ਜੋਗਿੰਦਰ ਸਿੰਘ ਮਾਨ/ਬਹਾਦਰ ਸਿੰਘ ਮਰਦਾਂਪੁਰ
ਮਾਨਸਾ/ਰਾਜਪੁਰਾ, 27 ਅਕਤੂਬਰ
ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ’ਤੇ ਸ਼ੰਭੂ ਰੇਲਵੇ ਸਟੇਸ਼ਨ ਨੇੜੇ ਕਿਸਾਨ ਜਥੇਬੰਦੀਆਂ ਦਾ ਧਰਨਾ ਪੰਜਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਗੁਰਬਖਸ਼ ਸਿੰਘ ਬਲਬੇੜਾ, ਰਣਜੀਤ ਸਿੰਘ ਮਰਦਾਂਪੁਰ, ਹਜੂਰਾ ਸਿੰਘ, ਪਵਨ ਕੁਮਾਰ ਸੋਗਲਪੁਰ ਅਤੇ ਸੁਖਵਿੰਦਰ ਸਿੰਘ ਸਮਾਣਾ ਸਮੇਤ ਹੋਰ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ। ਇਸ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਲਈ ਮਾਲ ਗੱਡੀਆਂ ਰੋਕੀਆਂ ਹੋਈਆਂ ਹਨ, ਪਰ ਮਾਨਸਾ ਨੇੜੇ ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਨੂੰ ਜਾਂਦੀਆਂ ਰੇਲ ਪਟੜੀਆਂ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਦਿਨ-ਰਾਤ ਦਾ ਧਰਨਾ ਜਾਰੀ ਹੈ। ਜਥੇਬੰਦੀ ਵੱਲੋਂ ਇਹ ਧਰਨਾ ਮੋਦੀ ਸਰਕਾਰ ਵੱਲੋਂ ਨਿੱਜੀ ਖੇਤਰ ਨੂੰ ਉਤਸ਼ਾਹਿਤ ਕਰਨ ਅਤੇ ਸਰਕਾਰੀ ਅਦਾਰਿਆਂ ਦੀ ਸੰਘੀ ਘੁੱਟਣ ਦੇ ਵਿਰੋਧ ਵਜੋਂ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਥੇਬੰਦੀ ਨੇ ਸਰਕਾਰ ਦੇ ਨਾਲ-ਨਾਲ ਕਾਰਪੋਰੇਟ ਘਰਾਣਿਆਂ ਦੇ ਖ਼ਿਲਾਫ਼ ਵੀ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ।
ਥਰਮਲ ਪਲਾਂਟ ਨੂੰ ਜਾਂਦੀਆਂ ਰੇਲ ਪਟੜੀਆਂ ‘ਤੇ ਲਾਏ ਧਰਨੇ ਦੌਰਾਨ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮਲਕੀਤ ਸਿੰਘ ਕੋਟਧਰਮੂ ਨੇ ਕਿਹਾ ਕਿ ਮੋਦੀ ਹਕੂਮਤ ਕਿਸਾਨੀ ਨੂੰ ਖਤਮ ਕਰਕੇ ਖੇਤੀ ਦਾ ਸਾਰਾ ਕਾਰੋਬਾਰ ਅਡਾਨੀਆਂ ਤੇ ਅੰਬਾਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਉਧਰ ਤਾਪ ਘਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਥਰਮਲ ਪਲਾਂਟ ਅੱਧੀ ਰਾਤ ਤੱਕ ਕਿਸੇ ਵੇਲੇ ਵੀ ਬੰਦ ਹੋ ਸਕਦਾ ਹੈ ਅਤੇ ਇਸ ਦੀ ਬਿਜਲੀ ਪੈਦਾ ਕਰਨ ਦੀ ਸਮਰੱਥਾ ਕੋਲੇ ਦੀ ਘਾਟ ਕਾਰਨ ਬੇਹੱਦ ਕਮਜ਼ੋਰ ਹੋ ਗਈ ਹੈ।
ਇਸ ਦੌਰਾਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿੰਡ ਨਲਾਸ ਨੇੜਲੇ ਨਾਭਾ ਥਰਮਲ ਪਲਾਂਟ ਨੂੰ ਜਾਂਦੀ ਰੇਲ ਪਟੜੀ ’ਤੇ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਪੱਕਾ ਮੋਰਚਾ ਅੱਜ ਚੌਥੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਮਨਜੀਤ ਸਿੰਘ ਨਿਆਲ, ਜਸਵੰਤ ਸਿੰਘ ਸਦਰਪੁਰ, ਕਰਨੈਲ ਸਿੰਘ ਲੰਗ, ਹਰਵਿੰਦਰ ਸਿੰਘ ਚੌਲਟੀ ਖੇੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਸਿਰਫ ਸਰਕਾਰੀ ਥਰਮਲ ਪਲਾਂਟਾਂ ਨੂੰ ਕੋਲੇ ਦੀ ਸਪਲਾਈ ਕਰਨ ਲਈ ਰੇਲਵੇ ਲਾਈਨਾਂ ਤੋਂ ਧਰਨੇ ਦੀ ਛੋਟ ਦਿੱਤੀ ਹੈ। ਸੂਬੇ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਵੇਚਣ ਵਾਲੇ ਕਾਰਪੋਰੇਟ (ਪ੍ਰਾਈਵੇਟ) ਥਰਮਲ ਪਲਾਂਟਾਂ ਵਿੱਚ ਉਹ ਕੋਲੇ ਦੀ ਸਪਲਾਈ ਨਹੀਂ ਹੋਣ ਦੇਣਗੇ।ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਰੋਕ ਕੇ ਕਿਸਾਨਾਂ ਦੇ ਸੰਘਰਸ਼ ਨੁੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਕਿਸਾਨ ਵਿਰੋਧੀ ਖੇਤੀ ਕਾਨੂੰਨ ਰੱਦ ਨਹੀਂ ਕਰਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।