ਪਾਲ ਸਿੰਘ ਨੌਲੀ/ਹਤਿੰਦਰ ਮਹਿਤਾ
ਜਲੰਧਰ/ਆਦਮਪੁਰ ਦੋਆਬਾ, 12 ਸਤੰਬਰ
ਇੱਥੇ ਅੱਜ ਕਿਸਾਨਾਂ ਨੇ ਭਾਜਪਾ ਆਗੂ ਪੰਜਾਬ ਦੇ ਬੁਲਾਰੇ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਦਾ ਜਲੰਧਰ ਪਹੁੰਚਣ ’ਤੇ ਡਟ ਕੇ ਵਿਰੋਧ ਕੀਤਾ ਜਿਸ ਦੌਰਾਨ ਕਿਸਾਨਾਂ ਤੇ ਪੁਲੀਸ ਵਿਚਾਲੇ ਝੜਪ ਵੀ ਹੋਈ। ਇਸ ਮੌਕੇ ਹੋਈ ਖਿੱਚ-ਧੂਹ ’ਚ ਕੁਝ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਐਡਵੋਕੇਟ ਹਰਿੰਦਰ ਸਿੰਘ ਕਾਹਲੋਂ ਭਾਜਪਾ ਪੰਜਾਬ ਦੇ ਬੁਲਾਰੇ ਬਣਨ ਮਗਰੋਂ ਪਹਿਲੀ ਵਾਰ ਜਲੰਧਰ ਆਏ ਸਨ। ਉਨ੍ਹਾਂ ਦੇ ਸੁਆਗਤ ਲਈ ਭਾਜਪਾ ਵਰਕਰਾਂ ਨੇ ਜਲੰਧਰ ਦੇ ਸ਼ੀਤਲਾ ਮਾਤਾ ਮੰਦਿਰ ਵਿੱਚ ਸਥਿਤ ਭਾਜਪਾ ਦੇ ਦਫ਼ਤਰ ਵਿੱਚ ਸਮਾਗਮ ਰੱਖਿਆ ਸੀ। ਭਾਜਪਾ ਦੇ ਇਸ ਸਮਾਗਮ ਦੀ ਭਿਣਕ ਪੈਂਦਿਆਂ ਹੀ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕਾਰਕੁਨ ਭਾਜਪਾ ਆਗੂ ਦੇ ਘਿਰਾਓ ਲਈ ਪੁੱਜ ਗਏ। ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪੁਲੀਸ ਨੇ ਭਾਜਪਾ ਆਗੂ ਦੇ ਸਮਾਗਮ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਕੁਝ ਕਿਸਾਨ ਪੁਲੀਸ ਦੀਆਂ ਰੋਕਾਂ ਅਤੇ ਬੈਰੀਕੇਡ ਤੋੜ ਕੇ ਭਾਜਪਾ ਦੇ ਦਫ਼ਤਰ ਅੱਗੇ ਪਹੁੰਚ ਗਏ ਪਰ ਪੁਲੀਸ ਨੇ ਸਮਾਗਮ ਵਾਲੀ ਜਗ੍ਹਾ ਪਹੁੰਚਣ ਤੋਂ ਪਹਿਲਾਂ ਨੂੰ ਕਿਸਾਨਾਂ ਨੂੰ ਰੋਕ ਲਿਆ ਅਤੇ ਵਾਪਸ ਭੇਜ ਦਿੱਤਾ। ਇਸ ਦੌਰਾਨ ਮਹਿਲਾ ਪੁਲੀਸ ਦੀ ਗ਼ੈਰ ਮੌਜੂਦਗੀ ’ਚ ਜਦੋਂ ਪੁਲੀਸ ਮੁਲਾਜ਼ਮ ਅੱਗੇ ਵੱਧ ਰਹੀਆਂ ਕਿਸਾਨ ਬੀਬੀਆਂ ਨੂੰ ਰੋਕਣ ਲਈ ਧੱਕੇ ਮਾਰਨ ਲੱਗੇ, ਤਾਂ ਇਸ ’ਤੇ ਪ੍ਰਦਰਸ਼ਨਕਾਰੀਆਂ ਨੇ ਸਖ਼ਤ ਇਤਰਾਜ਼ ਜਤਾਇਆ। ਇਸ ਮਗਰੋਂ ਪੁਲੀਸ ਅਧਿਕਾਰੀਆਂ ਨੇ ਗਲਤੀ ਮੰਨਦਿਆਂ ਮੌਕੇ ’ਤੇ ਮਹਿਲਾ ਪੁਲੀਸ ਬੁਲਾਈ। ਇਸ ਦੌਰਾਨ ਕਿਸਾਨਾਂ ਅਤੇ ਪੁਲੀਸ ਵਿਚਾਲੇ ਹੱਥੋ-ਪਾਈ ਵੀ ਹੋਈ, ਜਿਸ ਕਾਰਨ ਕਈ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ। ਸਥਿਤੀ ਤਣਾਅਪੂਰਨ ਹੋਣ ’ਤੇ ਕਿਸਾਨ ਅਤੇ ਪੁਲੀਸ ਵਿਚਾਲੇ ਤਿੱਖੀ ਬਹਿਸ ਵੀ ਹੋਈ। ਕਿਸਾਨ ਭਾਜਪਾ ਆਗੂ ਦਾ ਪ੍ਰੋਗਰਾਮ ਰੱਦ ਕਰਵਾਉਣ ਦੀ ਮੰਗ ’ਤੇ ਅੜੇ ਰਹੇ। ਪੁਲੀਸ ਅਧਿਕਾਰੀਆਂ ਨੇ ਬੜੀ ਮੁਸ਼ਕਲ ਨਾਲ ਸਥਿਤੀ ’ਤੇ ਕਾਬੂ ਪਾਇਆ। ਇਸ ਮੌਕੇ ਕਿਸਾਨਾਂ ਨੇ ਪੁਲੀਸ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂ ਅਮਰਜੀਤ ਸਿੰਘ ਜੰਡਿਆਲਾ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿੱਢਿਆ ਸਾਲ ਹੋ ਚੱਲਿਆ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਖੇਤੀ ਕਾਨੂੰਨ ਰੱਦ ਹੋਣ ਤੱਕ ਕਿਸਾਨ ਇਲਾਕੇ ਵਿੱਚ ਕਿਤੇ ਵੀ ਭਾਜਪਾ ਦਾ ਕੋਈ ਸਮਾਗਮ ਨਹੀਂ ਹੋਣ ਦੇਣਗੇ। ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਆਗੂ ਨੂੰ ਆਪਣਾ ਸਮਾਗਮ ਕਾਹਲੀ ਵਿੱਚ ਸਮੇਟ ਕੇ ਉੱਥੋਂ ਜਾਣਾ ਪਿਆ।