ਇਸ ਦੌਰਾਨ ਕਿਸਾਨਾਂ ਕੋਲ ਕੋਈ ਹਥਿਆਰ ਜਾਂ ਲੱਠ ਆਦਿ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪਰੇਡ ਦੌਰਾਨ ਕੋਈ ਵੀ ਨਾਂਹ-ਪੱਖੀ ਨਾਅਰਾ ਨਹੀਂ ਲਾਇਆ ਜਾਵੇਗਾ। ਪਰੇਡ ਵਿੱਚ ਸ਼ਾਮਲ ਹੋਣ ਲਈ ਮੋਬਾਈਲ ਨੰਬਰ 84483-85556 ’ਤੇ ਮਿਸਡ ਕਾਲ ਦੇਣੀ ਹੋਵੇਗੀ। ਉਨ੍ਹਾਂ ਕਿਹਾ ਕਿ ਹਦਾਇਤਾਂ ਮੁਤਾਬਕ ਪਰੇਡ ਦੇ ਅੱਗੇ ਆਗੂਆਂ ਦੀਆਂ ਗੱਡੀਆਂ ਚੱਲਣਗੀਆਂ ਤੇ ਪਰੇਡ ਨੂੰ ਹਰੀ ਜੈਕੇਟ ਪਾਈ ਵਾਲੰਟੀਅਰ ਚਲਾਉਣਗੇ ਅਤੇ ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ। ਪੁਲੀਸ ਤੇ ਵਲੰਟੀਅਰ ਮਿਲ ਕੇ ਕਿਸਾਨਾਂ ਨੂੰ ਰੂਟ ਬਾਰੇ ਦੱਸਦੇ ਰਹਿਣਗੇ। ਮੋਰਚੇ ਵੱਲੋਂ ਕਿਹਾ ਗਿਆ ਹੈ ਕਿ ਕੋਈ ਵੀ ਗੱਡੀ ਜਾਂ ਟਰੈਕਟਰ ਰਾਹ ਵਿੱਚ ਡੇਰਾ ਨਹੀਂ ਲਾਵੇਗਾ ਜੇ ਅਜਿਹਾ ਕੋਈ ਕਰਦਾ ਹੈ ਤਾਂ ਕਾਰਕੁਨ ਉਸ ਨੂੰ ਹਟਾ ਦੇਣਗੇ। ਸਾਰੀ ਪਰੇਡ ਖਤਮ ਹੋ ਕੇ ਵਾਪਸ ਆਪਣੇ ਟਿਕਾਣੇ ਉੱਪਰ ਆਵੇਗੀ। ਇਕ ਟਰੈਕਟਰ ’ਤੇ ਡਰਾਈਵਰ ਸਮੇਤ 5 ਲੋਕਾਂ ਦੇ ਬੈਠਣ ਦੀ ਆਗਿਆ ਹੋਵੇਗੀ ਅਤੇ ਕੋਈ ਵੀ ਟਰੈਕਟਰ ਦੇ ਬੋਨਟ, ਬੰਪਰ ਜਾਂ ਛੱਤ ਉੱਪਰ ਨਹੀਂ ਬੈਠੇਗਾ। ਕਿਸੇ ਨੂੰ ਵੀ ਡੈੱਕ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਨਸ਼ਾ ਕਰਕੇ ਗੱਡੀ ਟਰੈਕਟਰ ਚਲਾਉਣ ਵਾਲੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਵਲੰਟੀਅਰ ਵੀ ਅਜਿਹੇ ਲੋਕਾਂ ’ਤੇ ਨਜ਼ਰ ਰੱਖਣਗੇ। ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਉਨ੍ਹਾਂ ਗਣਤੰਤਰ ਦਿਵਸ ਦੀ ਕਦਰ ਕਰਨੀ ਹੈ ਤੇ ਲੋਕਾਂ ਦਾ ਦਿਲ ਜਿੱਤਣਾ ਹੈ ਅਤੇ ਖਾਸ ਕਰਕੇ ਔਰਤਾਂ ਦਾ ਸਨਮਾਨ ਕਰਨਾ ਹੈ। ਔਰਤਾਂ ਲਈ ਪਰੇਡ ਵਿੱਚ ਵੱਖਰੇ ਪ੍ਰਬੰਧ ਕੀਤੇ ਗਏ ਹਨ।
ਗਣਤੰਤਰ ਦਿਵਸ ਪਰੇਡ ਤੋਂ ਬਾਅਦ ਹੋਵੇਗੀ ਟਰੈਕਟਰ ਪਰੇਡ
