ਆਤਿਸ਼ ਗੁਪਤਾ
ਚੰਡੀਗੜ੍ਹ, 12 ਦਸੰਬਰ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਬਾਰਡਰ ’ਤੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਕਿਸਾਨਾਂ ਨੇ ਹਰਿਆਣਾ ਦੇ ਟੌਲ ਪਲਾਜ਼ਿਆਂ ’ਤੇ ਵੀ ਕਬਜ਼ਾ ਕਰ ਕੇ ਮੁਫ਼ਤ ਕਰਵਾ ਦਿੱਤੇ ਹਨ। ਹੁਣ ਉੱਥੋਂ ਲੰਘਣ ਵਾਲੇ ਵਾਹਨਾਂ ਨੂੰ ਬਿਨਾਂ ਪਰਚੀ ਤੋਂ ਲੰਘਣ ਦਿੱਤਾ ਜਾ ਰਿਹਾ ਹੈ। ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਪਿਛਲੇ ਤਿੰਨ ਮਹੀਨਿਆਂ ਤੋਂ ਟੌਲ ਪਲਾਜ਼ਿਆਂ ’ਤੇ ਕਬਜ਼ੇ ਕਰਕੇ ਧਰਨੇ ਦਿੱਤੇ ਜਾ ਰਹੇ ਹਨ, ਜਿੱਥੋਂ ਲੰਘਣ ਵਾਲੇ ਕਿਸੇ ਵਾਹਨ ਤੋਂ ਟੌਲ ਨਹੀਂ ਵਸੂਲਿਆ ਜਾਂਦਾ ਹੈ। ਦੂਜੇ ਪਾਸੇ, ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਦਾ ਸੱਦਾ ਦਿੱਤੇ ਜਾਣ ਤੋਂ ਬਾਅਦ ਹਰਿਆਣਾ ਸਰਕਾਰ ਨੇ ਢਾਬੀ-ਗੁੱਜਰਾਂ ਨੇੜੇ ਸੜਕਾਂ ’ਤੇ ਵੱਡੇ ਪੱਥਰ ਰੱਖ ਕੇ ਰੁਕਾਵਟਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਕਿਸਾਨਾਂ ਨੇ ਇਹ ਰੁਕਾਵਟਾਂ ਕੁਝ ਹੀ ਸਮੇਂ ਵਿੱਚ ਹੀ ਹਟਾ ਦਿੱਤੀਆਂ।ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਰਤਨ ਮਾਨ, ਮਲਕੀਤ ਸਿੰਘ, ਮਨੀਸ਼ ਚੌਧਰੀ ਸਣੇ ਹੋਰਨਾਂ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਨੇ ਸਵੇਰੇ ਹੀ ਕੁਝ ਟੌਲ ਪਲਾਜ਼ਿਆਂ ਦਾ ਘਿਰਾਓ ਕਰਕੇ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਸਨ। ਇਸ ਦੌਰਾਨ ਨੈਸ਼ਨਲ ਹਾਈਵੇਅ ਸਥਿਤ ਬਸਤਕ ਟੌਲ ਪਲਾਜ਼ਾ, ਪਾਣੀਪਤ, ਸੋਨੀਪਤ, ਭਿਵਾਨੀ, ਰੋਹਤਕ ਅਤੇ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਟੌਲ ਪਲਾਜ਼ਿਆਂ ’ਤੇ ਕਬਜ਼ਾ ਕਰ ਲਿਆ ਹੈ। ਟੌਲ ਪਲਾਜ਼ਾ ਅਧਿਕਾਰੀਆਂ ਨੇ ਕਿਸਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪ੍ਰੰਤੂ ਕਿਸਾਨਾਂ ਨੇ ਟੌਲ ਪਲਾਜ਼ਿਆਂ ਤੋਂ ਬਿਨਾਂ ਪਰਚੀ ਮੁਫ਼ਤ ਆਵਾਜਾਈ ਸ਼ੁਰੂ ਕਰਵਾ ਦਿੱਤੀ ਹੈ। ਕਿਸਾਨਾਂ ਦੇ ਸੰਘਰਸ਼ ਦੇ ਮੱਦੇਨਜ਼ਰ ਹਰਿਆਣਾ ਪੁਲੀਸ ਨੇ ਸੂਬੇ ਦੇ ਟੌਲ ਪਲਾਜ਼ਿਆਂ ’ਤੇ ਵੱਡੀ ਗਿਣਤੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਹਨ। ਕਿਸਾਨ ਆਗੂ ਰਤਨ ਮਾਨ ਨੇ ਕਿਹਾ ਕਿ 14 ਦਸੰਬਰ ਨੂੰ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਨਾਲ ਹੀ ਜ਼ਿਲ੍ਹਾ ਪੱਧਰ ’ਤੇ ਹੈੱਡਕੁਆਰਟਰਾਂ ਦਾ ਘਿਰਾਓ ਕੀਤਾ ਜਾਵੇਗਾ।