ਨਵੀਂ ਦਿੱਲੀ: ਪੁਲੀਸ ਇੰਟੈਲੀਜੈਂਸ ਦੇ ਵਿਸ਼ੇਸ਼ ਕਮਿਸ਼ਨਰ ਦੀਪੇਂਦਰ ਪਾਠਕ ਨੇ ਅੱਜ ਦੱਸਿਆ ਕਿ ਕਿਸਾਨ ਯੂਨੀਅਨਾਂ ਨਾਲ ਕਈ ਮੁਲਾਕਾਤਾਂ ਤੋਂ ਬਾਅਦ ਦਿੱਲੀ ਗਣਤੰਤਰ ਦਿਵਸ ਤੇ ਕਿਸਾਨ ਟਰੈਕਟਰ ਰੈਲੀ ਦੇ ਸਬੰਧ ’ਚ ਉਨ੍ਹਾਂ ਨਾਲ ਸਿਧਾਂਤਕ ਤੌਰ ’ਤੇ ਸਮਝੌਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਜਪਥ ’ਤੇ ਗਣਤੰਤਰ ਦਿਵਸ ਪਰੇਡ ਖਤਮ ਹੋਣ ਤੋਂ ਬਾਅਦ ਕਿਸਾਨਾਂ ਦੀ ‘ਕਿਸਾਨ ਗਣਤੰਤਰ ਪਰੇਡ’ ਸ਼ੁਰੂ ਹੋਵੇਗੀ। ਦਿੱਲੀ ਪੁਲੀਸ ਵੱਲੋਂ ਅੱਜ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਪਾਠਕ ਨੇ ਕਿਹਾ ਕਿ ਕਿਸਾਨਾਂ ਨੂੰ ਕੇਂਦਰੀ ਦਿੱਲੀ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਤੇ ਉਨ੍ਹਾਂ ਦੀ ਮੌਜੂਦਗੀ ਸ਼ਹਿਰ ਦੀ ਸਰਹੱਦ ਨੇੜਲੇ ਖੇਤਰਾਂ ਤੱਕ ਸੀਮਤ ਰਹੇਗੀ। ਇਸੇ ਤਰ੍ਹਾਂ ਗਾਜ਼ੀਪੁਰ, ਸਿੰਘੂ ਤੇ ਟਿਕਰੀ ਹੱਦ ਤੋਂ ਤਿੰਨ ਸਰਕੁਲਰ ਰੂਟ ਦਿੱਲੀ ਪੁਲੀਸ ਵੱਲੋਂ ਤਜਵੀਜ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 100 ਕਿਲੋਮੀਟਰ ਤੋਂ ਵੱਧ ਦਾ ਰਸਤਾ ਕੌਮੀ ਰਾਜਧਾਨੀ ਦੀ ਹੱਦ ਵਿੱਚ ਹੈ। ਰੈਲੀ ਲਈ ਉੱਚ ਪੱਧਰੀ ਸੁਰੱਖਿਆ ਹੋਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਵੀ ਸਮਾਜ ਵਿਰੋਧੀ ਅਨਸਰ ਗੜਬੜ ਨਾ ਕਰ ਸਕੇ।
ਸ੍ਰੀ ਪਾਠਕ ਨੇ ਕਿਹਾ, ‘ਅਸੀਂ ਰੈਲੀ ਲਈ ਸੁਰੱਖਿਅਤ ਮਾਹੌਲ ਬਣਾਉਣ ਲਈ ਕਿਸਾਨਾਂ ਨਾਲ ਮਿਲ ਕੇ ਕੰਮ ਕਰਾਂਗੇ। ਸਾਨੂੰ ਵਿਸ਼ਵਾਸ ਹੈ ਕਿ ਕਿਸਾਨ ਉਸ ਰਸਤੇ ਤੋਂ ਬਾਹਰ ਨਿਕਲਣਗੇ ਜਿੱਥੋਂ ਉਹ ਦਾਖਲ ਹੋਏ ਸਨ ਤੇ ਰਾਜਧਾਨੀ ਅੰਦਰ ਕੋਈ ਭੰਬਲਭੂਸਾ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ।’ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਲਗਭਗ 12-13 ਹਜ਼ਾਰ ਟਰੈਕਟਰ ਇਸ ਸਮੇਂ ਦਿੱਲੀ ਦੀਆਂ ਹੱਦਾਂ ’ਤੇ ਮੌਜੂਦ ਹਨ ਤੇ ਅੰਦਾਜ਼ਾ ਹੈ ਕਿ ਥੋੜ੍ਹੇ ਸਮੇਂ ਵਿਚ ਹੀ ਇਹ ਗਿਣਤੀ ਵੱਧ ਜਾਵੇਗੀ। ਟਰੈਕਟਰ ਰੈਲੀ ਟਿਕਰੀ, ਸਿੰਘੂ ਤੇ ਗਾਜ਼ੀਪੁਰ ਹੱਦਾਂ ਤੋਂ ਦਿੱਲੀ ਵਿੱਚ ਦਾਖਲ ਹੋਵੇਗੀ ਤੇ ਪਰੇਡ ਖਤਮ ਹੋਣ ਮਗਰੋਂ ਮੂਲ ਸਥਾਨਾਂ ’ਤੇ ਵਾਪਸ ਆਵੇਗੀ। ਸਿੰਘੂ ਤੋਂ ਇਹ ਕਾਂਝਵਾਲਾ, ਬਵਾਨਾ, ਅਚੰਡੀ ਹੱਦ, ਕੇਐੱਮਪੀ ਐਕਸਪ੍ਰੈੱਸਵੇਅ ਤੋਂ ਹੁੰਦੀ ਹੋਈ ਵਾਪਸ ਸਿੰਘੂ ਆਵੇਗੀ। ਟਿਕਰੀ ਸਰਹੱਦ ਤੋਂ ਪਰੇਡ ਇਹ ਨਾਗਲੋਈ ਜਾ ਕੇ ਨਜ਼ਫਗੜ੍ਹ ਅਤੇ ਪੱਛਮੀ ਪੈਰੀਫੇਰੀਅਲ ਐਕਸਪ੍ਰੈੱਸ ਵੇਅ ਰਾਹੀਂ ਲੰਘੇਗੀ। ਗਾਜ਼ੀਪੁਰ ਦੀ ਹੱਦ ਤੋਂ ਇਹ ਰੈਲੀ ਕੁੰਡਲੀ-ਗਾਜ਼ੀਆਬਾਦ-ਪਲਵਲ ਐਕਸਪ੍ਰੈੱਸ ਵੇਅ ਤੋਂ ਲੰਘਦੀ ਹੋਈ ਆਪਣੇ ਮੂਲ ਸਥਾਨ ’ਤੇ ਵਾਪਸ ਆਵੇਗੀ
ਪਾਕਿਸਤਾਨ ਤੋਂ ਟਵਿੱਟਰ ਹੈਂਡਲਰ ਸਰਗਰਮ
ਦਿੱਲੀ ਪੁਲੀਸ ਨੇ ਅੱਜ ਦਾਅਵਾ ਕੀਤਾ ਕਿ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਹੋਣ ਵਾਲੀ ਟਰੈਕਟਰ ਪਰੇਡ ’ਚ ਅੜਿੱਕਾ ਪਾਉਣ ਲਈ ਪਾਕਿਸਤਾਨ ਤੋਂ 300 ਤੋਂ ਵੱਧ ਟਵਿੱਟਰ ਖਾਤੇ ਬਣਾਏ ਗਏ ਹਨ। ਵਿਸ਼ੇਸ਼ ਪੁਲੀਸ ਕਮਿਸ਼ਨਰ (ਖੁਫੀਆ) ਦੀਪੇਂਦਰ ਪਾਠਕ ਨੇ ਕਿਹਾ, ‘ਕਿਸਾਨਾਂ ਦੀ ਟਰੈਕਟਰ ਪਰੇਡ ’ਚ ਅੜਿੱਕਾ ਪਾਉਣ ਲਈ ਪਾਕਿਸਤਾਨ ਤੋਂ 13 ਤੋਂ 18 ਜਨਵਰੀ ਵਿਚਾਲੇ 300 ਤੋਂ ਵੱਧ ਟਵਿੱਟਰ ਖਾਤੇ ਬਣਾਏ ਗਏ ਹਨ। ਇਸ ਸਬੰਧੀ ਵੱਖ ਵੱਖ ਏਜੰਸੀਆਂ ਤੋਂ ਇੱਕ ਹੀ ਤਰ੍ਹਾਂ ਦੀ ਜਾਣਕਾਰੀ ਹਾਸਲ ਹੋਈ ਹੈ। ਇਹ ਸਾਡੇ ਲਈ ਵੱਡੀ ਚੁਣੌਤੀ ਹੈ।’ ਸ੍ਰੀ ਪਾਠਕ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਪੇਸ਼ੇਵਰ ਵਿਸ਼ਲੇਸ਼ਣ ਕਰਨ ਤੋਂ ਬਾਅਦ 308 ਪਾਕਿਸਤਾਨ ਆਧਾਰਿਤ ਟਵਿੱਟਰ ਹੈਂਡਲਰਾਂ ਦੀ ਪਛਾਣ ਕਰ ਕੇ ਉਨ੍ਹਾਂ ’ਤੇ ਰੋਕ ਲਗਾ ਦਿੱਤੀ ਹੈ।
ਹੁੱਲੜਬਾਜ਼ ਔਰਤ ਪੁਲੀਸ ਹਵਾਲੇ ਕੀਤੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਇਥੇ ਟਿਕਰੀ ਬਾਰਡਰ ਉੱਤੇ ਬੀਤੀ ਰਾਤ ਕਥਿਤ ਤੌਰ ’ਤੇ ਨਸ਼ੇੜੀ ਹੁੱਲੜਬਾਜ਼ ਔਰਤ ਨੂੰ ਫੜ ਕੇ ਦਿੱਲੀ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ। ਇਸ 50 ਸਾਲਾਂ ਦੀ ਔਰਤ ਦੀ ਪਛਾਣ ਦਿੱਲੀ ਦੇ ਜੀਂਦਪੁਰ ਦੀ ਕੀਰਤੀ ਵਜੋਂ ਹੋਈ ਹੈ, ਜੋ ਮਾਨਸਿਕ ਤੌਰ ਤੇ ਪ੍ਰੇਸ਼ਾਨ ਲੱਗ ਰਹੀ ਸੀ।
‘ਟਰੈਕਟਰਾਂ ’ਚ ਡੀਜ਼ਲ ਨਾ ਪਾਉਣ ਦੇਣਾ ਕੋਰੀ ਅਫ਼ਵਾਹ’
ਨਵੀਂ ਦਿੱਲੀ (ਪੱਤਰ ਪ੍ਰੇਰਕ): ਮੀਡੀਆ ਰਿਪੋਰਟਾਂ ਮੁਤਾਬਕ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਾਜ਼ੀਪੁਰ ਦੇ ਇਲਾਕੇ ਵਿੱਚ ਪੈਂਦੇ ਪੈਟਰੋਲ ਪੰਪਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਟਰੈਕਟਰਾਂ ਵਿੱਚ ਅਤੇ ਬੋਤਲਾਂ ਵਿੱਚ ਡੀਜ਼ਲ ਨਾ ਪਾਉਣ। ਸੋਸ਼ਲ ਮੀਡੀਆ ’ਤੇ ਅਜਿਹੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਸਨ ਪਰ ਗਾਜ਼ੀਪੁਰ ਦੇ ਇੱਕ ਪੈਟਰੋਲ ਪੰਪ ਤੋਂ ਕਿਸਾਨ ਆਗੂ ਅਵਤਾਰ ਸਿੰਘ ਨੇ ਪੁਸ਼ਟੀ ਕੀਤੀ ਕਿ ਅਜਿਹਾ ਕੁਝ ਵੀ ਨਹੀਂ ਹੈ। ਉੱਥੇ ਹਰੇਕ ਗੱਡੀ ਵਿੱਚ ਪੈਟਰੋਲ/ਡੀਜ਼ਲ ਪਾਇਆ ਜਾ ਰਿਹਾ ਸੀ। ਉੱਧਰ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ’ਚ ਤਾਂ ਅਜਿਹੀ ਕੋਈ ਗੱਲ ਨਹੀਂ ਸੁਣੀ ਗਈ ਤੇ ਹਰੇਕ ਪੈਟਰੋਲ ਪੰਪ ਤੋਂ ਟਰੈਕਟਰਾਂ ਲਈ ਡੀਜ਼ਲ ਮਿਲ ਰਿਹਾ ਹੈ। ਕਿਸਾਨਾਂ ਮੁਤਾਬਕ ਜੇਕਰ ਅਜਿਹਾ ਹੋਣ ਦਾ ਪਤਾ ਲੱਗਦਾ ਹੈ ਤਾਂ ਇਸ ਦੇ ਵੀ ਢੁੱਕਵੇਂ ਤੇ ਬਦਲਵੇਂ ਬੰਦੋਬਸਤ ਕੀਤੇ ਜਾ ਸਕਦੇ ਹਨ।
ਕਿਸਾਨ ਮੋਰਚੇ ਨੇ ਹੰਗਾਮੀ ਹਾਲਤ ਲਈ ਕੀਤੇ ਪ੍ਰਬੰਧ
ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਹਰ ਕਿਸਮ ਦੀ ਹੰਗਾਮੀ ਹਾਲਾਤ ਲਈ ਪ੍ਰਬੰਧ ਕੀਤੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਅਫਵਾਹ ਵੱਲ ਧਿਆਨ ਨਾ ਦੇਣ ਤੇ ਕੋਈ ਵੀ ਜਾਣਕਾਰੀ ਲਈ ਤਾਂ ਫੇਸਬੁੱਕ ’ਤੇ ‘ਯੂਨਾਈਟਿਡ ਫਾਰਮਰਜ਼ ਫਰੰਟ’ ਦੇ ਪੇਜ ’ਤੇ ਜਾ ਕੇ ਸੱਚਾਈ ਦੀ ਜਾਂਚ ਕਰਨ। ਉਨ੍ਹਾਂ ਕਿਹਾ ਕਿ ਪਰੇਡ ਵਿਚ ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਮੈਡੀਕਲ ਐਮਰਜੈਂਸੀ ਲਈ ਹੈਲਪਲਾਈਨ ਨੰਬਰ ’ਤੇ ਫੋਨ ਕੀਤਾ ਜਾ ਸਕਦਾ ਹੈ ਜਾਂ ਨੇੜਲੇ ਵਲੰਟੀਅਰ ਤੋਂ ਮਦਦ ਲਈ ਜਾ ਸਕਦੀ ਹੈ।
ਦਿੱਲੀ ਪੁਲੀਸ ਨੇ ਬੈਰੀਕੇਡ ਹਟਾਉਣੇ ਸ਼ੁਰੂ ਕੀਤੇ
ਝੱਜਰ (ਰਵਿੰਦਰ ਸੈਣੀ): ਗਣਤੰਤਰ ਦਿਵਸ ਤੋਂ ਦੋ ਦਿਨ ਪਹਿਲਾਂ ਦਿੱਲੀ ਪੁਲੀਸ ਨੇ ਕਿਸਾਨਾਂ ਦੀ ਟਰੈਕਟਰ ਪਰੇਡ ਲਈ ਐਤਵਾਰ ਨੂੰ ਬੈਰੀਕੇਡਿੰਗ ਹਟਾਉਣੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਕਰੇਨਾਂ ਦੀ ਮਦਦ ਨਾਲ ਟਿਕਰੀ ਬਾਰਡਰ ਤੋਂ ਭਾਰੇ ਪੱਥਰ ਹਟਾ ਕੇ ਦਿੱਲੀ-ਰੋਹਤਕ ਸੜਕ ਆਵਾਜਾਈ ਲਈ ਖੋਲ੍ਹ ਦਿੱਤੀ ਹੈ। ਪੁਲੀਸ ਨੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਕੌਮੀ ਰਾਜਧਾਨੀ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਦੋ ਮਹੀਨੇ ਪਹਿਲਾਂ ਭਾਰੇ ਪੱਥਰ, ਰੇਤੇ ਨਾਲ ਭਰੇ ਟਰਾਲੇ ਅਤੇ ਕੰਡਿਆਲੀ ਤਾਰ ਲਾ ਕੇ ਰਸਤੇ ਬੰਦ ਕਰ ਦਿੱਤੇ ਸਨ। ਪੁਲੀਸ ਨੇ ਰੇਤੇ ਨਾਲ ਭਰੇ ਡੰਪ ਵੀ ਹਟਾ ਦਿੱਤੇ ਹਨ। ਹਾਲਾਂਕਿ ਬਾਰਡਰ ਤੋਂ ਦੋ-ਪਰਤੀ ਸਾਧਾਰਨ ਬੈਰੀਕੇਡਿੰਗ ਨੂੰ ਹਟਾਇਆ ਜਾਣਾ ਬਾਕੀ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਪੁਰਸ਼ੋਤਮ ਸਿੰਘ ਗਿੱਲ ਨੇ ਕਿਹਾ ਕਿ ਦਿੱਲੀ ਪੁਲੀਸ ਨੇ 26 ਜਨਵਰੀ ਤੋਂ ਪਹਿਲਾਂ ਟਰੈਕਟਰ ਪਰੇਡ ਲਈ ਬੈਰੀਕੇਡ ਪੂਰੀ ਤਰ੍ਹਾਂ ਹਟਾਉਣ ਦਾ ਭਰੋਸਾ ਦਿੱਤਾ ਹੈ।